ਮੌੜ ਮੰਡੀ, 25 ਨਵੰਬਰ- ਬਰਗਾੜੀ ਮੋਰਚੇ ਵਿਚ ਸ਼ਾਮਲ ਹੋਣ ਲਈ ਪਿੰਡ ਕੁਲਰੀਆਂ ਤੋਂ ਸੰਗਤ ਨਾਲ ਭਰੀ ਇਕ ਪ੍ਰਾਈਵੇਟ ਸਕੂਲ ਸ਼ਿਵਾਲਕ ਵਟਿਕਾ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਦੀ ਮਿੰਨੀ ਬੱਸ ਅੱਜ ਸਵੇਰ ਮੌੜ ਕਲਾਂ ਅਤੇ ਪਿੰਡ ਘੁੰਮਣ ਕਲਾਂ ਵਿਚਕਾਰ ਬਠਿੰਡਾ ਮਾਨਸਾ ਰੋਡ ਤੇ ਇਕ ਸਕੂਲ ਵਾਲੀ ਮਿੰਨੀ ਬੱਸ ਦੇ ਬੇਕਾਬੂ ਹੋ ਕੇ ਦਰਖਤ ਨਾਲ ਟਕਰਾ ਗਈ ਇਸ ਮਿੰਨੀ ਬੱਸ ਵਿਚ ਸਵਾਰ 27 ਵਿਅਕਤੀਆਂ ਜਿੰਨ੍ਹਾਂ ਵਿਚ ਕੁਝ ਔਰਤਾਂ ਦੇ ਜਖਮੀ ਜੋ ਜਾਣ ਦਾ ਸਮਾਚਾਰ ਹੈ। ਹਾਦਸੇ ਵਾਲੀ ਜਗ੍ਹਾ ਤੇ ਇਕੱਤਰ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਕੁਲਰੀਆਂ ਜਿਲ੍ਹਾ ਮਾਨਸਾ ਤੋਂ ਇਕ ਮਿੰਨੀ ਬੱਸ ਨੰ:ਪੀ.ਬੀ 1 ਬੀ ਆਰ 8368 ਬਰਗਾੜੀ ਵਿਖੇ ਚੱਲ ਰਹੇ ਮੋਰਚੇ ਵਿਚ ਸ਼ਾਮਲ ਹੋਣ ਲਈ ਜਾ ਰਹੀ ਸੀ ਤਾਂ ਪਿੰਡ ਘੁੰਮਣ ਕਲਾਂ ਅਤੇ ਮੌੜ ਕਲਾਂ ਦੇ ਵਿਚਕਾਰ ਇਹ ਬੱਸ ਅਚਾਨਕ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਖੜੀ ਇਕ ਕਿੱਕਰ ਨਾਲ ਜਾ ਟਕਰਾਈ ਤਾਂ ਕਿੱਕਰ ਜੜ੍ਹ ਤੋਂ ਹੀ ਪੁੱਟੀ ਗਈ। ਇਸ ਹਾਦਸੇ ਦਾ ਪਤਾ ਲਗਦਿਆਂ ਘੁੰਮਣ ਕਲਾਂ, ਮੌੜ ਕਲਾਂ ਦੇ ਲੋਕਾਂ ਤੋਂ ਇਲਾਵਾ ,ਸਹਾਰਾ ਕਲੱਬ,ਕੈਮਿਸਟ ਐਸ਼ੋਸ਼ੀਏਸ਼ਨ ,ਦਸ਼ਮੇਸ਼ ਕਲੱਬ ਅਤੇ ਹੋਰ ਸਮਾਜਿਕ ਸੰਸਥਾਵਾਂ ਦੇ ਵਰਕਰਾਂ ਨੇ ਮੌਕੇ ਤੇ ਪੁੱਜ ਕੇ ਜਖਮੀਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ। ਮੌੜ ਪੁਲਿਸ ਮੁਖੀ ਦਲਵੀਰ ਸਿੰਘ ਵੀ ਮੌਕੇ ਤੇ ਪੁੱਜੇ।ਉਨ੍ਹਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਘੁੰਮਣ ਕਲਾਂ ਵਿਖੇ ਹੀ ਗੁਰੁ ਘਰ ਵਿਚ ਇਕ ਪਾਠ ਦੇ ਭੋਗ ਮੌਕੇ ਹਾਜ਼ਰੀ ਲਗਵਾਉਣ ਆਏ ਸਨ ਜਦ ਘਟਨਾ ਦਾ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ ਤੇ ਪੁੱਜੇ। ਉਨ੍ਹਾਂ ਕਿਹਾ ਕਿ ਕਾਫੀ ਵਿਅਕਤੀਆਂ ਜਿੰਨ੍ਹਾਂ ਵਿਚ ਕੁਝ ਔਰਤਾਂ ਵੀ ਹਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਪਰ ਉਨ੍ਹਾਂ ਨੂੰ ਜਿੰਨ੍ਹਾਂ ਜਲਦੀ ਹੋ ਸਕਿਆ ਵੱਖ ਵੱਖ ਹਸਪਤਾਲਾਂ ਵਿਚ ਭੇਜਿਆ ਗਿਆ ਹੈ । ਇੰਨ੍ਹਾਂ ਜਖਮੀਆਂ ਵਿਚੋਂ ਕੁਝ ਨੂੰ ਸਿਵਲ ਹਸਪਤਾਲ ਬਠਿੰਡਾ, ਸਿਵਲ ਹਸਪਤਾਲ ਮਾਨਸਾ ਅਤੇ ਸਿਵਲ ਹਸਪਤਾਲ ਮੌੜ ਮੰਡੀ ਵਿਖੇ ਭਰਤੀ ਕਰਵਾਇਆ ਗਿਆ ਹੈ।ਸਿਵਲ ਹਸਪਤਾਲ ਮੌੜ ਵਿਖੇ ਸੁਖਦੇਵ ਸਿੰਘ ਪੁੱਤਰ ਲੀਲਾ ਸਿੰਘ ,ਗੁਰਤੇਜ ਸਿੰਘ , ਬਲਵੀਰ ਸਿੰਘ, ਜਸਵਿੰਦਰ ਕੌਰ ਪਤਨੀ ਗੁਰਮੀਤ ਸਿੰਘ, ਰਮੇਸ਼ ਸਿੰਘ ਵਾਸੀ ਮੰਡੇਰ, ਗੁਰਨਾਮ ਸਿੰਘ, ਗੁਰਲਾਲ ਸਿੰਘ, ਬਿੰਦਰ ਸਿੰਘ, ਜੁਗਿੰਦਰ ਸਿੰਘ, ਮਹਿੰਦਰ ਸਿੰਘ, ਰਾਜਵੀਰ ਕੌਰ, ਰਾਜ ਕੌਰ ਆਦਿ ਭਰਤੀ ਕਰਵਾਏ ਗਏ ਸਨ ਪਰ ਬਾਅਦ ਦੁਪਹਿਰ ਸਾਰਿਆਂ ਨੂੰ ਹੀ ਸਿਵਲ ਹਸਪਤਾਲ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਹੈ।
ਬਰਗਾੜੀ ਮੋਰਚੇ ’ਚ ਜਾ ਰਹੀ ਸੰਗਤ ਦੀ ਮਿੰਨੀ ਬੱਸ ਘੁੰਮਣ ਕਲਾਂ ਕੋਲ ਹਾਦਸਾ ਗ੍ਰਸਤ-27 ਜ਼ਖਮੀ



