Skip to content
Independent perspectives. Global stories.
BREAKING

ਚੋਰਾਂ ਨੇ ਸੁੰਨੇ ਘਰ ਨੂੰ ਨਿਸ਼ਾਨਾ ਬਣਾ 10 ਹਜ਼ਾਰ ਨਕਦੀ ਸਮੇਤ ਢਾਈ ਲੱਖ ਦੇ ਗਹਿਣਿਆਂ ’ਤੇ ਕੀਤਾ ਹੱਥ ਸਾਫ਼

Share this story

ਮੋਰਿੰਡਾ, 25 ਨਵੰਬਰ (ਹਰਜਿੰਦਰ ਸਿੰਘ ਛਿੱਬਰ)- ਬੀਤੀ ਰਾਤ ਚੋਰਾਂ ਨੇ ਸਥਾਨਕ ਸ਼ਹਿਰ ਦੇ ਸੰਤ ਨਗਰ ’ਚ ਸੁੰਨੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ਸਮੇਤ ਢਾਈ ਲੱਖ ਦੇ ਗਹਿਣਿਆਂ ’ਤੇ ਹੱਥ ਸਾਫ਼ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜ੍ਹਤ ਪਰਿਵਾਰਕ ਮੈਂਬਰਾਂ ਜਗੀਰ ਕੌਰ ਪਤਨੀ ਸਵ. ਇੰਦਰ ਸਿੰਘ ਅਤੇ ਉਸ ਦੇ ਸਪੁੱਤਰ ਹਾਕਮ ਸਿੰਘ ਨੇ ਦੱਸਿਆ ਕਿ ਉਹ 23 ਨਵੰਬਰ ਨੂੰ ਰੋਪੜ ਵਿਆਹ ਗਏ ਹੋਏ ਸਨ। ਬੀਤੇ ਕੱਲ੍ਹ 24 ਨਵੰਬਰ ਨੂੰ ਵੀ ਉਹ ਅਪਣੇ ਘਰ ਗੇੜ੍ਹਾ ਮਾਰ ਕੇ ਗਏ ਸਨ ਅਤੇ ਉਦੋਂ ਤੱਕ ਸਭ ਕੁਝ ਠੀਕ ਸੀ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਹ ਘਰ ਬੈਗ ਰੱਖਣ ਲਈ ਆਏ ਤਾਂ ਘਰ ਦੇ ਮੇਨ ਗੇਟ ਨੂੰ ਤਾਲਾ ਲੱਗਿਆ ਹੋਇਆ ਸੀ ਜਦਕਿ ਅੰਦਰ ਘਰ ਦੇ ਸਾਰੇ ਕਮਰਿਆ ਦੇ ਤਾਲੇ ਟੁੱਟੇ ਹੋਏ ਸਨ। ਹਾਕਮ ਸਿੰਘ ਨੇ ਦੱਸਿਆ ਕਿ ਹਾਲੇ ਕੁਝ ਸਮਾਂ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ ਅਤੇ ਉਸਦੀ ਘਰ ਵਾਲੀ ਦੇ ਸਾਰੇ ਗਹਿਣੇ ਅਤੇ ਕਾਰਬਨ ਕੰਪਨੀ ਦਾ ਮੋਬਾਇਲ ਫੋਨ ਅਤੇ ਅਲਮਾਰੀ ’ਚ ਰੱਖੇ ਕਰੀਬ ਦੱਸ ਹਜ਼ਾਰ ਰੁਪਏ ਦੀ ਨਕਦੀ ਨੂੰ ਚੋਰਾਂ ਨੇ ਬੀਤੀ ਰਾਤ ਚੋਰੀ ਕਰ ਲਿਆ। ਪੀੜ੍ਹਤਾਂ ਨੇ ਕੁੱਲ ਢਾਈ ਲੱਖ ਰੁਪਏ ਦਾ ਨੁਕਸਾਨ ਦੱਸਦੇ ਹੋਏ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਕਾਬੂ ਕਰਕੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਦੂਜੇ ਪਾਸੇ ਜਦੋਂ ਬਹੁਜਨ ਸਮਾਜ ਪਾਰਟੀ ਦੇ ਆਗੂ ਕੇਸਰ ਸਿੰਘ ਨੇ ਪੁਲਿਸ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ’ਤੇ ਕਿੰਤੂ ਕਰਦਿਆਂ ਕਿਹਾ ਕਿ ਮੋਰਿੰਡਾ ਸ਼ਹਿਰ ’ਚ ਕੁਝ ਸਮੇਂ ਵਿੱਚ ਹੀ ਕਈ ਚੋਰੀਆਂ ਹੋ ਚੁੱਕੀਆਂ ਹਨ ਜਿਨ੍ਹਾਂ ਦਾ ਸੁਰਾਗ ਲਗਾਉਣ ’ਚ ਪੁਲਿਸ ਅਸਫ਼ਲ ਹੀ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਤੋਂ ਸ਼ਹਿਰ ’ਚ ਪੁਲਿਸ ਦੀ ਗਸ਼ਤ ਅਤੇ ਨਫ਼ਰੀ ਵਧਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦੋਂ ਸਿਟੀ ਪੁਲਿਸ ਥਾਣਾ ਮੋਰਿੰਡਾ ਮੁੱਖੀ ਇੰਸਪੈਕਟਰ ਹਰਕੀਰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੌਕੇ ’ਤੇ ਜਾ ਕੇ ਘਟਨਾ ਸਬੰਧੀ ਜਾਣਕਾਰੀ ਇਕੱਤਰ ਕਰਕੇ ਜਲਦ ਹੀ ਚੋਰਾਂ ਦੀ ਭਾਲ ਕੀਤੀ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਪਣੇ ਘਰਾਂ ਨੂੰ ਸੁੰਨੇ ਛੱਡ ਕੇ ਜਾਣ ਸਮੇਂ ਅਪਣੇ ਗਵਾਂਢੀਆਂ ਨੂੰ ਜਰੂਰ ਦੱਸ ਕੇ ਜਾਇਆ ਕਰੋ।

WRITTEN BY