June 18, 2026 2:57 am

ਕਾਂਗਰਸ ਨੇ ਆਟਾ-ਦਾਲ ਸਕੀਮ ਖਿਲਾਫ ਸ਼ਿਕਾਇਤ ਕਰਕੇ ਗਰੀਬਾਂ ਦੇ ਮੂੰਹ ’ਚੋਂ ਰੋਟੀ ਖੋਹਣ ਦਾ ਯਤਨ ਕੀਤਾ : ਸੁਖਬੀਰ

ਚੰਡੀਗੜ੍ਹ, 27 ਮਾਰਚ (ਵਿਸ਼ਵ ਵਾਰਤਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਦੀ ਆਲੋਚਨਾ ਕਰਦਿਆਂ ਆਖਿਆ ਹੈ ਕਿ ਆਟਾ ਦਾਲ ਸਕੀਮ ਦੀ ਸ਼ਿਕਾਇਤ ਕਰਕੇ ਕਾਂਗਰਸ ਪਾਰਟੀ ਨੇ ਗੰਦੀ ਰਾਜਨੀਤੀ ਖੇਡੀ ਹੈ ਅਤੇ ਗਰੀਬ ਆਦਮੀ ਦੇ ਮੂੰਹ ਵਿਚੋਂ ਰੋਟੀ ਖੋਹਣ ਦਾ ਕੋਝਾ ਯਤਨ ਕੀਤਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਆਖਿਆ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਕਾਂਗਰਸ ਨੇ ਆਟਾ ਅਤੇ ਦਾਲ ਸਪਲਾਈ ਕਰਨ ’ਤੇ ਇਤਰਾਜ਼ ਕੀਤਾ ਤੇ ਭਾਰਤੀ ਚੋਣ ਕਮਿਸ਼ਨ ਨੂੰ ਇਹ ਸਹੂਲਤ ਬੰਦ ਕਰਨ ਦੀ ਬੇਨਤੀ ਕੀਤੀ। ਉਹਨਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਪੰਜਾਬ ਕਾਂਗਰਸ ‘ਆਟਾ ਦਾਲ’ ਸਕੀਮ ਦੀ ਲੋਕਪ੍ਰਿਅਤਾ ਤੋਂ ਜਾਣੂ ਹੈ ਅਤੇ ਇਸ ਨੂੰ ਹਰ ਕੀਮਤ ’ਤੇ ਰੋਕਣਾ ਚਾਹੁੰਦੀ ਹੈ ਭਾਵੇਂ ਕਿ ਸੂਬੇ ਦੇ ਲੱਖਾਂ ਲੋਕ ਇਸ ਸਬਸਿਡੀ ਵਾਲੇ ਰਾਸ਼ਨ ’ਤੇ ਨਿਰਭਰ ਕਰਦੇ ਹਨ। ਸ੍ਰੀ ਬਾਦਲ ਨੇ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ

ਦਲ-ਭਾਜਪਾ ਗਠਜੋੜ ਹੈ ਜਿਸ ਨੇ ਚੋਣ ਕਮਿਸ਼ਨ ਨਾਲ ਲਗਾਤਾਰ ਬੇਨਤੀ ਕਰਕੇ ਇਕ ਮਹੀਨੇ ਲਈ ਇਹ ਰਾਸ਼ਨ ਵੰਡੇ ਜਾਣ ਦੀ ਪ੍ਰਵਾਨਗੀ ਹਾਸਲ ਕਰ ਲਈ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਹਰ ਪਰਿਵਾਰ ਨੂੰ ਛੇਤੀ ਮਹੀਨੇ ਦਾ ਰਾਸ਼ਨ ਸਪਲਾਈ ਕਰਨ ਦਾ ਪ੍ਰਬੰਧ ਕਰ ਲਿਆ ਸੀ ਪਰ ਹੁਣ ਇਹ ਸਪਲਾਈ ਕੇਵਲ ਇਕ ਮਹੀਨੇ ਦੇ ਰਾਸ਼ਨ ਤਕ ਸੀਮਤ ਰਹਿ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਜਿਥੇ ਇਸ ਸਕੀਮ ਤਹਿਤ ਗਰੀਬ ਵਰਗ ਨੂੰ ਬਿਨਾਂ ਰੁਕਾਵਟ ਦੇ ਰਾਸ਼ਨ ਦੇਣ ਲਈ ਦ੍ਰਿੜ੍ਹ ਸੰਕਲਪ ਹਾਂ, ਉਥੇ ਹੀ ਕਾਂਗਰਸ ਅਤੇ ਇਸ ਦੀਆਂ ਰੁਕਾਵਟ ਪਾਊ ਨੀਤੀਆਂ ਇਸ ਸਕੀਮ ਤਹਿਤ ਲੋਕਾਂ ਨੂੰ ਰਾਸ਼ਨ ਪ੍ਰਦਾਨ ਵਿਚ ਦੇਰੀ ਦਾ ਕਾਰਨ ਬਣ ਰਹੀਆਂ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਚੋਣ ਕਮਿਸ਼ਨ ਨੇ ਕਾਂਗਰਸ ਦੀ ਝੂਠੀ ਸ਼ਿਕਾਇਤ ’ਤੇ ਕਾਰਵਾਈ ਕਰ ਦਿਤੀ। ਚੋਣ ਕਮਿਸ਼ਨ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਸੀ ਕਿ ਇਹ ਸਕੀਮ ਪੰਜਾਬ ਵਿਚ ਪਿਛਲੇ ਪੰਜ ਸਾਲਾਂ ਤੋਂ ਚਲ ਰਹੀ ਹੈ ਅਤੇ ਵਿਧਾਨ ਸਭਾ ਚੋਣਾਂ ਵੇਲੇ ਵੀ ਸਕੀਮ ਤਹਿਤ ਰਾਸ਼ਨ ਦੀ ਵੰਡ ਰੋਕੀ ਨਹੀਂ ਸੀ ਗਈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਭਾਵੇਂ ਰਾਸ਼ਨ ਦੀ ਵੰਡ ਦੇ ਰਾਹ ਵਿਚ ਰੁਕਾਵਟ ਬਣਨ ਵਿਚ ਕਾਮਯਾਬ ਹੋ ਗਈ ਹੈ ਪਰ ਇਸ ਪਾਰਟੀ ਨੂੰ ਗਰੀਬ ਤੇ ਕਮਜ਼ੋਰ ਵਰਗ ਦੇ ਰੋਹ ਦਾ ਸ਼ਿਕਾਰ ਹੋਣਾ ਪਵੇਗਾ। ਉਹਨਾਂ ਨੇ ਸਕੀਮ ਤਹਿਤ ਲ੍ਯਾਭ ਪ੍ਰਾਪਤ ਕਰ ਰਹੇ ਸਮਾਜ ਦੇ ਸਾਰੇ ਗਰੀਬ ਵਰਗਾਂ ਨੂੰ ਅਪੀਲ ਕੀਤੀ ਕਿ ਇਸ ਕਾਂਗਰਸ ਪਾਰਟੀ ਨੂੰ ਇਹ ਰੁਕਾਵਟ ਪਾਉਣ ਦਾ ਸਬਕ ਜ਼ਰੂਰ ਸਿਖਾਇਆ ਜਾਵੇ।