Skip to content
Independent perspectives. Global stories.
BREAKING

ਬੇਰੁਜ਼ਗਾਰ ਨੌਜਵਾਨਾਂ ਲਈ ਬੇਹੱਦ ਸਹਾਈ ਹੋਵੇਗਾ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ : ਡੀਸੀ ਫਿਰੋਜ਼ਪੁਰ

Share this story

ਸਾਦੇਂ ਹਾਸ਼ਮ, 20 ਨਵੰਬਰ (ਸੁਖਵਿੰਦਰ ਸੁਖ)- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖੋਲ੍ਹਿਆ ਜਾ ਰਿਹਾ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਨੌਜਵਾਨਾਂ ਲਈ ਬੇਹਦ ਸਹਾਈ ਸਾਬਤ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰ. ਬਲਵਿੰਦਰ ਸਿੰਘ ਧਾਲੀਵਾਲ ਨੇ ਦਸਿਆ ਕਿ ਇਸ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਖੁਲ੍ਹਣ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤੀ ਅਤੇ ਕਿਤਾ ਅਗਵਾਈ ਵਿਚ ਵਡੀ ਮਦਦ ਮਿਲੇਗੀ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਵਿਭਾਗ ਦੇ ਅਧਿਕਾਰੀਆਂ ਵਲੋਂ ਬਿਊਰੋ ਵਿਚ ਰੁਜ਼ਗਾਰ ਮੁਹਈਆ ਕਰਵਾਉਣ ਵਾਲੀਆਂ ਜ਼ਿਲ੍ਹੇ ਦੀਆਂ ਸਾਰੀਆਂ ਛੋਟੀਆਂ ਵਡੀਆਂ ਉਦਯੋਗਿਕ ਇਕਾਈਆਂ, ਪ੍ਰਾਈਵੇਟ ਕੰਪਨੀਆਂ/ ਅਦਾਰਿਆਂ ਆਦਿ ਅਤੇ ਉਨ੍ਹਾਂ ਵਿਚ ਉਪਲਬਧ ਖ਼ਾਲੀ ਅਸਾਮੀਆਂ ਸਬੰਧੀ ਮੁਕੰਮਲ ਸੂਚਨਾ, ਲੋੜੀਂਦੀ ਯੋਗਤਾ ਸਮੇਤ ਪੋਰਟਲ ਤੇ ਬੇਰੁਜ਼ਗਾਰ ਪ੍ਰਾਰਥੀਆਂ ਦੀ ਸਹੂਲਤ ਲਈ ਡਿਸਪਲੇ ਵੀ ਕੀਤਾ ਜਾਵੇਗਾ।ਉਨ੍ਹਾਂ ਦਸਿਆ ਕਿ ਜ਼ਿਲ੍ਹਾ ਰੁਜ਼ਗਾਰ ਬਿਊਰੋ ਵਲੋਂ ਹਰ ਮਹੀਨੇ ਬੇਰੁਜ਼ਗਾਰਾਂ ਦੀ ਸਹੂਲਤ ਲਈ ਦੋ ਪਲੇਸਮੈਂਟ ਕੈਂਪ ਵੀ ਲਗਾਏ ਜਾਣਗੇ ਤੇ ਇਨ੍ਹਾਂ ਕੈਂਪਾਂ ਵਿਚ ਸ਼ਿਰਕਤ ਕਰਨ ਵਾਲੇ ਨੌਜਵਾਨਾਂ ਨੂੰ ਕੈਂਪਾਂ ਸਬੰਧੀ ਸਮੇਂ -ਸਮੇਂ ਸਿਰ ਜਾਣਕਾਰੀ ਵੀ ਮੁਹਈਆ ਕਰਵਾਈ ਜਾਵੇਗੀ । ਉਨ੍ਹਾਂ ਕਿਹਾ ਕਿ ਬਿਊਰੋ ਵਿਚ ਸਰਕਾਰੀ /ਪ੍ਰਾਈਵੇਟ ਅਦਾਰਿਆਂ ਦੀਆਂ ਅਸਾਮੀਆਂ ਸਬੰਧੀ ਮੁਕੰਮਲ ਸੂਚਨਾ ਹਰ ਤਰ੍ਹਾਂ ਦੇ ਸੋਮਿਆਂ ਜਿਵੇਂ ਕਿ ਇੰਟਰਨੈਟ ,ਇੰਪਲਾਈਮੈਂਟ ਨਿਊਜ਼ ,ਅਖ਼ਬਾਰਾਂ ਆਦਿ ਤੋਂ ਘੋਖਣ ਉਪਰੰਤ ਬੇਰੁਜ਼ਗਾਰ ਪ੍ਰੀਖਿਆਰਥੀਆਂ ਦੀ ਜਾਣਕਾਰੀ ਲਈ ਪੋਰਟਲ ਤੇ ਅਪਲੋਡ ਵੀ ਕੀਤੀ ਜਾਵੇਗੀ । ਉਨ੍ਹਾਂ ਸਿਖਿਆ ਸੰਸਥਾਵਾਂ ਦੇ ਮੁਖੀਆਂ ਨੂੰ ਵੀ ਹਦਾਇਤ ਕੀਤੀ ਕਿ ਆਪਣੇ -ਆਪਣੇ ਕਾਲਜਾਂ, ਸਕੂਲਾਂ ਅਤੇ ਸਿਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਰੁਜ਼ਗਾਰ ਬਿਊਰੋ ਵਿਚ ਵਿਜ਼ਟ ਕਰਾਉਣੀ ਯਕੀਨੀ ਬਣਾਉਣ ਤਾਂ ਜੋ ਉਨ੍ਹਾਂ ਨੂੰ ਰੁਜ਼ਗਾਰ ਪ੍ਰਾਪਤੀ ਸਬੰਧੀ ਸੇਧ ਅਤੇ ਜਾਣਕਾਰੀ ਮਿਲ ਸਕੇ।
ਡਿਪਟੀ ਕਮਿਸ਼ਨਰ ਨੇ ਅਗੇ ਦਸਿਆ ਕਿ ਬਿਊਰੋ ਵਿਚ ਵਿਜ਼ਟ ਕਰਨ ਵਾਲੇ ਬੇਰੁਜ਼ਗਾਰ ਪ੍ਰਾਰਥੀਆਂ ਲਈ ਅਖ਼ਬਾਰ ਮੈਗਜ਼ੀਨ ਆਦਿ ਅਤੇ ਵਖ ਵਖ ਵਿਭਾਗਾਂ ਵਿਚ ਚਲ ਰਹੀਆਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਵੈ-ਰੁਜ਼ਗਾਰ ਸਕੀਮਾਂ ਆਦਿ ਸਬੰਧੀ ਲਿਟਰੇਚਰ ਆਦਿ ਦਾ ਵੀ ਪੂਰਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਿਊਰੋ ਦੇ ਕਾਂਊਸਲਰ ਵਲੋਂ ਵਿਦੇਸ਼ਾਂ ਵਿਚ ਉਪਲਬਧ ਵਖ -ਵਖ ਕਿਸਮ ਦੀਆਂ ਨੌਕਰੀਆਂ ਸਬੰਧੀ ਇੰਟਰਨੈਟ, ਅਖ਼ਬਾਰਾਂ, ਰਸਾਲਿਆਂ ਤੋਂ ਜਾਣਕਾਰੀ ਇਕਤਰ ਕੀਤੀ ਜਾਵੇਗੀ ਅਤੇ ਉਸ ਆਧਾਰ ਤੇ ਵਿਦੇਸ਼ਾਂ ਵਿਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਦੀ ਯੋਗ ਕਾਊਂਸਲਿੰਗ ਕੀਤੀ ਜਾਵੇਗੀ
ਜ਼ਿਲ੍ਹਾ ਰੁਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਅਫ਼ਸਰ ਸ਼੍ਰੀ. ਅਸ਼ੋਕ ਜਿੰਦਲ ਨੇ ਦਸਿਆ ਕਿ ਬਿਊਰੋ ਵਿਚ ਵਿਜ਼ਟ ਕਰਨ ਵਾਲੇ ਵਿਦਿਆਰਥੀਆਂ ਦੀ ਵਰਤੋਂ ਲਈ ਉਚ ਪਧਰੀ ਮੁਫ਼ਤ ਇੰਟਰਨੈਟ ਸੁਵਿਧਾ ਸਮੇਤ ਕੰਪਿਊਟਰ ਵੀ ਮੁਹਈਆ ਕਰਵਾਏ ਜਾਣਗੇ। ਬਿਊਰੋ ਦਾ ਕੰਮਕਾਜ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤਕ ਹੋਵੇਗਾ ਅਤੇ ਹਰ ਸ਼ਨੀਵਾਰ ਨੂੰ ਸਵੇਰੇ 10 ਵਜੇਂ ਤੋਂ 2 ਵਜੇਂ ਤਕ ਹੋਵੇਗਾ। ਇਸ ਦੇ ਕਰਮਚਾਰੀ ਦੋ ਸ਼ਿਫ਼ਟਾਂ ਵਿਚ ਕੰਮ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਸਬੰਧੀ ਸਹੂਲਤਾਂ ਦੇਣਗੇ।

WRITTEN BY