ਭਵਾਨੀਗੜ੍ਹ, 15 ਨਵੰਬਰ (ਕ੍ਰਿਸ਼ਨ ਗਰਗ)- ਨੇੜੇ ਭਵਾਨੀਗੜ੍ਹ-ਸੰਗਰੂਰ ਮੁੱਖ ਮਾਰਗ ਤੇ ਸਥਿੱਤ ਇੰਡੀਅਨ ਐਕਰੈਲਿਕ ਲਿਮਟਿਡ ਦੇ ਗੇਟ ਅਗੇ ਯੂਨਾਈਟਡ ਅਕਾਲੀ ਦਲ ਦੇ ਜਨਰਲ ਸਕਤਰ ਜਥੇਦਾਰ ਪ੍ਰਸੋਤਮ ਸਿੰਘ ਫਗੂਵਾਲਾ ਨੇ ਫੈਕਟਰੀ ਵਿਚ ਪੰਜਾਬੀਆਂ ਨੂੰ ਪਹਿਲ ਦੇ ਅਧਾਰ ਤੇ ਰੁਜਗਾਰ ਦੇਣ ਦੀ ਮੰਗ ਨੂੰ ਲੈਕੇ ਧਰਨਾ ਦਿੱਤਾ। ਇਸ ਮੌਕੇ ਜਥੇਦਾਰ ਫਗੂਵਾਲਾ ਨੇ ਕਿਹਾ ਕਿ ਜਦੋਂ ਇਹ ਫੈਕਟਰੀ ਇਥੇ ਲਗਾਈ ਗਈ ਸੀ ਤਾਂ ਉਸ ਸਮੇਂ ਇਲਾਕਾ ਵਾਸੀਆਂ ਅਤੇ ਪੰਜਾਬੀਆਂ ਨੂੰ ਭਰੋਸਾ ਦਿਤਾ ਗਿਆ ਸੀ ਕਿ ਇਥੇ ਪੰਜਾਬੀਆਂ ਨੂੰ ਪਹਿਲ ਦੇ ਅਧਾਰ ਤੇ ਨੌਕਰੀਆਂ ਦਿਤੀਆਂ ਜਾਣਗੀਆਂ, ਪਰ ਫੈਕਟਰੀ ਪ੍ਰਬੰਧਕਾਂ ਨੇ ਆਪਣੇ ਇਸ ਵਾਅਦੇ ਤੋਂ ਮੁਨਕਰ ਹੁੰਦਿਆਂ ਹੌਲੀ ਹੌਲੀ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਵਲੋਂ ਪੰਜਾਬ ਵਿਰੋਧੀ ਨੀਤੀ ਲਾਗੂ ਕਰਨ ਨਾਲ ਇਥੇ ਹੁਣ ਸਾਡੀ ਨਵੀ ਪੀੜੀ ਲਈ ਇਥੇ ਰੁਜਗਾਰ ਦੇ ਬੂਹੇ ਬੰਦ ਕਰ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਬਾਹਰਲੇ ਸੂਬਿਆਂ ਦੇ ਮੁਲਾਜ਼ਮਾਂ ਲਈ ਪ੍ਰਬੰਧਕਾਂ ਵਲੋਂ ਰਿਹਾਇਸ਼ੀ ਮਕਾਨ ਵੀ ਬਣਾਏ ਜਾ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਫੈਕਟਰੀ ਦਾ ਪ੍ਰਦੂਸ਼ਤ ਪਾਣੀ ਸਾਡੇ ਇਲਾਕੇ ਦੀ ਜਮੀਨ ਹੇਠਲਾ ਪਾਣੀ ਵੀ ਪ੍ਰਦੂਸ਼ਤ ਕਰ ਰਿਹਾ ਹੈ। ਉਨ੍ਹਾਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰੁਜਗਾਰ ਮੇਲਿਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਜੇਕਰ ਇਨ੍ਹਾਂ ਫੈਕਟਰੀ ਪ੍ਰਬੰਧਕਾਂ ਦੀ ਪੰਜਾਬ ਵਿਰੋਧੀ ਨੀਤੀ ਨਾ ਬਦਲੀ ਗਈ ਤਾਂ ਰੁਜਗਾਰ ਮੇਲੇ ਮਹਿਜ ਡਰਾਮੇਬਾਜੀ ਬਣਕੇ ਰਹਿ ਜਾਵੇਗੀ। ਉਨ੍ਹਾਾਂ ਕਿਹਾ ਕਿ 2 ਦਸੰਬਰ ਨੂੰ ਫੈਕਟਰੀ ਦੇ ਗੇਟ ਅੱਗੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਇਕ ਵਡੀ ਰੁਜਗਾਰ ਰੈਲੀ ਕੀਤੀ ਜਾਵੇਗੀ, ਜਿਸ ਵਿਚ ਸੰਘਰਸ਼ ਦਾ ਅਗਲਾ ਪ੍ਰੋਗਰਾਮ ਵੀ ਉਲੀਕਿਆ ਜਾਵੇਗਾ। ਧਰਨੇ ਵਿੱਚ ਜੀਤ ਸਿੰਘ, ਅਮਨਦੀਪ ਸਿੰਘ, ਜੈਪਾਲ ਸਿੰਘ, ਸਤਿਗੁਰ ਸਿੰਘ ਮਾਝੀ, ਧਰਮਪਾਲ ਸਿੰਘ ਮਾਝੀ, ਕੁਲਵੰਤ ਸਿੰਘ, ਨਾਜਰ ਸਿੰਘ, ਗੁਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਜਿੰਦਰ ਸਿੰਘ ਅਤੇ ਰਜਿੰਦਰਪਾਲ ਸਿੰਘ ਵੀ ਹਾਜਰ ਸਨ। ਦੂਜੇ ਪਾਸੇ ਆਈਏਐਲ ਦੇ ਐਚਆਰ ਸ੍ਰੀ ਇੰਦਰਪਾਲ ਸਿੰਘ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਪ੍ਰਬੰਧਕਾਂ ਵਲੋਂ ਰੁਜਗਾਰ ਦੇ ਮਸਲੇ ਵਿਚ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ, ਸਗੋਂ ਉਨ੍ਹਾਂ ਦੇ ਮੁਲਾਜਮ ਪੂਰੀ ਤਰ੍ਹਾਂ ਸੰਤੁਸਟ ਹਨ। ਉਨ੍ਹਾਂ ਦਸਿਆ ਕਿ ਫੈਕਟਰੀ ਦੇ ਨਿਕਾਸੀ ਪਾਣੀ ਨੂੰ ਸਾਫ ਕਰਨ ਲਈ ਬਕਾਇਦਾ ਸਿਸਟਮ ਲਗਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਮਨੇਜਮੈਂਟ ਵਲੋਂ ਕੋਈ ਰਿਹਾਇਸ਼ੀ ਮਕਾਨ ਨਹੀਂ ਬਣਾਏ ਜਾ ਰਹੇ।
ਫੈਕਟਰੀ ’ਚ ਪੰਜਾਬੀਆਂ ਨੂੰ ਰੁਜ਼ਗਾਰ ਦੇਣ ਦੀ ਮੰਗ ਲਈ ਧਰਨਾ



