ਕੋਟਕਪੂਰਾ, 19 ਅਕਤੂਬਰ (ਅਮਨ ਸ਼ਰਮਾ)- ਅੱਜ ਕੋਟਕਪੂਰਾ ਦੀ ਨਵੀਂ ਦਾਣਾ ਮੰਡੀ ਵਿਖੇ ਝੋਨੇ ਦੀ ਤੁਲਾਈ ’ਚ ਵੱਧ ਕਾਟ ਲੱਗਣ ਕਾਰਨ ਅਤੇ 4 ਦਿਨਾਂ ਬਾਅਦ ਵੀ ਝੋਨੇ ਦੀ ਫਸਲ ਨੂੰ ਸਫ਼ਾਈ ਨਾ ਹੋਣ ਤੋਂ ਤੰਗ ਕਿਸਾਨ ਗੁਰਪ੍ਰੀਤ ਸਿੰਘ ਵਾਸੀ ਪੰਜਗਰਾਈਂ ਕਲਾਂ ਨੇ 3 ਟਰਾਲੀਆਂ ਝੋਨੇ ਦੀ ਫਸਲ ਨੂੰ ਹੋਰ ਮੰਡੀਆਂ ਵਿਚ ਲਿਜਾਣ ਲਈ ਚੁੱਕ ਲਿਆ। ਮੌਕੇ ’ਤੇ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਧਨਜੀਤ ਸਿੰਘ ਧਨੀ ਵਿਰਕ ਨੇ ਕਿਸਾਨ ਗੁਰਪ੍ਰੀਤ ਸਿੰਘ ਅਤੇ ਹੋਰ ਕਿਸਾਨਾਂ ਤੋਂ ਖਰੀਦ ਸਬੰਧੀ ਜਾਣਕਾਰੀ ਹਾਸਲ ਕੀਤੀ। ਕਈ ਕਿਸਾਨਾਂ ਨੇ ਦੋਸ਼ ਲਾਇਆ ਕਿ ਮੰਡੀ ਬੋਰਡ ਦੇ ਕਰਮਚਾਰੀਆਂ ਅਤੇ ਆੜ੍ਹਤੀਆਂ ਦੀ ਮਿਲੀ ਭੁਗਤ ਨਾਲ ਕਿਸਾਨਾਂ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ ਅਤੇ 3 ਤੋਂ 5 ਕਿਲੋ ਪ੍ਰਤੀ ਗੱਟਾ ਨਜ਼ਾਇਜ਼ ਕਾਟ ਕੱਟੀ ਜਾ ਰਹੀ ਹੈ। ਕਿਸਾਨਾਂ ਨੇ ਇਹ ਵੀ ਦੋਸ਼ ਲਾਏ ਕਿ ਮੰਡੀ ਬੋਰਡ ਵੱਲੋਂ ਵਰਤੀਆਂ ਜਾਣ ਵਾਲੀਆਂ ਨਮੀ ਦੀ ਜਾਂਚ ਕਰਨ ਮਸ਼ੀਨਾਂ ਦਾ ਨਤੀਜਾ ਸਹੀ ਨਹੀਂ ਹੁੰਦਾ। ਘੱਟ ਨਮੀ ਦੀ ਮਾਤਰਾ ਵਾਲੀ ਫਸਲ ਨੂੰ ਵੱਧ ਨਮੀ ਦੀ ਮਾਤਰਾ ’ਚ ਦਰਸਾਉਂਦੀਆਂ ਹਨ। ਇਸ ਮੌਕੇ ਤਹਿਸੀਲਦਾਰ ਸੰਧੂਰਾ ਸਿੰਘ, ਮਾਰਕੀਟ ਕਮੇਟੀ ਦੇ ਸਕੱਤਰ ਹਾਕਮ ਸਿੰਘ, ਮੰਡੀ ਸੁਪਰਵਾਈਜ਼ਰ ਸੁਖਮੰਦਰ ਸਿੰਘ ਅਤੇ ਸਿਮਰਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੇ ਉਨ੍ਹਾਂ ਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ। ਕਿਸਾਨਾਂ ਦੀ ਲੁੱਟ ਨੂੰ ਕਿਸੇ ਕਿਸਮ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਤਹਿਸੀਲਦਾਰ ਸੰਧੂਰਾ ਸਿੰਘ ਨੇ ਮੌਕੇ ’ਤੇ ਹੀ ਕਰਮਚਾਰੀਆਂ ਹਦਾਇਤਾਂ ਕੀਤੀਆਂ ਕਿ ਝੋਨੇ ਦੀ ਨਮੀ ਦੀ ਜਾਂਚ ਕਰਕੇ ਝੋਨੇ ਦੀ ਫਸਲ ਦੀ ਤੁਲਾਈ ਜਲਦ ਤੋਂ ਜਲਦ ਕਰਵਾਈ ਜਾਵੇ। ਸਕੱਤਰ ਹਾਕਮ ਸਿੰਘ ਨੇ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਧਨਜੀਤ ਸਿੰਘ ਧਨੀ ਵਿਰਕ ਨੇ ਕਿਸਾਨਾਂ ਦੇ ਪੱਖ ’ਚ ਗੱਲ ਕਰਦਿਆਂ ਕਿਹਾ ਕਿ ਸਿਰਫ ਕੋਟਕਪੂਰਾ ਮੰਡੀ ਵਿਚ ਹੀ ਕਿਸਾਨਾਂ ਦੀ ਲੁੱਟ ਖਸੁੱਟ ਹੋ ਰਹੀ ਹੈ ਜਿਸ ਨਾਲ ਪੰਜਾਬ ਸਰਕਾਰ ਦੀ ਬੁਦਨਾਮੀ ਹੋ ਰਹੀ ਹੈ। ਉਨ੍ਹਾਂ ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ’ਤੇ ਪ੍ਰਸ਼ਨ ਚਿੰਨ੍ਹ ਲਾਉਂਦਿਆਂ ਹੈਰਾਨੀ ਪ੍ਰਗਟਾਈ ਕਿ ਲੀਡਰਾਂ ਵੱਲੋਂ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਮੰਡੀਆਂ ਵਿਚ ਕਿਸਾਨਾਂ ਦੀ ਸ਼ਰੇਆਮ ਲੁੱਟ ਹੋਰ ਰਹੀ ਹੈ ਪ੍ਰੰਤੂ ਕਾਂਗਰਸੀ ਲੀਡਰ ਚੁੱਪ ਬੈਠੇ ਹਨ। ਉਨ੍ਹਾਂ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੀ ਲੁੱਟ ਖਸੁੱਟ ਬੰਦ ਨਾ ਹੋਈ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਪਰਮਿੰਦਰ ਸਿੰਘ ਮੌੜ, ਜੱਸਾ ਠਾੜਾ, ਅਮਨਦੀਪ ਸਿੰਘ ਮੌੜ, ਭੋਲਾ ਸਿੰਘ ਬੀੜ, ਗੁਰਜੀਤ ਸਿੰਘ ਗਿੱਲ, ਗੁਰਲਾਲ ਸਿੰਘ ਮੱਤਾ, ਇੰਦਰਦੀਪ ਸਿੰਘ, ਮੱਖਣ ਸਿੰਘ, ਗੁਰਚਰਨ ਸਿੰਘ, ਰਾਜਵਿੰਦਰ ਸਿੰਘ, ਨਾਟੀ ਗਿੱਲ, ਧਰਮਿੰਦਰ, ਜੱਗਾ ਸਿੰਘ ਹਰੀਨੌਂ ਸਮੇਤ ਹੋਰ ਵੀ ਵਿਅਕਤੀ ਹਾਜ਼ਰ ਸਨ।
ਕੋਟਕਪੂਰਾ ਦਾਣਾ ਮੰਡੀ ਵਿਖੇ ਝੋਨੇ ਦੀ ਤੁਲਾਈ ’ਚ ਨਜ਼ਾਇਜ਼ ਕਾਟ ਨੂੰ ਕਾਂਗਰਸੀ ਆਗੂ ਧਨੀ ਵਿਰਕ ਨੇ ਰੁਕਵਾਇਆ



