ਅੰਮ੍ਰਿਤਸਰ, 21 ਮਾਰਚ (ਮਨਿੰਦਰ ਸਿੰਘ ਗੋਰੀ)- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਹਰ ਸਿੱਖ ਨੂੰ 2 ਦੀ ਬਜਾਏ 4 ਬੱਚੇ ਪੈਦਾ ਕਰਨ ਦੇ ਦਿੱਤੇ ਸੁਝਾਅ ਨੂੰ ਤਰਕ ਸੰਗਤ ਕਰਾਰ ਦਿੰਦਿਆਂ ਪੰਜਾਬ ਦੇ ਸਾਬਕਾ ਮੰਤਰੀ ਸ. ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਸਿਰਫ ਵਸੋਂ ਵਧਾਉਣ ਲਈ ਵੱਧ ਬੱਚੇ ਪੈਦਾ ਕਰਨ ਦੀ ਬਜਾਏ ਪਹਿਲਾਂ ਹੀ ਮੌਜੂਦ ਸਿੱਖ ਪਨੀਰੀ ਨੂੰ ਸਿੱਖੀ ਸਿਧਾਂਤ ਅਨੁਸਾਰ ਵੱਧਣ ਫੁਲਣ ਲਈ ਯਤਨ ਕਰਨ ਦੀ ਲੋੜ ਹੈ। ਜਾਰੀ ਇਕ ਪ੍ਰੈਸ ਰਲੀਜ ਵਿੱਚ ਸ. ਕਲਕੱਤਾ ਨੇ ਦੱਸਿਆ ਹੈ ਕਿ ਦਸਮ ਪਾਤਸ਼ਾਹ ਵਲੋਂ ਖਾਲਸਾ ਸਾਜਣ ਸਮੇਂ ਕੇਵਲ ਉਹੀ ਲੋਕ ਸਾਹਮਣੇ ਆਏ ਸਨ ਜਿਨ੍ਹਾਂ ਨੇ ਆਪਣੀ ਵਿਚਾਰਧਾਰਾ, ਜਾਤ, ਵਰਣ ਦਾ ਤਿਆਗ ਕਰ ਗੁਰੂ ਦੀ ਮਤ ਨੂੰ ਕਬੂਲਿਆ ਲੇਕਿਨ ਅਜੋਕੇ ਹਾਲਾਤਾਂ ਵਿਚ ਸਾਡੀਆਂ ਗਲਤੀਆਂ ਤੇ ਕਮਜੋਰੀਆਂ ਕਾਰਣ ਸਿੱਖ ਸਮਾਜ ਵਿਚ ਜਾਤ ਪਾਤ, ਇਲਾਕਾਵਾਦ ਤੇ ਸਿੱਖ ਧਰਮ ਵਿੱਚ ਪੈਦਾ ਹੋ ਚੁਕੇ ਅਖੌਤੀ ਬ੍ਰਾਹਮਣਵਾਦ ਦਾ
ਦਬਦਬਾ ਵੱਧ ਰਿਹਾ ਹੈ। ਸ. ਕਲਕੱਤਾ ਨੇ ਕਿਹਾ ਕਿ ਗੁਰੂ ਸਾਹਿਬ ਨੇ ਤਾਂ ਸਿੱਖ ਨੂੰ ਆਪਣੇ ਲੜ ਲਾਉਣ ਦੀ ਬਜਾਏ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ ਲੇਕਿਨ ਅੱਜ ਸੌੜੀ ਰਾਜਨੀਤੀ ਖਾਤਿਰ ਉਸ ਡੇਰਾਵਾਦ ਨੂੰ ਸਰਕਾਰੀ ਤੇ ਰਾਜਸੀ ਸ਼ਰਣ ਦਿੱਤੀ ਜਾ ਰਹੀ ਹੈ ਜੋਕਿ ਸਿੱਖ ਨੌਜੁਆਨੀ ਨੂੰ ਆਪਣੇ ਭਰਮਜਾਲ ਵਿਚ ਫਸਾਕੇ ਸਿੱਖੀ ਤੋਂ ਦੂਰ ਲੇਕਿਨ ਆਪਣੇ ਨੇੜੇ ਕਰੀ ਜਾ ਰਹੀ ਹੈ। ਅੱਜ ਸਿੱਖਾਂ ਦੀ ਪਾਰਟੀ ਹੋਣ ਵਾਲੇ ਰਾਜਸੀ ਦਲ ,ਅਹੁੱਦਿਆਂ ਤੇ ਸਰਦਾਰੀਆਂ ਦੀ ਵੰਡ ਸਮੇਂ ਪਤਿਤਾਂ ਤੇ ਗੈਰ ਸਿੱਖਾਂ ਨੂੰ ਹੀ ਤਰਜੀਹ ਦੇ ਰਹੇ ਹਨ,ਦੇਸ਼ ਵਿਚ ਵਿਰਾਟ ਹਿੰਦੂ ਰਾਸ਼ਟਰ ਕਾਇਮ ਕਰਨ ਵਾਲੀ ਸਿੱਖ ਵਿਰੋਧੀ ਪਾਰਟੀ ਨਾਲ ਭਾਈਵਾਲੀ ਨਿਭਾਅ ਰਹੇ ਹਨ ਜੋਕਿ ਨੋਜੁਆਨਾਂ ਵਲੋਂ ਸਿੱਖੀ ਤੋਂ ਬੇਮੁਖ ਹੋਣ ਦਾ ਇਕ ਅਹਿਮ ਕਾਰਣ ਹੈ ।ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੈਸੀਅਤ ਵਿਚ ਦਿੱਤੇ ਆਦੇਸ਼ ਤੇ ਕਿੰਤੂ ਨਹੀ ਹੋਣਾ ਚਾਹੀਦਾ ਲੇਕਿਨ ਸਿੰਘ ਸਾਹਿਬ ਨੂੰ ਵੀ ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦਿਆਂ ਅਜੇਹਾ ਫੈਸਲਾ ਸੁਨਾਉਣ ਤੋਂ ਪਹਿਲਾਂ ਪੰਥਕ ਵਿਦਵਾਨਾਂ ਨਾਲ ਵਿਚਾਰ ਜਰੂਰ ਕਰਨੀ ਚਾਹੀਦੀ ਸੀ ਕਿ ਆਖਿਰ ਸਿੱਖ ਕੌਮ ਦੀ ਵਿਚਾਰਧਾਰਾ ਅਨੁਸਾਰ ਜੀਵਨ ਜੀਉਣ ਵਾਲਿਆਂ ਦੀ ਗਿਣਤੀ ਘਟਣ ਦੇ ਕਾਰਣ ਕੀ ਹਨ। ਉਨ੍ਹਾਂ ਕਿਹਾ ਕਿ ਅਜੇ ਵੀ ਕੋਸ਼ਿਸ਼ ਕਰਨ ਦੀ ਲੋੜ ਹੈ ਕਿ ਨਾਨਕ ਨਾਮ ਲੇਵਾ ਜਿਥੇ ਕਿਤੇ ਵੀ ਵਸਦਾ ਹੈ ਉਸਨੂੰ ਗਲ ਲਾਕੇ ਸਿੱਖ ਜਗਤ ਵੱਲ ਪ੍ਰੇਰਿਆ ਜਾਵੇ ਤੇ ਖਾਸ ਕਰਕੇ ਉਹ ਸਮਾਜ ਦਾ ਉਹ ਹਿੱਸਾ ਜਿਸਨੂੰ ਅਸੀਂ ਵੋਟਾਂ ਖਾਤਿਰ ਹੀ ਪੱਛੜਿਆ ਕਰਾਰ ਦੇ ਦਿੰਦੇ ਹਾਂ,ਉਸਨੂੰ ਕਲਾਵੇ ਵਿਚ ਲੈਕੇ ਅੱਗੇ ਵਧੀਏ ਤਾਂ ਸਾਫ ਹੋ ਜਾਏਗਾ ਕਿ ਸਿੱਖਾਂ ਦੀ ਅਬਾਦੀ ਘੱਟ ਨਹੀ ਹੈ ਅਸੀਂ ਹੀ ਵੰਡੀਆਂ ਪਾਕੇ ਸਿੱਖਾਂ ਦੀ ਗਿਣਤੀ ਘਟਾਈ ਹੋਈ ਹੈ।