ਫਰੀਦਕੋਟ, 8 ਅਕਤੂਬਰ (ਗੁਰਜੀਤ ਰੋਮਾਣਾ, ਰਜਿੰਦਰ ਅਰੋੜਾ)- ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੂੰ 50 ਕੂੜਾ ਇਕਠਾ ਕਰਨ ਵਾਲੇ ਰਿਕਸ਼ਾ ਰੇਹੜੀਆਂ ਖਰੀਦ ਕੇ ਦਿਤੇ ਜਾਣਗੇ ਤਾਂ ਜੋ ਸਫ਼ਾਈ ਕਰਮਚਾਰੀ ਘਰ ਘਰ ਤੋਂ ਕੂੜਾ ਇਕਠਾ ਕਰ ਸਕਣ ਅਤੇ ਸ਼ਹਿਰ ਵਾਸੀਆਂ ਨੂੰ ਕੂੜੇ ਦੇ ਪਕੇ ਹਲ ਲਈ ਨਿਜਾਤ ਮਿਲ ਸਕੇ। ਇਹਨਾਂ ਵਿਚਾਰਾਂ ਦੀ ਪ੍ਰਗਟਾਵਾ ਹਲਕਾ ਵਿਧਾਇਕ ਫਰੀਦਕੋਟ ਸ. ਕੁਸ਼ਲਦੀਪ ਸਿੰਘ ਢਿਲੋਂ ਨੇ ਮਿਉਂਸਪਲ ਕੌਂਸਲਰਾਂ ਅਤੇ ਫਰੀਦਕੋਟ ਨਗਰ ਸੇਵਾ ਸੁਸਾਇਟੀ ਦੇ ਮੈਂਬਰਾਂ ਨਾਲ ਮੀਟਿੰਗ ਦੌਰਾਨ ਕੀਤਾ।ਵਿਧਾਇਕ ਨੇ ਦਸਿਆ ਕਿ ਸ਼ਹਿਰ ਦੇ 25 ਵਾਰਡ ਹਨ ਜਿੰਨਾਂ ਨੂੰ 04 ਜੋਨਾਂ ਵਿਚ ਵੰਡਿਆਂ ਗਿਆ ਹੈ ਜਿੰਨਾ ਵਿਚ ਚਾਰ ਇੰਚਾਰਜ ਤਾਇਨਾਤ ਕੀਤੇ ਜਾਣਗੇ ਅਤੇ ਇਹ ਇੰਚਾਰਜ ਆਪਣੇ ਖੇਤਰ ਦੇ ਕੰਮ ਨੂੰ ਦੇਖਣਗੇ। ਫਰੀਦਕੋਟ ਨਗਰ ਸੁਸਾਇਟੀ ਲੋਕਾਂ ਦੇ ਘਰਾਂ ਤੋਂ ਕੂੜਾ ਇਕਠਾ ਕਰਨ ਦੇ 50 ਰੁਪਏ ਅਤੇ ਦੁਕਾਨਦਾਰਾਂ ਤੋਂ 100 ਰੁਪਏ ਦੀ ਫੀਸ ਇਕਤਰ ਕਰੇਗੀ ਅਤੇ ਸਫ਼ਾਈ ਮੈਂਬਰਾਂ ਨੂੰ ਤਨਖਾਹ ਵੀ ਅਦਾ ਕਰੇਗੀ। ਉਨਾਂ ਦਸਿਆ ਕਿ ਸੁਸਾਇਟੀ ਰਕਮ ਇਕਠੀ ਆਦਿ ਕਰਨ ਦੀ ਜਿੰਮੇਵਾਰੀ ਅਤੇ ਸ਼ਿਕਾਇਤਾਂ ਆਦਿ ਦੀ ਵੀ ਸੁਣਵਾਈ ਕਰੇਗੀ।
ਰਿਕਸ਼ਾ ਰੇਹੜੀਆਂ ਦੇ ਆਉਣ ਨਾਲ ਇਹਨਾਂ ਵਿਚ ਗਿਲਾ ਅਤੇ ਸੁਕਾ ਕੂੜਾ ਵਖੋ-ਵਖਰਾ ਪਾਇਆ ਜਾਵੇਗਾ। ਗਿਲੇ ਕੂੜੇ ਨੂੰ ਅਲਗ ਕਰਕੇ ਬਾਜੀਗਰ ਬਸਤੀ ਵਿਖੇ ਬਣੇ ਸਲਾਟਰ ਹਾਊਸ ਵਾਲੀ ਜਗਾ ‘ਚ ਬਣੇ ਪਿਟਸ ਵਿਚ ਗਲਾ ਕੇ ਹਰੀ ਖਾਦ ਤਿਆਰ ਕੀਤੀ ਜਾਵੇਗੀ।
ਜਦਕਿ ਰੀਸਾਈਕਲ ਯੋਗ ਕੂੜਾ ਜਿਵੇਂ ਗਤਾ, ਕਾਗਜ਼, ਬੋਤਲਾਂ ਪਲਾਸਟਿਕ ਆਦਿ ਨੂੰ ਅਲਗ ਕਰਨ ਤੋਂ ਬਾਅਦ ਬਾਕੀ ਬਚੇ ਕੂੜੇ ਨੂੰ ਡੰਪ ਵਿਖੇ ਭੇਜਿਆ ਜਾਵੇਗਾ। ਜਿਸ ਨਾਲ ਕੂੜੇ ਦੇ ਲਗ ਰਹੇ ਢੇਰਾਂ ਤੋਂ ਨਿਜ਼ਾਤ ਮਿਲੇਗੀ ਅਤੇ ਵਾਤਾਵਾਰਣ ਵੀ ਦੂਸ਼ਿਤ ਹੋਣ ਤੋਂ ਬਚੇਗਾ। ਇਸ ਮੌਕੇ ਕਾਰਜ ਸਾਧਕ ਅਫਸਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੂੜੇ ਨੂੰ ਪਲਾਸਟਿਕ ਲਿਫਾਫਿਆਂ ਵਿਚ ਨਾ ਪਾਇਆ ਜਾਵੇ ਸਗੋਂ ਗਿਲੇ ਅਤੇ ਸੁਕੇ ਕੂੜੇ ਨੂੰ ਵਖੋ ਵਖ ਰਖਿਆ ਜਾਵੇ ਤਾਂ ਕਿ ਸਫ਼ਾਈ ਕਰਮਚਾਰੀ ਨੂੰ ਕੋਈ ਦਿਕਤ ਨਾ ਆਵੇ।
ਉਨਾ ਦਸਿਆ ਕਿ ਇਸ ਮਕਸਦ ਲਈ ਫੈਸਿਲੀਟੇਟਰ ਲੋਕਾਂ ਨੂੰ ਵਖ ਵਖ ਖੇਤਰਾਂ ਵਿਚ ਜਾ ਕੇ ਜਾਗਰੂਕ ਵੀ ਕਰ ਰਹੇ ਹਨ। ਇਸ ਮੌਕੇ ਐਮ.ਈ ਰਾਕੇਸ਼ ਕੰਬੋਜ, ਨਿੰਦਰਪਾਲ ਸਿੰਘ ਨਿੰਦਾ, ਡਾ. ਸੰਜੀਵ ਗੋਇਲ ਪ੍ਰਵੀਨ ਕਾਲਾ, ਸ੍ਰੀ ਅਸ਼ੋਕ ਸਚਰ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਡਾ. ਜੰਗੀਰ ਸਿੰਘ, ਡਾ. ਰੇਸ਼ਮ ਸਿੰਘ, ਜਤਿੰਦਰ ਸਿੰਘ ਖਾਲਸਾ ਸਮੇਤ ਮਿਉਂਸਪਲ ਕੌਂਸਲਰ ਹਾਜ਼ਰ ਸਨ।