ਅੰਮ੍ਰਿਤਸਰ, 5 ਅਕਤੂਬਰ (ਹਰਪਾਲ ਸਿੰਘ)- ਪੁਲਿਸ ਚੋਂਕੀ ਮੂਧਲ ਦੀ ਪੁਲਿਸ ਵੱਲੋਂ ਮੱਝਾਂ ਚੋਰੀ ਕਰਕੇ ਵੇਚਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਇਕ ਬਲੈਰੋ ਗੱਡੀ ਅਤੇ 90 ਹਜਾਰ ਦੀ ਨਗਦੀ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਦੋਸ਼ੀਆਂ ਦੀ ਪਛਾਣ ਮਨਜੀਤ ਸਿੰਘ (ਮੇਜਰ) ਪੁੱਤਰ ਤਰਸੇਮ ਸਿੰਘ ਵਾਸੀ ਭਾਰਾ ਪਤੀ ਵੇਰਕਾ, ਰਜਿੰਦਰ ਸਿੰਘ ਬਾਊ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਮੂਧਲ ਅਤੇ ਗੁਰਅੰਮ੍ਰਿਤਜੀਤ ਸਿੰਘ ਦਾਣਾ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਨਾਗ ਖੁਰਦ ਦੇ ਤੋਰ ਤੇ ਹੋਈ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਵੇਰਕਾ ਦੇ ਮੁਖੀ ਨੀਰਜ ਕੁਮਾਰ ਅਨਾਰਿਆ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਗੁੱਪਤ ਸੂਚਨਾ ਮਿਲੀ ਸੀ ਕਿ ਮੱਝਾ ਚੋਰੀ ਕਰਕੇ ਵੇਚਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਬਲੈਰੋ ਗੱਡੀ ਵਿੱਚ ਫਤਿਹਗੜ੍ਹ ਸ਼ੂਕਰਚੱਕ ਵੱਲੋਂ ਆ ਰਹੇ ਹਨ ਜਿਸ ਦੇ ਅਧਾਰ ਤੇ ਚੋਂਕੀ ਮੂਧਲ ਦੇ ਇੰਚਾਰਜ ਜੀਵਨ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਫਤਿਹਗੜ੍ਹ ਸ਼ੂਕਰਚੱਕ ਮੌੜ ਤੇ ਨਾਕਾਬੰਦੀ ਕਰਕੇ ਦੁਪਹਿਰ ਸਮੇ ਆ ਰਹੀ ਇਕ ਬਲੈਰੋ ਗੱਡੀ ਨੰ: ਪੀ.ਬੀ-02-ਸੀ.ਆਰ-6943 ਤੇ ਸਵਾਰ ਹੋਕੇ ਆ ਰਹੇ ਤਿੰਨ ਨੋਜਵਾਨਾਂ ਨੂੰ ਰੋਕ ਤਲਾਸ਼ੀ ਕੀਤੀ ਗਈ ਤਾਂ ਉਨ੍ਹਾਂ ਪਾਸੋਂ 90 ਹਜਾਰ ਦੀ ਨਗਦੀ ਬਰਾਮਦ ਕੀਤੀ ਗਈ। ਪੁਲਿਸ ਵੱਲੋਂ ਸਖਤੀ ਨਾਲ ਕੀਤੀ ਗਈ ਪੁਛਗਿੱਛ ਵਿੱਚ ਉਕਤ ਨੋਜਵਾਨਾਂ ਨੇ ਮੰਨਿਆ ਕਿ ਉਨ੍ਹਾਂ ਨੇ 9 ਸਤੰਬਰ ਦੀ ਦੇਰ ਰਾਤ ਨੂੰ ਮੂਧਲ ਪਿੰਡ ਦੇ ਵਸਨੀਕ ਤਰਸੇਮ ਸਿੰਘ ਦੇ ਡੇਰੇ ਤੋਂ ਦੋ ਮੱਝਾ ਚੋਰੀ ਕੀਤੀਆਂ ਸਨ ਅਤੇ ਉਸ ਤੋਂ ਬਾਅਦ 22 ਤਰੀਕ ਦੀ ਦੇਰ ਰਾਤ ਨੂੰ ਪਿੰਡ ਦੇ ਹੀ ਰਹਿਣ ਵਾਲੇ ਜਸਮਿੱਤਰ ਸਿੰਘ ਅਤੇ ਹਰਸਿਮਰਨ ਸਿੰਘ ਦੇ ਡੇਰੇ ਤੋਂ ਦੋ ਮੱਝਾ ਅਤੇ ਕੱਟਾ ਚੋਰੀ ਕੀਤਾ ਸੀ। ਜਿਨ੍ਹਾਂ ਨੂੰ ਉਨ੍ਹਾਂ ਨੇ ਵੱਖ ਵੱਖ ਪਸੂ ਮੰਡੀਆਂ ਵਿੱਚ ਵੇਚ ਦਿੱਤਾ ਹੈ। ਪੁਲਿਸ ਵੱਲੋਂ ਬਲੇਰੋ ਗੱਡੀ ਅਤੇ ਨਗਦੀ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਉਕਤ ਦੋਸ਼ੀਆਂ ਤੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।