Skip to content
Independent perspectives. Global stories.
BREAKING

ਪੰਜਾਬ ਵਿੱਚ 158 ਫਰਦ ਕੇਂਦਰ ਆਨਲਾਈਨ

Share this story

ਜ਼ਮੀਨ ਮਾਲਕ ਹੁਣ ਸੂਬੇ ਦੇ ਕਿਸੇ ਵੀ ਫਰਦ ਕੇਂਦਰ ’ਚੋਂ ਲੈ ਸਕਣਗੇ ਜਮ੍ਹਾਂਬੰਦੀ ਦੀ ਤਸਦੀਕਸ਼ੁਦਾ ਨਕਲ

ਚੰਡੀਗੜ੍ਹ, 5 ਅਕਤੂਬਰ- ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ-ਮੁਕਤ ਅਤੇ ਪਰੇਸ਼ਾਨੀ ਰਹਿਤ ਸੇਵਾਵਾਂ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਮਾਲ ਵਿਭਾਗ ਵੱਲੋਂ ਕੁੱਲ 164 ਫਰਦ ਕੇਂਦਰਾਂ ’ਚੋਂ 158 ਕੇਂਦਰ ਆਨਲਾਈਨ ਕਰ ਦਿੱਤੇ ਗਏ ਹਨ। ਇਸ ਉਪਰਾਲੇ ਸਦਕਾ ਹੁਣ ਕੋਈ ਵੀ ਜ਼ਮੀਨ-ਮਾਲਕ ਸੂਬੇ ਦੇ ਕਿਸੇ ਵੀ ਫਰਦ ਕੇਂਦਰ ਵਿੱਚੋਂ ਜਮ੍ਹਾਂਬੰਦੀ ਦੀ ਤਸਦੀਕਸ਼ੁਦਾ ਨਕਲ ਲੈ ਸਕਦਾ ਹੈ। ਜ਼ਿਕਰਯੋਗ ਹੈ ਕਿ ਮਾਲ ਵਿਭਾਗ ਵੱਲੋਂ ਸਾਲ 2004 ਵਿੱਚ ਸੂਬੇ ਦੇ ਸਮੁੱਚੇ ਮਾਲ ਰਿਕਾਰਡ ਦੇ ਕੰਪਿਊਟਰੀਕਰਨ (ਡਿਜੀਟਾਈਜ਼ੇਸ਼ਨ) ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਜ਼ਮੀਨਾਂ ਨਾਲ ਸਬੰਧਤ ਰਿਕਾਰਡ ਨੂੰ ਆਨਲਾਈਨ ਮੁਹੱਈਆ ਕਰਾਇਆ ਜਾ ਸਕੇ। ਇਸ ਸਬੰਧੀ ਪੰਜਾਬ ਦੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਸੂਬੇ ਦੇ ਕੁੱਲ ਤਕਰੀਬਨ 13000 ਪਿੰਡਾਂ ਵਿੱਚੋਂ ਮਹਿਜ਼ 100 ਸ਼ਹਿਰੀ ਪਿੰਡਾਂ ਦਾ ਮਾਲ ਰਿਕਾਰਡ ਗੁੰਝਲਦਾਰ ਹੋਣ ਕਾਰਨ ਆਨਲਾਈਨ ਕਰਨ ਤੋਂ ਰਹਿ ਗਿਆ ਹੈ। ਇਨ੍ਹਾਂ ਪਿੰਡਾਂ ਦੇ ਮਾਲ ਰਿਕਾਰਡ ਨੂੰ ਆਨਲਾਈਨ ਕਰਨ ਦਾ ਕੰਮ ਵੀ ਜ਼ੋਰਾਂ ’ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਮਾਲ ਰਿਕਾਰਡ ਬਿਨਾਂ ਕਿਸੇ ਦੇਰੀ ਤੋਂ ਸਿੱਧਾ ਕੇਂਦਰੀ ਸਰਵਰ (ਕਲਾਊਡ) ਉਤੇ ਅਪਡੇਟ ਕੀਤਾ ਜਾਵੇਗਾ।

WRITTEN BY