May 4, 2026 5:01 pm

ਪੰਜਾਬ ’ਚ ਗਊਸ਼ਾਲਾਵਾਂ ’ਚ ਪਕੇ ਸ਼ੈਡਾਂ ਲਈ 10 ਕਰੋੜ ਖਰਚੇ ਜਾਣਗੇ : ਸ. ਬਲਬੀਰ ਸਿੰਘ ਸਿੱਧੂ

ਲਾਲੜੂ/ਡੇਰਾਬਸੀ, 27 ਸਤੰਬਰ (ਧਾਮੀ ਸ਼ਰਮਾ)- ਪਿੰਡ ਮਗਰਾ (ਲਾਲੜੂ) ਸਥਿਤ ਗਊਸ਼ਾਲਾ ਵਿਚ ਪਿਛਲੇ ਦਿਨੀਂ ਭੁਖ ਅਤੇ ਬਿਮਾਰੀ ਨਾਲ ਮਰੀਆਂ ਪੰਜ ਗਾਵਾਂ ਦਾ ਸਖਤ ਨੋਟਿਸ ਲੈਂਦਿਆਂ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਬਲਬੀਰ ਸਿੰਘ ਸਿਧੂ ਨੇ ਗਊਸ਼ਾਲਾ ਦਾ ਦੌਰਾ ਕਰਨ ਸਮੇਂ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਜੇਕਰ ਗਊਸ਼ਾਲਾ ਦਾ ਪ੍ਰਬੰਧ ਚਲਾਉਣ ਵਾਲੀ ਧਿਆਨ ਫਾਊਂਡੇਸ਼ਨ ਦੀ ਅਣਗਹਿਲੀ ਸਾਹਮਣੇ ਆਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।ਸ. ਸਿੱਧੂ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦਸਿਆ ਕਿ ਪੰਜਾਬ ਵਿਚ ਅਜੇ ਵੀ ਢਾਈ ਲਖ ਦੇ ਕਰੀਬ ਅਵਾਰਾ ਪਸ਼ੂ ਸੜਕਾਂ ਆਦਿ ਤੇ ਘੁੰਮਦੇ ਹਨ। ਜਿਹੜੇ ਕਿ ਸਾਡੇ ਲਈ ਗੰਭੀਰ ਚੁਣੌਤੀ ਹਨ। ਜਿਨ੍ਹਾਂ ਕਾਰਨ ਅਕਸਰ ਸੜਕੀ ਹਾਦਸੇ ਵੀ ਵਾਪਰਦੇ ਹਨ।ਪੰਜਾਬ ਸਰਕਾਰ ਅਵਾਰਾ ਪਸ਼ੂਆਂ ਨੂੰ ਨਥ ਪਾਉਣ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਅਤੇ ਇਕ ਠੋਸ ਨੀਤੀ ਤਿਆਰ ਕੀਤੀ ਜਾਵੇਗੀ।
ਸ. ਸਿਧੂ ਨੇ ਦਸਿਆ ਕਿ ਰਾਜ ਵਿਚ ਗਊਸ਼ਾਲਾਵਾਂ ਵਿਖੇ 10 ਕਰੋੜ ਰੁਪਏ ਦੀ ਲਾਗਤ ਨਾਲ ਪਕੇ ਸ਼ੈਡ ਉਸਾਰੇ ਜਾਣਗੇ ਅਤੇ ਪਿੰਡ ਮਗਰਾ ਸਥਿਤ ਗਊਸ਼ਾਲਾ ਵਿਚ ਵੀ ਇਕ ਪਕਾ ਸ਼ੈਡ ਉਸਾਰਿਆ ਜਾਵੇਗਾ।ਪਤਰਕਾਰਾਂ ਵਲੋਂ ਗਊਸ਼ਾਲਾ ਦਾ ਪ੍ਰਬੰਧ ਚਲਾਉਣ ਵਾਲੀ ਧਿਆਨ ਫਾਊਂਡੇਸ਼ਨ ਵਲੋਂ ਵਰਤੀ ਜਾ ਰਹੀ ਅਣਗਹਿਲੀ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਦੇ ਕੰਮ ਕਾਜ ਦੀ ਮੁਕੰਮਲ ਜਾਂਚ ਕਰਵਾਈ ਜਾਵੇਗੀ। ਦੋਸ਼ੀ ਪਾਏ ਜਾਣ ਤੇ ਦੋਸ਼ੀਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਮੌਕੇ ਤੇ ਹੀ ਮੌਜੂਦ ਐਸ.ਡੀ.ਐਮ. ਅਤੇ ਤਹਿਸੀਲਦਾਰ ਨੂੰ ਹਫਤੇ ਦੇ ਅੰਦਰ-ਅੰਦਰ ਰਿਪੋਰਟ ਤਿਆਰ ਕਰਕੇ ਭੇਜਣ ਦੀ ਹਦਾਇਤ ਵੀ ਦਿਤੀ ਅਤੇ ਹਫਤੇ ਵਿਚ ਇਕ ਵਾਰ ਗਊਸ਼ਾਲਾ ਦੀ ਚੈਕਿੰਗ ਕਰਨ ਦੀਆਂ ਹਦਾਇਤਾਂ ਵੀ ਦਿਤੀਆਂ।ਇਸ ਮੌਕੇ ਸ. ਸਿਧੂ ਦੇ ਸਿਆਸੀ ਸਕਤਰ ਸ੍ਰੀ ਹਰਕੇਸ਼ ਚੰਦ ਸ਼ਰਮਾ, ਐਸ.ਡੀ.ਐਮ. ਡੇਰਾਬਸੀ ਪਰਮਜੀਤ ਸਿੰਘ, ਕਾਰਜ ਸਾਧਕ ਅਫਸਰ ਅਸ਼ੋਕ ਕੁਮਾਰ , ਕਾਂਗਰਸੀ ਆਗੂ ਲਖਵਿੰਦਰ ਸਿੰਘ ਹੈਪੀ ਸਮੇਤ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Send this to a friend