ਜਗਰਾਉਂ, 21 ਸਤੰਬਰ (ਪਰਮਜੀਤ ਸਿੰਘ ਗਰੇਵਾਲ)- ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਸੰਪ੍ਰਦਾਇ ਦੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ’ਤੇ 550 ਲੱਖ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਰਾਜਨੀਤਿਕਾਂ, ਸਮਾਜ ਸੇਵੀ, ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ, ਸੰਤ ਮਹਾਂਪੁਰਸ਼, ਵਾਤਾਵਰਣ ਪ੍ਰੇਮੀ ਅਤੇ ਵਿਦਿਆਰਥੀਆਂ ਨੇ ਮਨੁੱਖੀ ਕੜੀ ਬਣਾ ਕੇ ਹਜ਼ਾਰਾਂ ਬੂਟੇ ਲਗਾਏ। ਲੁਧਿਆਣਾ-ਫਿਰੋਜ਼ਪੁਰ ਕੌਮੀ ਮਾਰਗ ’ਤੇ ਨਾਨਕਸਰ ਪੁਲ ’ਤੇ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨਾਨਕਸਰ ਸੰਪ੍ਰਦਾਇ ਦੇ ਸੰਤ ਬਾਬਾ ਲੱਖਾ ਸਿੰਘ ਵੱਲੋਂ ਦਹਾਕਿਆਂ ਤੋਂ ਪੰਜਾਬ ਦੇ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਛੇੜੀ ਮੁਹਿੰਮ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ’ਤੇ 550 ਲੱਖ ਬੂਟੇ ਲਗਾਉਣ ਦੀ ਮੁਹਿੰਮ ਸ਼ਲਾਘਾਯੋਗ ਹੀ ਨਹੀਂ ਮਹਾਨ ਹੈ। ਅੱਜ ਪੰਜਾਬ ਦਾ ਵਾਤਾਵਰਣ ਜਿਸ ਤਰ੍ਹਾਂ ਗੰਧਲਾ ਹੋ ਚੁੱਕਾ ਹੈ, ਉਸ ਦੇ ਲਈ ਜੇ ਪੰਜਾਬ ਦਾ ਹਰ ਇਕ ਵਸਨੀਕ ਚਿੰਤਤ ਨਾ ਹੋਇਆ ਤਾਂ ਆਉਣ ਵਾਲਾ ਸਮਾਂ ਖਤਰਨਾਕ ਦੇ ਭਿਆਨਕ ਹੋਵੇਗਾ। ਉਨ੍ਹਾਂ ਸੰਤ ਬਾਬਾ ਲੱਖਾ ਸਿੰਘ ਅਤੇ ਉਨ੍ਹਾਂ ਦੀ ਮੁਹਿੰਮ ਨਾਲ ਜੁੜੀ ਹਰ ਇਕ ਸ਼ਖ਼ਸੀਅਤ ਅਤੇ ਸੰਗਤਾਂ ਨੂੰ ਹਰਿਆਲੀ ਦੇ ਪਹਿਰੇਦਾਰ ਹੀਰੋਂ ਦੱਸਦਿਆਂ ਇਸ ਮੁਹਿੰਮ ਦੀ ਸਫ਼ਲਤਾ ਦੀ ਕਾਮਨਾ ਕੀਤੀ ਅਤੇ ਸਮੁੱਚੀ ਲੁਕਾਈ ਨੂੰ ਨਾਨਕਸਰ ਸੰਪ੍ਰਦਾਇ ਵੱਲੋਂ ਆਰੰਭ ਕੀਤੀ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਕਿਹਾ ਕਿ ਮੁਹਿੰਮ ’ਚ ਸਿਰਫ਼ ਬੂਟੇ ਲਗਾਏ ਹੀ ਨਹੀਂ ਪਾਲੇ ਵੀ ਜਾਣਗੇ ਅਤੇ ਇਸ ਨੂੰ ਸੱਚ ਕਰਨ ਲਈ ਹਰ ਇਕ ਬੂਟਾ ਲਗਾਉਣ ਵਾਲੇ ਸੇਵਾਦਾਰ ਨੂੰ ਸੇਵਾ ਦੀ ਸੇਵਾ ਸੌਪੀ ਗਈ ਹੈ। ਉਨ੍ਹਾਂ ਬੂਟੇ ਲਗਾਉਣ ਦੀ ਮੁਹਿੰਮ ’ਚ ਅੜਿੱਕਾ ਬਣਦੇ ਅਵਾਰਾ ਪਸ਼ੂਆਂ ਦਾ ਖਾਸ ਜ਼ਿਕਰ ਕਰਦੇ ਕਿਹਾ ਕਿ ਇਸੇ ਕੌਮੀ ਮਾਰਗ ’ਤੇ 7 ਵਾਰ ਲੱਖਾਂ ਰੁਪਏ ਦੀ ਬੂਟੇ ਲਗਾ ਚੁੱਕੇ ਹਨ ਅਤੇ ਅਵਾਰਾ ਪਸ਼ੂ ਇਨ੍ਹਾਂ ਬੂਟਿਆਂ ਦਾ ਉਜਾੜਾ ਕਰ ਰਹੇ ਹਨ। ਉਨ੍ਹਾਂ ਜਗਰਾਉਂ ਪ੍ਰਸ਼ਾਸ਼ਨ ਤੋਂ ਬੂਟਿਆਂ ਦੀ ਪਸ਼ੂਆਂ ਤੋਂ ਰਖਵਾਲੀ ਲਈ ਉਪਰਾਲਾ ਕਰਨ ਲਈ ਕਿਹਾ। ਇਸ ਮੁਹਿੰਮ ਦੌਰਾਨ ਜਿੱਥੇ ਸੰਗਤਾਂ ਅਤੇ ਸ਼ਖ਼ਸੀਅਤਾਂ ਨੇ ਮਨੁੱਖੀ ਕੜੀ ਬਣਾ ਕੇ 550 ਲੱਖ ਬੂਟੇ ਲਗਾਉਣ ਦੀ ਮੁਹਿੰਮ ਦੇ ਅੱਜ ਪਹਿਲੇ ਦਿਨ ਹੀ ਹਜ਼ਾਰਾਂ ਬੂਟੇ ਲਗਾਏ, ਉਥੇ ਸੈਕੜੇ ਸਕੂਲੀ ਵਿਦਿਆਰਥੀਆਂ ਨੇ ਸੰਗਤਾਂ ਨੂੰ ਬੂਟੇ ਲਗਾਉਣ ਅਤੇ ਬੂਟਿਆਂ ਦੀ ਸਾਂਭ-ਸੰਭਾਲ ਦਾ ਸੁਨੇਹਾ ਦਿੱਤਾ। ਇਸ ਮੌਕੇ ਸੰਪ੍ਰਦਾਇ ਦੇ ਸੰਤ ਬਾਬਾ ਗੁਰਮੇਲ ਸਿੰਘ, ਇੰਗਲੈਂਡ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਕਥਾ ਵਾਚਕ ਅਮਰਜੀਤ ਸਿੰਘ ਗੁਲਸ਼ਨ, ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ, ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਵਿਧਾਇਕ ਹਰਜੋਤ ਕਮਲ, ਸਾਬਕਾ ਵਿਧਾਇਕ ਐਸ. ਆਰ. ਕਲੇਰ ਅਤੇ ਭਾਗ ਸਿੰਘ ਮੱਲ੍ਹਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਭਾਈ ਅਮਰਜੀਤ ਸਿੰਘ ਚਾਵਲਾ, ਐਸ. ਪੀ. ਗੁਰਦੀਪ ਸਿੰਘ, ਡੀ. ਐਸ. ਪੀ. ਪ੍ਰਭਜੋਤ ਕੌਰ, ਡੀ. ਐਸ. ਪੀ. ਹਰਪਿੰਦਰ ਕੌਰ, ਭਾਈ ਧਰਮਿੰਦਰ ਸਿੰਘ ਨਾਨਕਸਰ ਬਾਬਾ ਭਾਗ ਸਿੰਘ, ਬਾਬਾ ਗੁਰਚਰਨ ਸਿੰਘ, ਬਾਬਾ ਤੇਜਿੰਦਰ ਸਿੰਘ ਜਿੰਦੂ, ਬਾਬਾ ਸਰਦਾਰਾ ਸਿੰਘ, ਸੰਤ ਬਾਬਾ ਘਾਲਾ ਸਿੰਘ ਵੱਲੋਂ ਬਾਬਾ ਮੇਹਰ ਸਿੰਘ, ਭਾਈ ਆਗਿਆਪਾਲ ਸਿੰਘ, ਭਾਈ ਗੋਰਾ ਸਿੰਘ, ਬਾਬਾ ਬਲਜੀਤ ਸਿੰਘ ਤੇ ਬਾਬਾ ਸਤਨਾਮ ਸਿੰਘ ਸ਼ੀਸ਼ ਮਹਿਲ ਆਦਿ ਹਾਜ਼ਰ ਸਨ।