May 2, 2026 2:29 am

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ: ਨਸ਼ੇ ਦੀ ਤਸਕਰੀ ਰੋਕਣ ਲਈ ਪੁਲਿਸ ਮੁਸਤੈਦ : ਐਸ.ਐਸ.ਪੀ. ਮਨਧੀਰ ਸਿੰਘ

20 ਪੇਟੀਆਂ ਸ਼ਰਾਬ ਸਮੇਤ ਇਕ ਹੋਰ ਕੀਤਾ ਕਾਬੂ

ਮਾਨਸਾ, 4 ਸਤੰਬਰ (ਵਕੀਲ ਬਾਂਸਲ)- ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿਚ ਕਿਸੇ ਵੀ ਕਿਸਮ ਦੇ ਪਾਬੰਦੀਸ਼ੁਦਾ ਨਸ਼ੇ, ਖਾਸ ਤੌਰ ਤੇ ਨਜਾਇਜ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਮਾਨਸਾ ਪੁਲਿਸ ਪੂਰਨ ਤੌਰ ’ਤੇ ਮੁਸਤੈਦ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਮਾਨਸਾ ਦੇ ਐਸ.ਐਸ.ਪੀ. ਸ੍ਰ. ਮਨਧੀਰ ਸਿੰਘ ਨੇ ਅੱਜ ਪ੍ਰੈਸ ਨੂੰ ਜਾਰੀ ਇਕ ਬਿਆਨ ਵਿੱਚ ਦੱਸਿਆ ਕਿ ਸੋਮਵਾਰ ਨੂੰ ਸੀ.ਆਈ.ਏ. ਸਟਾਫ਼ ਨੇ ਇੱਕ ਹੋਰ ਵਿਅਕਤੀ ਨੂੰ 20 ਪੇਟੀਆਂ ਸ਼ਰਾਬ ਸਮੇਤ ਪਿੰਡ ਆਲਮਪੁਰ ਮੰਦਰਾਂ ਤੋਂ ਕਾਬੂ ਕੀਤਾ ਹੈ। ਇਸ ਤੋਂ ਪਹਿਲਾਂ 26 ਅਗਸਤ ਨੂੰ ਸੀ.ਆਈ.ਏ. ਸਟਾਫ਼ ਨੇ ਇਕ ਸ਼ਰਾਬ ਦੇ ਤਸਕਰ ਨੂੰ ਸਰਦੂਲਗੜ੍ਹ ਵਿਖੇ 20 ਪੇਟੀਆਂ ਸ਼ਰਾਬ ਦੀ ਤਸਕਰੀ ਕਰਦਿਆਂ ਫੜ੍ਹਿਆ ਸੀ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਲੋਕਾਂ ਨੂੰ ਲੁਭਾਉਣ ਲਈ ਆਮ ਤੌਰ ਤੇ ਸ਼ਰਾਬ ਦੀ ਵਰਤੋ ਕੀਤੀ ਜਾਂਦੀ ਹੈ ਜੋ ਕਿ ਗੈਰ ਕਾਨੂੰਨੀ ਹੈ। ਇਸ ਲਈ ਇਹ ਯਕੀਨੀ ਬਣਾਉਣ ਲਈ ਕਿ ਚੋਣਾਂ ਦੌਰਾਨ ਕਿਸੇ ਵੀ ਕਿਸਮ ਦੀ ਸ਼ਰਾਬ ਦੀ ਵਰਤੋ ਨਾ ਹੋਵੇ, ਪੰਜਾਬ ਹਰਿਆਣਾ ਸਰਹੱਦ ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਸੀ.ਆਈ.ਏ. ਇੰਚਾਰਜ ਸ੍ਰੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਫੜ੍ਹੇ ਗਏ  ਦੋਸ਼ੀ ਦੀ ਪਹਿਚਾਣ ਕਮਲਜੀਤ ਸਿੰਘ ਵਾਸੀ ਪਿੰਡ ਖੁੱਡੀ ਕਲਾਂ, ਜਿਲ੍ਹਾ ਬਰਨਾਲਾ ਵਜ਼ੋਂ ਹੋਈ ਹੈ। ਇਸ ਕੋਲੋਂ 20 ਪੇਟੀਆਂ ਸ਼ਰਾਬ ਅਤੇ ਤਸਕਰੀ ਲਈ ਵਰਤੀ ਗਈ ਇਕ ਓਪਲ ਕੋਰਸਾ ਕਾਰ ਵੀ ਬਰਾਮਦ ਕੀਤੀ ਗਈ ਹੈ।

Send this to a friend