ਫਰੀਦਕੋਟ, 31 ਅਗਸਤ (ਗੁਰਜੀਤ ਰੋਮਾਣਾ)- ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਨਿਰਪਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣ। ਇਹ ਹਿਦਾਇਤ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫਸਰ ਸ੍ਰੀ ਰਾਜੀਵ ਪਰਾਸ਼ਰ ਨੇ ਜ਼ਿਲੇ ਦੇ ਸਮੂਹ ਰਿਟਰਨਿੰਗ ਅਫ਼ਸਰਾਂ, ਸਹਾਇਕ ਰਿਟਰਨਿੰਗ ਅਫਸਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤੇ।ਜ਼ਿਲ੍ਹਾ ਚੋਣ ਅਫਸਰ ਨੇ ਦਸਿਆ ਕਿ ਰਾਜ ਚੋਣ ਕਮਿਸ਼ਨਰ ਵਲੋਂ ਚੋਣਾ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਗਿਆ ਹੈ ਤੇ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ ਚੋਣ ਜ਼ਾਬਤਾ ਚੋਣ ਅਮਲ ਮੁਕੰਮਲ ਹੋਣ ਤਕ ਲਾਗੂ ਰਹੇਗਾ।ਇਸ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ 04 ਸਤੰਬਰ ਤੋਂ 07 ਸਤੰਬਰ ਤਕ ਨਾਮਜ਼ਦਗੀ ਪੇਪਰ ਭਰੇ ਜਾਣਗੇ, ਜਦਕਿ 10 ਸਤੰਬਰ ਨੂੰ ਨਾਮਜ਼ਦਗੀ ਪਤਰਾਂ ਦੀ ਪੜਤਾਲ ਕੀਤੀ ਜਾਵੇਗੀ। 11 ਸਤੰਬਰ ਨੂੰ ਨਾਮਜ਼ਦਗੀ ਪੇਪਰ ਵਾਪਸ ਲਏ ਜਾ ਸਕਦੇ ਹਨ, ਉਪਰੰਤ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। 19 ਸਤੰਬਰ ਨੂੰ ਸਵੇਰੇ 8 ਵਜੇ ਤੋਂ 4 ਵਜੇ ਤਕ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਹੋਵੇਗੀ।ਉਨ੍ਹਾਂ ਚੋਣ ਪ੍ਰਕ੍ਰਿਆ ਮੁਕੰਮਲ ਕਰਨ ਲਈ ਤਾਇਨਾਤ ਕੀਤੇ ਅਧਿਕਾਰੀਆਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਉਨਾਂ ਕਿਹਾ ਕਿ ਨਾਮਜ਼ਦਗੀ ਪਤਰ ਸਵੇਰੇ 11 ਵਜੇ ਤੋਂ 3 ਵਜੇ ਤਕ ਪ੍ਰਾਪਤ ਕੀਤੇ ਜਾਣ ਅਤੇ ਇਸ ਪ੍ਰਕ੍ਰਿਆ ਦੌਰਾਨ ਕਿਸੇ ਤਰਾਂ ਦੀ ਕੋਈ ਕਮੀ ਪੇਸ਼ੀ ਨਾ ਰਹੇ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰੀਸ਼ਦ ਵਿਚ ਪੈਂਦੇ 10 ਜ਼ੋਨ ਜਿੰਨਾਂ ਵਿਚ ਸਾਦਿਕ, ਸੰਧਵਾਂ, ਵਾੜਾ ਦਰਾਕਾ, ਬਰਗਾੜੀ, ਗੋਲੇਵਾਲਾ, ਰੋੜੀ ਕਪੂਰਾ, ਮਚਾਕੀ ਮਲ ਸਿੰਘ, ਜਿਉਣ ਵਾਲਾ ਤੇ ਬਾਜਖਾਨਾ ਸ਼ਾਮਲ ਹਨ ਅਤੇ 03 ਪੰਚਾਇਤ ਸੰਮਤੀਆਂ ਜਿੰਨਾਂ ਜੈਤੋ, ਕੋਟਕਪੂਰਾ ਅਤੇ ਫਰੀਦਕੋਟ ਦੇ 62 ਜ਼ੋਨ ਬਣਾਏ ਗਏ ਹਨ ਜਿੰਨਾਂ ਵਿਚ ਫਰੀਦਕੋਟ ਪੰਚਾਇਤ ਸੰਮਤੀ ਦੇ 25 ਜੋਨ, ਕੋਟਕਪੂਰਾ ਦੇ 16 ਅਤੇ ਜੈਤੋ ਦੇ 21 ਪੰਚਾਇਤ ਸੰਮਤੀਆਂ ਸ਼ਾਮਲ ਹਨ।ਉਨਾਂ ਦਸਿਆ ਕਿ ਜ਼ਿਲਾ ਪ੍ਰੀਸ਼ਦ ਲਈ ਰਿਟਰਨਿੰਗ ਅਫਸਰ (ਜਨਰਲ) ਸ. ਗੁਰਜੀਤ ਸਿੰਘ ਹੋਣਗੇ, ਜਦਕਿ ਪੰਚਾਇਤ ਸੰਮਤੀ ਫਰੀਦਕੋਟ ਲਈ ਐਸ.ਡੀ.ਐਮ ਫਰੀਦਕੋਟ ਸ. ਪਰਮਦੀਪ ਸਿੰਘ, ਕੋਟਕਪੂਰਾ ਲਈ ਸਕਤਰ ਆਰ.ਟੀ.ਏ ਸ. ਹਰਦੀਪ ਸਿੰਘ ਅਤੇ ਬਲਾਕ ਸੰਮਤੀ ਜੈਤੋ ਲਈ ਐਸ.ਡੀ.ਐਮ ਡਾ. ਮਨਦੀਪ ਕੌਰ ਰਿਟਰਨਿੰਗ ਅਫਸਰ ਹੋਣਗੇ।ਮੀਟਿੰਗ ਦੋਰਾਨ ਹੋਰਨਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ: ਗੁਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਪਰਮਜੀਤ ਕੌਰ, ਐਸ.ਡੀ.ਐਮ. ਫਰੀਦਕੋਟ,ਕੋਟਕਪੂਰਾ ਸ. ਪਰਮਦੀਪ ਸਿੰਘ, ਐਸ.ਡੀ.ਐਮ. ਜੈਤੋ ਡਾ. ਮਨਦੀਪ ਕੌਰ , ਸਹਾਇਕ ਕਮਿਸ਼ਨਰ(ਜ) ਸ: ਬਬਨਜੀਤ ਸਿੰਘ, ਤਹਿਸੀਲਦਾਰ ਫਰੀਦਕਟ ਸ੍ਰੀ ਰਮੇਸ਼ ਜੈਨ ਅਤੇ ਡੀ.ਆਈ.ਓੁ.ਸ਼੍ਰੀ ਅਨਿਲ ਕੁਮਾਰ ਵੀ ਹਾਜਰ ਸਨ।