ਸ਼ੇਰਪੁਰ, 31 ਅਗਸਤ (ਧੀਰਜ ਗੋਇਲ)- ਸਥਾਨਿਕ ਸਰਕਾਰੀ ਹਸਪਤਾਲ ਵਿਖੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਭੁੱਖ ਹੜਤਾਲ ਤੇ ਬੈਠੀ ਐਕਸਨ ਕਮੇਟੀ ਦੇ ਆਗੂਆਂ ਵੱਲੋਂ ਐਸ.ਐਮ.ਓ ਧੂਰੀ ਦਾ ਘਿਰਾਓ ਕਰਕੇ ਧਰਨੇ ਵਿਚ ਬਿਠਾ ਲਿਆ । ਇਸ ਮੋਕੇ ਐਕਸਨ ਕਮੇਟੀ ਦੇ ਆਗੂ ਸੁਖਦੇਵ ਸਿੰਘ ਬੜੀ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਐਮਰਜੈਂਸੀ ਸੇਵਾਵਾਂ ਦੇਣ ਦੇ ਨਾਮ ਤੇ ਐਕਸਨ ਕਮੇਟੀ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ । ਉਨਾਂ ਕਿਹਾ ਕਿ ਮਹਿਕਮੇ ਵੱਲੋਂ ਇੱਕ ਦਿਨ ਰਾਤ ਸਮੇਂ ਦੀਆਂ ਸੇਵਾਵਾਂ ਸੁਰੂ ਕਰਕੇ ਮੁੜ ਬੰਦ ਕਰ ਦਿੱਤੀਆਂ । ਐਕਸਨ ਕਮੇਟੀ ਦੇ ਆਗੂ ਮਾ: ਹਰਬੰਸ ਸਿੰਘ ਸ਼ੇਰਪੁਰ ਨੇ ਵਿਭਾਗ ਤੇ ਲੋਕ ਸੰਘਰਸ ਦੀ ਪ੍ਰਵਾਹ ਨਾ ਕਰਨ ਦਾ ਦੋਸ ਲਗਾਉਦਿਆਂ ਕਿਹਾ ਕਿ ਐਸ.ਐਮ.ਓ ਦੀਆਂ ਬਦਲੀਆਂ ਅਤੇ ਬੀਤੀ ਕੱਲ 89 ਡਾਕਟਰਾਂ ਦੀਆਂ ਬਦਲੀਆਂ ਦੀ ਸੂਚੀ ਵਿਚ ਸ਼ੇਰਪੁਰ ਨੂੰ ਕੋਈ ਡਾਕਟਰ ਨਹੀ ਦਿੱਤਾ ਗਿਆ , ਜ਼ਿਲਾ ਬਰਨਾਲਾ ਅਤੇ ਜ਼ਿਲਾ ਲੁਧਿਆਣਾ ਤੋਂ ਕ੍ਰਮਵਾਰ ਡਾਟਕਰ ਰਾਹੁਲ ਬਾਂਸਲ ਅਤੇ ਡਾ. ਜਸਵੰਤ ਸਿੰਘ ਦੀ ਵੀ ਪੱਕੇ ਤੋਰ ਤੇ ਸ਼ੇਰਪੁਰ ਦੀ ਬਦਲੀ ਕਰਨ ਦੀ ਥਾਂ ਆਰਜ਼ੀ ਪ੍ਰਬੰਧਾਂ ਤਹਿਤ ਬਦਲੀ ਕੀਤੀ ਗਈ ਸੀ , ਪ੍ਰੰਤੂ ਹਾਲੇ ਤੱਕ ਉਹ ਰਿਲੀਵ ਨਹੀ ਹੋਏ। ਜ਼ਿਕਰਯੋਗ ਹੈ ਕਿ ਸਿਵਲ ਸਰਜਨ ਦਫਤਰ ਸੰਗਰੂਰ ਵੱਲੋਂ ਨਵਾ ਰੋਸਟਰ ਜਾਰੀ ਕੀਤਾ ਗਿਆ ਸੀ, ਜਿਸ ਵਿਚ ਇੱਕ ਡਾਕਟਰ ਵੱਲੋਂ ਛੁੱਟੀ ਲੈ ਜਾਣ ਤੋਂ ਬਾਅਦ 2 ਡਾਕਟਰ ਰਹਿ ਗਏ, ਜਿੰਨਾਂ ਨੇ ਵੀ ਦਿਨ ਦੀ ਡਿਊਟੀ 8 ਵਜੇਂ ਤੋਂ ਲੈਕੇ ਸਾਮ 5 ਵਜੇਂ ਤੱਕ ਰੱਖੀ ਗਈ ਹੈ। ਜਿਸ ਕਰਕੇ ਧਰਨੇ ਤੇ ਬੈਠੇ ਆਗੂਆਂ ਦਾ ਸਿਹਤ ਵਿਭਾਗ ਪ੍ਰਤੀ ਰੋਸ਼ ਹੋਰ ਵਧ ਗਿਆ। ਐਸ.ਡੀ.ਐਮ ਨੇ ਸੁਣੀ ਸੰਘਰਸ ਕਮੇਟੀ ਦੀ ਗੱਲ : ਇਸ ਮੋਕੇ ਸਬ ਡਵੀਜਨ ਧੂਰੀ ਦੇ ਐਸ.ਡੀ.ਐਮ ਦੀਪਕ ਰੁਹੇਲਾ ਅਤੇ ਸਿਵਲ ਸਜਰਨ ਡਾ. ਅਰੁਣ ਗੁਪਤਾ ਨੇ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਵਿਸਵਾਸ ਦਿਵਾਇਆ ਕਿ ਹਸਪਤਾਲ ਵਿਚ ਐਮਰਜੈਂਸੀ ਸੇਵਾਵਾਂ ਸੁਰੂ ਕਰਵਾਉਣ ਲਈ ਵੱਖ ਵੱਖ ਥਾਵਾ ਤੋਂ ਤਿੰਨ ਐਸ.ਐਮ.ਓ ਦੀਆਂ ਡਿਊਟੀ ਲਗਾਈ ਜਾਵੇਗੀ, ਜੋਂ ਕਿ ਸਿਵਲ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਲਈ ਸ਼ੇਰਪੁਰ ਵਿਖੇ ਡਾਕਟਰ ਭੇਜਣਗੇ। ਦੂਜੇ ਪਾਸੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਐਮਰਜੈਂਸੀ ਸਹੂਲਤਾ ਸੁਰੂ ਕਰਨ ਲਈ ਨਾ ਤਾਂ ਲੋੜੀਦੇ ਬੈਡ ਹਨ ਅਤੇ ਨਾ ਹੀ ਡਾਕਟਰੀ ਔਜਾਰ, ਇਸ ਤਰਾਂ ਐਮਰਜੈਂਸੀ ਸੇਵਾਵਾਂ ਕਿਵੇ ਸੁਰੂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਦੀਆਂ ਘਾਟਾਂ ਪੁਰੀਆਂ ਹੋਣ ਤੱਕ ਸੰਘਰਸ ਜਾਰੀ ਰਹੇਗਾ। ਇਸ ਤਰਾਂ ਅੱਜ ਵੀ ਮਾਮਲਾ ਕਿਸੇ ਤਨ ਪਤਨ ਨਹੀ ਲੱਗਿਆ।