ਚੰਡੀਗੜ – ਹਰਿਆਣਾ ਦੇ ਰਾਜਪਾਲ ਪ੍ਰੋਫ਼ੈਸਰ ਕਪਤਾਨ ਸਿੰਘ ਕੈਪਟਨ ਸਿੰਘ ਸੋਲਕੀ ਨੇ ਕੇਰਲ ਵਿਚ ਹੱੜ ਪੀੜਿਤਾਂ ਨੂੰ ਰਾਹਤ ਤੇ ਮੁੜ ਵਸੇਵੇ ਲਈ ਰਾਹਤ ਸਮੱਗਰੀ ਦੇ ਟਰੱਕਾਂ ਨੂੰ ਰਾਜ ਭਵਨ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਕ ਕਰੋੜ 4 ਲੱਖ ਰੁਪਏ ਮੁੱਲ ਦੀ ਇਹ ਰਾਹਤ ਸਮੱਗਰੀ ਭਾਰਤੀ ਰੈਡਕ੍ਰਾਸ ਕਮੇਟੀ, ਹਰਿਆਣਾ ਰਾਜ ਸ਼ਾਖਾ ਵੱਲੋਂ ਭੇਜੀ ਗਈ ਹੈ। ਇਹ ਰਾਹਤ ਸਮੱਗਰੀ ਭਾਰਤੀ ਰੈਡਕ੍ਰਾਸ ਕਮੇਟੀ, ਹਰਿਆਣਾ ਰਾਜ ਸ਼ਾਖਾ ਦੇ ਵਾਇਸ ਚੇਅਰਮੈਨ ਡਾ. ਮੁਕੇਸ਼ ਅਗਰਵਾਲ, ਮਹਾ ਸਕੱਤਰ ਡੀ.ਆਰ. ਸ਼ਰਮਾ, ਸੰਯੁਕਤ ਸਕੱਤਰ ਸਵਿਤਾ ਅਗਰਵਾਲ, ਸਕੱਤਰ ਯਮੁਨਾਨਗਰ ਅਤੇ ਕੁਰੂਕਸ਼ੇਤਰ ਰੈਡਕ੍ਰਾਸ ਬਣਦੀਪ ਸਿੰਘ ਤੇ ਕੁਲਦੀਪ ਮਲਿਕ, ਹੋਰ ਅਧਿਕਾਰੀ ਤੇ ਕਰਮਚਾਰੀ ਰਾਜ ਭਵਨ ਲੈ ਕੇ ਆਏ ਅਤੇ ਰਾਜਪਾਲ ਨੇ ਇਸ ਨੂੰ ਰਵਾਨਾ ਕੀਤਾ। ਇਸ ਦੇ ਨਾਲ ਇਕ ਐਂਬੂਲੈਂਸ , ਰੈਡ ਕ੍ਰਾਸ ਦੇ ਦੋ ਅਧਿਕਾਰੀ ਅਤੇ 5 ਸਵੈ ਸੇਵਕ ਵੀ ਕੇਰਲ ਵਿਚ ਹੱੜ ਪੀੜਿਤਾਂ ਦੀ ਮਦਦ ਦੇ ਲਈ ਗਏ ਹਨ।ਰਾਜਪਾਲ ਨੇ ਰਾਹਤ ਸਮੱਗਰੀ ਇਕੱਠਾ ਕਰਨ ਦੇ ਲਈ ਰੈਡਕ੍ਰਾਸ ਕਮੇਟੀ, ਜਿਲਾ ਪ੍ਰਸਾਸ਼ਨ ਕੁਰੂਕਸ਼ੇਤਰ, ਪੰਚਕੂਲਾ, ਯਮੁਨਾਨਗਰ, ਫ਼ਰੀਦਾਬਾਦ ਅਤੇ ਪਾਣੀਪਤ ਦੀ ਸ਼ਲਾਘਾ ਕੀਤੀ। ਉਨਾਂ ਨੇ ਕਿਹਾ ਕਿ ਹਰਿਆਣਾ ਰੈਡਕ੍ਰਾਸ ਕਮੇਟੀ ਅਤੇ ਹਰਿਆਣਾ ਦੇ ਲੋਕ ਕਿਸੇ ਵੀ ਖੇਤਰ ਵਿਚ ਕਿਸੇ ਵੀ ਆਪਦਾ ਦੇ ਸਮੇਂ ਮਦਦ ਦੇ ਲਈ ਤਿਆਰ ਰਹਿੰਦੇ ਹਨ।ਰਾਜਪਾਲ ਨੇ ਕੇਰਲ ਵਿਚ ਹੱੜ ਨਾਲ ਜਾਨ-ਮਾਲ ਦੀ ਹਾਨੀ ’ਤੇ ਡੂੰਘਾ ਦੁੱਖ ਪ੍ਰਗਟਾਇਆ ਹੈ ਅਤੇ ਅਰਦਾਸ ਕੀਤੀ ਹੈ ਕਿ ਜੋ ਲੋਕ ਇਸ ਆਪਦਾ ਤੋਂ ਪੀੜਿਤ ਹੋਏ ਹਨ ਉਹ ਜਲਦੀ ਹੀ ਆਪਣੇ ਘਰਾਂ ਨੂੰ ਮੁੜ ਕੇ ਆਮ ਜੀਵਨ ਜੀਣ। ਰਾਜਪਾਲ ਨੇ ਕਿਹਾ ਕਿ ਹੁਣ ਇਸ ਆਪਦਾ ਵਿਚ ਬੇਘਰ ਹੋ ਚੁੱਕੇ ਲੋਕਾਂ ਦੇ ਮੁੜ ਵਸੇਵੇ ਤੇ ਨਸ਼ਟ ਹੋ ਚੁੱਕੇ ਬੁਨਿਆਦੀ ਢਾਂਚੇਂ ਜਿਵੇਂ ਕਿ ਸੜਕਾਂ, ਮਕਾਨ ਆਦਿ ਦੇ ਮੁੜ ਨਿਰਮਾਣ ਲਈ ਵੀ ਬਹੁਤ ਕੁੱਝ ਕਰਨਾ ਬਾਕੀ ਹੈ। ਉਨਾਂ ਨੇ ਦੇਸ਼ ਵਾਸੀਆਂ ਤੋਂ ਅਪੀਲ ਕੀਤੀ ਕਿ ਸੰਕਟ ਦੀ ਇਸ ਘੜੀ ਵਿਚ ਉਹ ਪੀੜਿਤਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਲਈ ਅੱਗੇ ਆਉਣ। ਉਨਾਂ ਨੇ ਇਸ ਆਪਦਾ ਦੇ ਸਮੇਂ ਲੱਖਾਂ ਲੋਕਾਂ ਦੀ ਜਾਣ ਬਚਾਉਣ ਵਾਲੇ ਸੈਨਿਕਾਂ ਤੇ ਮਾਣ ਪ੍ਰਗਟਾਇਆ ਅਤੇ ਕਿਹਾ ਕਿ ਉਨਾਂ ਨੇ ਸੱਭ ਤਰਾਂ ਦਾ ਜੋਵਿਮ ਚੁੱਕਦੇ ਹੋਏ ਮਾਨਵਤਾ ਦੀ ਮਹਾਨ ਸੇਵਾ ਕੀਤੀ ਹੈ। ਭਾਰਤੀ ਰੈਡਕ੍ਰਾਸ ਕਮੇਟੀ, ਹਰਿਆਣਾ ਰਾਜ ਸ਼ਾਖਾ, ਚੰਡੀਗੜ ਵੱਲੋਂ ਇਕ ਕਰੋੜ 4 ਲੱਖ ਰੁਪਏ ਮੁੱਲ ਦੀ ਬੈਡਸ਼ੀਟਸ, ਧੋਤੀਆਂ, ਕੰਬਲ, ਤਰਪਾਲਾਂ, ਪੈਂਟ-ਕਮੀਜਾਂ, ਕੁਰਤੇ ਪਜਾਮੇ, ਲੇਡੀਰ ਸੂਟ, ਤੌਲੀਏ, ਬਨੈਨਾਂ, ਹਵਾਈ ਚੱਪਲਾਂ, ਮੱਛਰਦਾਨੀਆਂ, ਕਿਚਨ ਸੈਟਸ, ਦੁੱਧ, ਖੰਡ, ਵਾਸ਼ਿੰਗ ਪਾਓਡਰ, ਟੂਥ ਪੇਸਟ, ਟੂਥ ਬਰੱਸ਼, ਮੋਮਬੱਤੀਆਂ, ਬਾਲਟੀ ਆਤਿ ਕੇਰਲ ਵਿਚ ਆਏ ਵਿਨਾਸ਼ਕਾਰੀ ਹੱੜ ਨਾਲ ਪੀੜਿਤ ਲੋਕਾਂ ਵਿਚ ਵੰਡਣ ਦੇ ਲਈ ਭੇਜੀ ਗਈ ਹੈ।