ਸੰਗਰੂਰ, 21 ਅਗਸਤ (ਭਗਵੰਤ ਸਿੰਘ ਚੰਦੜ੍ਹ)- ਨਸ਼ਾ ਛੱਡਣ ਲਈ ਦ੍ਰਿੜ ਇੱਛਾ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ, ਜੇਕਰ ਨਸ਼ਾ ਕਰਨ ਵਾਲਾ ਵਿਅਕਤੀ ਆਪਣੀ ਜ਼ਿੰਦਗੀ ਨੂੰ ਦੁਬਾਰਾ ਲੀਹ ’ਤੇ ਲਿਆਉਣ ਲਈ ਆਪਣੀ ਇੱਛਾ ਸ਼ਕਤੀ ਮਜਬੂਤ ਕਰ ਲੈਂਦਾ ਹੈ ਤਾਂ ਉਹ ਨਸ਼ਾ ਛੱਡਣ ਦੇ ਮਕਸਦ ਨੂੰ ਜਲਦ ਹੀ ਪੂਰਾ ਕਰ ਸਕਦਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਜਦੀਪ ਸਿੰਘ ਬਰਾੜ ਨੇ ਸਿਵਲ ਹਸਪਤਾਲ ਸੰਗਰੂਰ ਵਿਖੇ ਨਸ਼ਿਆਂ ਦੇ ਮੰਦੇ ਪ੍ਰਭਾਵਾਂ ਅਤੇ ਸਰਕਾਰ ਦੀਆਂ ਨਸ਼ਾ ਛੁਡਾਉ ਸਬੰਧੀ ਸਹੂਲਤਾਂ ਪ੍ਰਤੀ ਜਾਗਰੂਕ ਕਰਦੀ ਵੈਨ ਨੂੰ ਹਰੀ ਝੰਡੀ ਦੇਣ ਮੌਕੇ ਕੀਤਾ। ਸ੍ਰੀ ਰਾਜਦੀਪ ਸਿੰਘ ਬਰਾੜ ਨੇ ਕਿਹਾ ਕਿ ਨਸ਼ਿਆਂ ਦੇ ਮੰਦੇ ਪ੍ਰਭਾਵਾਂ ਪ੍ਰਤੀ ਘਰ ਤੋਂ ਲੈ ਕੇ ਸਮਾਜ ਦੇ ਹਰ ਇੱਕ ਵਰਗ ਨੂੰ ਜਾਗਰੂਕ ਕੀਤਾ ਜਾਣਾ ਬਹੁਤ ਲਾਜ਼ਮੀ ਹੈ ਕਿਉਂਕਿ ਨਸ਼ਿਆਂ ਸਬੰਧੀ ਜਾਗਰੂਕਤਾ ਦੀ ਕਮੀ ਵੀ ਨਸ਼ੇ ਦੇ ਪਾਸਾਰ ਦਾ ਕਾਰਨ ਬਣਦੀ ਹੈ, ਜਿਸ ਸਦਕਾ ਅਸੀ ਨਸ਼ਿਆਂ ਨੂੰ ਨਹੀਂ ਸਗੋਂ ਨਸ਼ੇ ਸਾਨੂੰ ਦਿਨੋਂ ਦਿਨ ਖਾ ਰਹੇ ਹਨ।ਉਨਾਂ ਕਿਹਾ ਕਿ ਨਸ਼ੇ ਦੋਸਤ ਬਣਕੇ ਸਰੀਰ ਵਿੱਚ ਪ੍ਰਵੇਸ਼ ਕਰਦੇ ਹਨ ਜਦੋਂ ਕਿ ਗੰਭੀਰ ਬਿਮਾਰੀਆਂ ਦਾ ਰੁਪ ਧਾਰ ਕੇ ਬਾਅਦ ਵਿੱਚ ਮੌਤ ਬਣਕੇ ਉਭਰਦੇ ਹਨ। ਇਸ ਮੌਕੇ ਸਿਵਲ ਸਰਜਨ ਸੰਗਰੂਰ ਡਾ. ਅਰੁਣ ਕੁਮਾਰ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲਾ ਸੰਗਰੂਰ ਵਿੱਚ ਪੰਜ ਓਟ ਕਲੀਨਿਕ (ਆਊਟ ਪੇਸ਼ੈਂਟ ਓਪੀਆਡ ਅਸਿਸਟਡ ਟਰੀਟਮੈਂਟ) ਸ਼ੁਰੂ ਕੀਤੇ ਗਏ ਹਨ। ਇਨਾਂ ਕਲੀਨਿਕਸ ਵਿੱਚ ਹੁਣ ਤੱਕ 630 ਦੇ ਕਰੀਬ ਵਿਅਕਤੀ ਇਲਾਜ ਕਰਵਾਉਣ ਲਈ ਆਪਣੀ ਰਜਿਸਟਰੇਸ਼ਨ ਕਰਵਾ ਚੁੱਕੇ ਹਨ। ਇਨ੍ਹਾਂ ਕਲੀਨਿਕਸ ਵਿੱਚ ਹੈਰੋਈਨ ਜਾਂ ਅਫੀਮ ਅਤੇ ਇਸ ਤੋਂ ਤਿਆਰ ਪਦਾਰਥਾਂ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਇਸਤੇਮਾਲ ਕਰਨ ਵਾਲੇ ਮਰੀਜਾਂ ਨੂੰ ਮੁਫਤ ਦਵਾਈ ਦਿੱਤੀ ਜਾ ਰਹੀ ਹੈ। ਸ੍ਰੀ ਗੁਪਤਾ ਨੇ ਦੱਸਿਆ ਕਿ ਜ਼ਿਲੇ ਵਿੱਚ ਰੀਹੈਬਲੀਟੇਸ਼ਨ ਸੈਂਟਰ ਘਾਬਦਾਂ, ਸਬ ਡਵਿਜ਼ਨਲ ਹਸਪਤਾਲ ਮਾਲੇਰਕੋਟਲਾ, ਧੂਰੀ, ਸੁਨਾਮ ਅਤੇ ਮੂਨਕ ਵਿੱਚ ਇਹ ਓਟ ਕਲੀਨਿਕ ਸ਼ੁਰੂ ਕੀਤੇ ਗਏ ਹਨ। ਉਨਾਂ ਦੱਸਿਆ ਕਿ ਮਰੀਜ ਦੀ ਰਜਿਸਟਰੇਸ਼ਨ ਓਟ ਕਲੀਨਿਕ ਵਿੱਚ ਹੀ ਕੀਤੀ ਜਾਂਦੀ ਹੈ ਜਿਸ ਨਾਲ ਮਰੀਜ ਆਪਣਾ ਯੂ.ਆਈ.ਡੀ ਦੱਸ ਕੇ ਪੰਜਾਬ ਦੇ ਕਿਸੇ ਵੀ ਓਟ ਕਲੀਨਿਕ ਤੋਂ ਦਵਾਈ ਖਾ ਸਕਦਾ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਮਰੀਜਾਂ ਦੀ ਜਾਣਕਾਰੀ ਬਿਲਕੁਲ ਗੁਪਤ ਰੱਖੀ ਜਾਂਦੀ ਹੈ।ਇਸ ਇਲਾਜ ਪ੍ਰਣਾਲੀ ਤਹਿਤ ਮਰੀਜ਼ ਨੂੰ ਹਸਪਤਾਲ ਦਾਖ਼ਲ ਨਹੀਂ ਕੀਤਾ ਜਾਂਦਾ, ਸਗੋਂ ਰੋਜ਼ਾਨਾ ਦਵਾਈ ਖੁਆ ਕੇ ਘਰ ਭੇਜ ਦਿੱਤਾ ਜਾਂਦਾ ਹੈ, ਜਿਸ ਨਾਲ ਉਹ ਆਪਣੇ ਘਰ ਦੇ ਕੰਮਕਾਰ ਵੀ ਕਰ ਸਕਦਾ ਹੈ ਅਤੇ ਇਲਾਜ ਵੀ ਕਰਵਾ ਸਕਦਾ ਹੈ। ਦਵਾਈ ਇਨਾਂ ਓਟ ਕਲੀਨਿਕਸ ’ਤੇ ਰੋਜ਼ਾਨਾ ਬਿਲਕੁਲ ਮੁਫ਼ਤ ਮਿਲ ਰਹੀ ਹੈ ਅਤੇ ਸਿਹਤ ਕਰਮਚਾਰੀ ਆਪਣੀ ਹਾਜ਼ਰੀ ਵਿਚ ਮਰੀਜ਼ ਨੂੰ ਇਹ ਦਵਾਈ ਖਵਾਂਦੇ ਹਨ।ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਸੰਗਰੂਰ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਸਰਕਾਰ ਦਾ ਯਤਨ ਹੈ ਕਿ ਜੋ ਵੀ ਵਿਅਕਤੀ ਕਿਸੇ ਨਸ਼ੇ ਦੀ ਜਕੜ ਵਿੱਚ ਹੈ ਉਹ ਨਸ਼ਾ ਛੱਡ ਕੇ ਆਮ ਵਿਅਕਤੀ ਵਾਂਗ ਆਪਣੀ ਜ਼ਿੰਦਗੀ ਗੁਜ਼ਾਰ ਸਕੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਸਥਾਪਿਤ ਕੀਤੇ ਇਨਾਂ ਓਟ ਕਲੀਨਿਕਸ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ।ਉਨਾਂ ਦੱਸਿਆ ਕਿ ਇਹ ਜਾਗਰੂਕ ਵੈਨ 22 ਅਗਸਤ ਨੂੰ ਮਾਲੇਰਕੋਟਲਾ, ਅਹਿਮਦਗੜ ਅਤੇ 23 ਅਗਸਤ ਨੂੰ ਬਲਾਕ ਫਤਿਹਗੜ ਪੰਜਗਰਾਈਆਂ ਅਤੇ ਸ਼ੇਰਪੁਰ ਜਾਵੇਗੀ।ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ. ਦਲਜੀਤ ਸਿੰਘ, ਐਸ.ਐਮ.ਓ ਸੰਗਰੂਰ ਡਾ. ਕਿਰਪਾਲ ਸਿੰਘ, ਸਰਕਾਰੀ ਨਰਸਿੰਗ ਸਕੂਲ ਦੀਆਂ ਸਿਖਿਆਰਥਣਾਂ, ਗੁਰਪ੍ਰੀਤ ਵਾਲੀਆ, ਜ਼ਿਲਾ ਮਾਸ ਮੀਡੀਆ ਵਿੰਗ ਤੋਂ ਵਿਕਰਮ ਸਿੰਘ ਮੌਜੂਦ ਸਨ।