ਪਹਿਲਾਂ ਪਹਿਲ ਕਿਸਾਨ ਆਪਣੇ ਖੇਤਾਂ ਦੀਆਂ ਫਸਲਾਂ ਦੀ ਰਖਵਾਲੀ ਲਈ ਮਣੇ ਬਣਾ ਕੇ ਸਾਰੀ – ਸਾਰੀ ਰਾਤ ਫਸਲਾਂ ਦੀ ਰਖਵਾਲੀ ਮਣੇ ਵਿਚ ਬੈਠ ਕੇ ਜਾਂ ਰੌਲਾ – ਘਚੌਲਾ ਪਾ ਕੇ ਕਰਦੇ ਹੁੰਦੇ ਸਨ ਤਾਂ ਜੋ ਰਾਤ – ਬਰਾਤੇ ਜੰਗਲੀ ਜਾਨਵਰ ਉਸ ਦੀਆਂ ਫਸਲਾਂ ਨੂੰ ਨੁਕਸਾਨ ਨਾ ਪਹੁੰਚਾਉਣ ਅਤੇ ਇਸੇ ਮਕਸਦ ਦੀ ਪੂਰਤੀ ਲਈ ਕਿਸਾਨਾਂ ਵਲੋਂ ਖੇਤਾਂ ਵਿਚ ਮਣੇ ਬਣਾ ਕੇ ਕੰਮ ਚਲਾਇਆ ਜਾਂਦਾ ਹੁੰਦਾ ਸੀ । ਇਸ ਨੂੰ ਕਈ ਇਲਾਕਿਆਂ ਦੇ ਕਿਸਾਨ ਠਤਨਠ ਵੀ ਆਖਦੇ ਹਨ। ਇਹ ਖੇਤ ਦੇ ਵਿਚਕਾਰ ਖੜ੍ਹਾ ਹੁੰਦਾ ਹੈ। ਇਸ ਦੀਆਂ ਚਾਰ ਲਤਾਂ ਦੇ ਉਤੇ ਬਲੀਆਂ ਬੰਨ੍ਹ ਕੇ ਇਕ ਮੰਜਾ ਟਿਕਾ ਦਿਤਾ ਜਾਂਦਾ ਸੀ। ਮੰਜਾ ਭਾਵੇਂ ਥਕੇਵਾਂ ਦੂਰ ਕਰਨ ਅਤੇ ਆਰਾਮ ਕਰਨ ਲਈ ਹੁੰਦਾ ਹੈ, ਪਰ ਇਸ ਮੰਜੇ ‘ਤੇ
ਕੋਈ ਕਿਸਾਨ ਆਰਾਮ ਨਾਲ ਨਹੀਂ ਸੌਂਦਾ ਹੁੰਦਾ ਸੀ। ਹਨੇਰੀ -ਝਖੜ ਜਾਂ ਵਰਖਾ ਤੋਂ ਬਚਣ ਲਈ ਇਸ ਉਤੇ ਛਤ ( ਕਚੀ ) ਵੀ ਬਣਾਈ ਗਈ ਹੁੰਦੀ ਸੀ। ਮਣਾ ਜ਼ਿਆਦਾਤਰ ਕੰਢੀ ਏਰੀਏ ਦੇ ਪਿੰਡਾਂ ਵਿਚ ਦੇਖਣ ਨੂੰ ਮਿਲਦਾ ਸੀ ।ਹੁਣ ਤਾਂ ਇਸ ਦੀ ਹੋਂਦ ਖਤਮ ਹੋਣ ਕਿਨਾਰੇ ਹੀ ਹੈ, ਪਰ ਨਾਲ ਲਗਦੇ ਰਾਜ ਹਿਮਾਚਲ ਪ੍ਰਦੇਸ਼ ਵਿਚ ਅਜੇ ਵੀ ਮਣੇ ਦੇਖਣ ਨੂੰ ਮਿਲ ਜਾਂਦੇ ਹਨ। ਜਿਥੇ ਕਿਤੇ ਵੀ ਖੇਤ ਜੰਗਲਾਂ , ਟੋਇਆਂ ਟਿਬਿਆਂ, ਖਡਾਂ ਖਟੋਲਿਆਂ , ਡੂੰਘੇ ਚੋਆ ਦੇ ਨਜ਼ਦੀਕ ਹੈ , ਉਥੇ ਜੰਗਲੀ ਜਾਨਵਰਾਂ ਦੀ ਬਹੁਤਾਤ ਹੋਣ ਕਰਕੇ ਕਿਸਾਨਾਂ ਵਲੋਂ ਇਨ੍ਹਾਂ ਖੇਤਰਾਂ ਦੇ ਖੇਤਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਣ ਲਈ ਭਰਪੂਰ ਮਾਤਰਾ ਵਿਚ ਖੇਤਾਂ ਵਿਚ ਮਣੇ ਬਣਾ ਕੇ ਸਾਰੀ – ਸਾਰੀ ਰਾਤ ਰੌਲਾ ਰਪਾ , ਉਹ ਖੜਾਕ , ਹੋਏ – ਹੋਏ ਜਾਂ ਠਕ ਠਕ ਕਰਕੇ ਫਸਲਾਂ ਦੀ ਰਖਵਾਲੀ ਕਰਕੇ ਉਨ੍ਹਾਂ ਨੂੰ ਜੰਗਲੀ ਜਾਨਵਰਾਂ ਦੇ ਉਜਾੜੇ ਤੋਂ ਬਚਾਇਆ ਜਾਂਦਾ ਹੁੰਦਾ ਸੀ। ਕਿਤੇ -ਕਿਤੇ ਅਜ ਵੀ ਇਸ ਤਰ੍ਹਾਂ ਕੀਤਾ ਜਾਂਦਾ ਹੈ । ਮਣੇ ਜ਼ਿਆਦਾਤਰ ਛੋਟੇ ਕਿਸਾਨਾਂ ਵਲੋਂ ਹੀ ਬਣਾਏ ਜਾਂਦੇ ਹੁੰਦੇ ਸਨ। ਕਿਸਾਨਾਂ ਦੇ ਘਰਾਂ ਦੇ ਕਈ – ਕਈ ਜੀਅ ਅਲਗ – ਅਲਗ ਥਾਵਾਂ , ਖੇਤਾਂ ਵਿਚ ਬਣਾਏ ਹੋਏ ਮਣਿਆ ਵਿਚ ਬੈਠ ਕੇ ਸਾਰੀ – ਸਾਰੀ ਰਾਤ ਫ਼ਸਲਾਂ ਦੀ ਰਾਖੀ ਕਰਦੇ ਹੁੰਦੇ ਸਨ। ਮਣੇ ਵਿਚ ਬੈਠ ਕੇ ਸਾਰੀ ਸਾਰੀ ਰਾਤ ਖੇਤਾਂ ਦੀ ਰਖਵਾਲੀ ਕਰਨਾ ਕਿਸਾਨਾਂ ਲਈ ਜੋਖਿਮ ਭਰਿਆ ਕੰਮ ਹੁੰਦਾ ਸੀ । ਹੁਣ ਹੌਲੀ – ਹੌਲੀ ਜੰਗਲ ਵੇਲੇ ਖ਼ਤਮ ਹੁੰਦੇ ਜਾ ਰਹੇ ਹਨ। ਸਿਟੇ ਵਜੋਂ ਜੰਗਲੀ ਜਾਨਵਰਾਂ ਨੂੰ ਖਾਣ – ਪੀਣ ਤੇ ਰਹਿਣ – ਸਹਿਣ ਲਈ ਬਹੁਤ ਔਖਿਆਈ ਹੁੰਦੀ ਹੈ ਅਤੇ ਉਹ ਪਿੰਡਾਂ ਵਲ ਰੁਖ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਕਰ ਦਿੰਦੇ ਹਨ ਅਤੇ ਉਜਾੜ ਦਿੰਦੇ ਹਨ।
ਇਸੇ ਸਮਸਿਆ ਦੇ ਵਧਣ ਦੇ ਨਾਲ ਨਾਲ ਸ਼ਾਇਦ ਪੇਂਡੂ ਖੇਤਰਾਂ ਦੇ ਵਿਚ ਮੁੜ ਮਣਿਆ ਦੀ ਗਿਣਤੀ ਵਧ ਜਾਵੇ, ਪਰ ਇਹ ਹਕੀਕਤ ਹੈ ਕਿ ਅਜ ਦੇ ਮਨੁਖ ਕੋਲ ਸਮੇਂ ਦੀ ਵੀ ਬਹੁਤ ਘਾਟ ਹੈ । ਅਜ ਦੇ ਸਮੇਂ ਵਿਚ ਤਾਂ ਮਣਾ ਆਪਣੀ ਹੋਂਦ ਗੁਆ ਚੁਕਾ ਜਾਪਦਾ ਹੈ । ਪਰ ਇਹ ਸਾਡੇ ਕਿਸਾਨੀ ਅਤੇ ਪੇਂਡੂ ਸਭਿਆਚਾਰ ਦਾ ਇਕ ਅਨਿਖੜਵਾਂ ਅੰਗ ਹੈ। ਜਿਸ ਨੂੰ ਕਿ ਭੁਲਾ ਦੇਣਾ ਸੌਖਾ ਨਹੀਂ ਹੈ। ਪਰ ਨਵੀਂ ਪੀੜ੍ਹੀ ਨੂੰ ਇਸ ਬਾਰੇ ਦਸਣਾ ਵੀ ਅਤਿ ਜ਼ਰੂਰੀ ਹੈ, ਤਾਂ ਜੋ ਉਹਨਾਂ ਨੂੰ ਬੀਤੇ ਸਮੇਂ ਬਾਰੇ ਵੀ ਕੁਝ ਪਤਾ ਹੋਵੇ।