ਜਗਰਾਉਂ, 8 ਅਗਸਤ (ਪਰਮਜੀਤ ਸਿੰਘ ਗਰੇਵਾਲ)- ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐੈਸ. ਪੀ. ਵਰਿੰਦਰ ਸਿੰਘ ਬਰਾੜ ਦੀਆਂ ਹਦਾਇਤਾਂ ’ਤੇ ਅੱਜ ਡੀ. ਐਸ. ਪੀ. ਪ੍ਰਭਜੀਤ ਕੌਰ ਨੇ ਸ਼ਹਿਰ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਨਾਲ ਸ਼ਹਿਰ ਅੰਦਰ ਚੋਰੀਆਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਗਾਉਣ ਤੇ ਸੀ.ਪੀ.ਓ. ਰੱਖਣ ਬਾਰੇ ਅਪੀਲ ਕੀਤੀ। ਮੀਟਿੰਗ ’ਚ ਸ਼ਹਿਰ ਦੀ ਸੁਰੱਖਿਆ ਤੋਂ ਇਲਾਵਾ ਨਸ਼ੇ ਦੇ ਮੁੱਦੇ ’ਤੇ ਮੈਡਮ ਡੀ. ਐਸ. ਪੀ. ਨੇ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਐਸ. ਐਚ. ਓ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਹੁਣ ਦੋ ਕੁ ਮਹੀਨਿਆਂ ਤੋਂ ਸ਼ਹਿਰ ਅੰਦਰ ਚੋਰੀ ਦੀਆਂ ਵਾਰਦਾਤਾਂ ਵੱਧ ਗਈਆਂ ਹਨ, ਜਿਸ ਨੂੰ ਕੰਟਰੋਲ ਕਰਨ ਲਈ ਪੁਲਿਸ ਪੂਰੀ ਤਰ੍ਹਾਂ ਸੁਹਿਰਦ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਅਗਲੀ ਮੀਟਿੰਗ ਜਲਦ ਰੱਖੀ ਜਾਵੇਗੀ। ਇਸ ਮੌਕੇ ਲੋਕ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਕੁਮਾਰ ਬਾਂਸਲ, ਤੀਰਥ ਸਿੰਗਲਾ, ਰੇਡੀਮੇਟ ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਸਿੰਘ ਚਾਵਲਾ, ਜਤਿੰਦਰ ਜੁਨੇਜਾ ਕਲਾਥ ਹਾਊਸ, ਸੂਜ ਐਸੋਸੀਏਸ਼ਨ ਦੇ ਪ੍ਰਧਾਨ ਗੁਰਸ਼ਰਨ ਸਿੰਘ, ਟੋਨੀ ਵਰਮਾ, ਜਗਮੋਹਣ ਮਿੱਤਲ, ਵਿਸ਼ਾਲ ਗੋਇਲ ਤੇ ਹਰੀ ਓਮ ਆਦਿ ਹਾਜ਼ਰ ਸਨ।