ਪਾਵਨ ਗੁਰਬਾਣੀ ਗੁੰਝਲਦਾਰ ਜੀਵਨ ਦੀ ਇਕ ਇਕ ਤੰਦ ਨੂੰ ਖੋਲ ਤੇ ਸੰਵਾਰ ਕੇ ਜਦੋਂ ਦ੍ਰਿਸ਼ਟੀ ਨੂੰ ਸਹਿਜ, ਸੋਚ ਨੂੰ ਸਰਲ ਤੇ ਸਮਝ ਨੂੰ ਥਿਰ ਕਰਦੀ ਹੈ, ਉਸ ਦੀ ਵਿਲਖਣਤਾ ਅਦੁਤੀ ਰੂਪ ’ਚ ਪ੍ਰਗਟ ਹੋ ਮਨ ਨੂੰ ਮੋਹ ਲੈਂਦੀ ਹੈ । ਮਨੁਖੀ ਜੀਵਨ ਅੰਦਰ ਦੁਖ ਹੀ ਦੁਖ ਭਰੇ ਹੋਏ ਹਨ। ਸੰਸਾਰ ਅੰਦਰ ਜਿੰਨੇ ਵੀ ਅਧਿਆਤਮਕ ਤੇ ਧਾਰਮਕ ਫਲਸਫੇ ਸਾਹਮਣੇ ਆਏ ਸਾਰੀਆਂ ਨੇ ਦੁਖਾਂ ਤੋਂ ਭੈਭੀਤ ਕਰ ਕੇ ਸੁਖਾਂ ਦੀ ਪ੍ਰਾਪਤੀ ਦੀ ਵਖੋ ਵਖ ਜੁਗਤ ਦਸੀ । ਇਹ ਜੁਗਤਾਂ ਕਰਾਮਾਤ ਜਿਹੀਆਂ ਸਨ । ਗੁਰਬਾਣੀ ਨੇ ਦੁਖਾਂ ਦੀ ਚਰਚਾ ਦੀ ਥਾਂ ਦੁਖਾਂ ਦੇ ਮੂਲ ਦੀ ਪਛਾਣ ਕੀਤੀ ਤੇ ਉਸ ਦਾ ਨਿਦਾਨ ਬਖਸ਼ਿਆ । ਭਗਤ ਭੀਖਨ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਗ 659 ਤੇ ਸੁਸ਼ੋਭਤ ਹੈ । ਭਗਤ ਜੀ ਰੋਗੀ ਮਨੁਖ ਦੀ ਅਵਸਥਾ ਬਿਆਨ ਕਰਦੇ ਹੋਏ ਕਹਿੰਦੇ ਹਨ ਕਿ ਉਸ ਦੇ ਸਿਰ ‘ਚ ਪੀੜ ਹੋ ਰਹੀ ਹੈ । ਤਨ ਤਾਪ ਨਾਲ ਭਖ ਰਿਹਾ ਹੈ । ਦਿਲ ਅੰਦਰ ਦਰਦ ਉਠ ਰਹੇ ਹਨ । ਉਸ ਦਾ ਰੋਗ ਇੰਨਾ ਵਧ ਗਿਆ ਹੈ ਕਿ ਸਿਆਣੇ ਵੈਦਾਂ ਹਕੀਮਾਂ ਨੇ ਵੀ ਜਵਾਬ ਦੇ ਦਿਤਾ ਹੈ । ਉਨ੍ਹਾਂ ਕੋਲ ਵੀ ਇਸ ਰੋਗ ਦੀ ਕੋਈ ਦਵਾ ਨਹੀਂ ਹੈ । ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਸੀ ਕਿ ਸਿਆਣਿਆਂ ਦੁਆਰਾ ਲੋਕਾਂ ਦੇ ਦੁਖਾਂ ਦਾ ਕੀਤਾ ਜਾ ਰਿਹਾ ਨਿਦਾਨ ਇਕ ਭਰਮ ਹੈ ਕਿਉਂਕਿ ਉਨ੍ਹਾਂ ਨੂੰ ਰੋਗ ਦੀ ਪਛਾਣ ਹੀ ਨਹੀਂ ਹੈ । ਰੋਗ ਦੇ ਨਿਦਾਨ ਦਾ ਦਾਅਵਾ ਕਰਨ ਵਾਲੇ ਬਾਹਰ ਦੇ ਲਖਨ ਹੀ ਵੇਖ ਰਹੇ ਹਨ । ਦਰਅਸਲ ਬਾਹਰ ਦੇ ਲਖਨ ਰੋਗ ਨਹੀਂ ਰੋਗ ਤੇ ਅੰਦਰ ਦੀ ਪੀੜਾ ਹੈ “ ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ “ । ਭਗਤ ਭੀਖਨ ਜੀ ਨੇ ਕਿਹਾ ਕਿ ਮਨੁਖ ਦਾ ਇਹ ਰੋਗ ਤਾਂ ਸਭ ਤੋਂ ਵਡਾ ਹੈ । ਅਗਿਆਨਤਾ ਤੇ ਭਰਮਾਂ ‘ਚ ਲੁੰਝਿਆ ਹੋਇਆ ਮਨੁਖ ਸੋਚ “ ਮਾਥੇ ਪੀਰ “ ਦਾ ਰੋਗੀ ਹੈ । ਸਚੇ ਗਿਆਨ ਬਿਨਾ ਉਹ ਸਦਾ ਹੀ ਵਿਹਵਲ ਰਹਿੰਦਾ ਹੈ ਭਾਵੇਂ ਜਿੰਨਾ ਸੰਸਾਰਕ ਗਿਆਨ ਪ੍ਰਾਪਤ ਕਰ ਲਵੇ “ ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ॥
ਅਗਿਆਨਤਾ ਕਾਰਣ ਹੀ ਉਹ ਵਿਕਾਰ ਤੇ ਮੋਹ ਮਾਇਆ ਦਾ ਬੰਦੀ ਹੋ ਗਿਆ ਹੈ ਤੇ ਜੀਵਨ ਅਜਾਈਂ ਗੁਆ ਰਿਹਾ ਹੈ । ਪਰਮਾਤਮਾ ਦੇ ਬਖਸ਼ੇ ਹੋਏ ਤਨ ਤੇ ਅੰਗਾਂ ਨੂੰ ਉਸ ਨੇ ਵਿਕਾਰਾਂ ਤੇ ਮਾਇਆ ਦੀ ਸੇਵਾ ‘ਚ ਲਾ ਦਿਤਾ ਹੈ “ ਸਰੀਰਿ ਜਲਨਿ ਹੈ “ ਜੋ ਉਸ ਦੇ ਦੁਖਾਂ ਦਾ ਕਾਰਣ ਬਣ ਗਿਆ ਹੈ “ ਤਾਮਸਿ ਲਗਾ ਸਦਾ ਫਿਰੈ ਅਹਿਨਿਸਿ ਜਲਤੁ ਬਿਹਾਇ॥
ਭਗਤ ਭੀਖਨ ਜੀ ਤੀਜਾ ਰੋਗ ਦਸਦੇ ਹਨ “ ਕਰਕ ਕਰੇਜੇ ਮਾਹੀ “ । ਅਗਿਆਨਤਾ ਤੋਂ ਸੋਚ ਦਾ ਪਤਨ ਹੋਇਆ , ਸੋਚ ਦੇ ਪਤਨ ਕਾਰਣ ਤਨ ਵਿਕਾਰਾਂ ਤੇ ਮੋਹ ਮਾਇਆ ਦਾ ਕੈਦੀ ਹੋ ਗਿਆ ਤੇ ਇਸ ਕੈਦ ਅੰਤਰ ਅਵਸਥਾ ਨੂੰ ਕੂੜ ਨਾਲ ਭਰ ਦਿਤਾ “ ਅੰਤਰਿ ਅਗਿਆਨੁ ਅੰਧੇਰੁ ਹੈ ਸੁਧਿ ਨਾ ਕਾਈ ਪਾਇ “ । ਰੋਗ ਗੰਭੀਰ ਹੋ ਕੇ ਅੰਤਮ ਅਵਸਥਾ ‘ਚ ਪੋਜ ਜਾਏ ਤਾਂ ਮਨੁਖ ਬੇਸੁਰਤੀ ਹੋ ਜਾਂਦਾ ਹੈ । ਅਗਿਆਨ ਤੇ ਵਿਕਾਰਾਂ ਕਾਰਣ ਅੰਤਰ ਦਾ ਪੈਦਾ ਹੋਇਆ ਕੂੜ ਮਨੁਖ ਦੀ ਸੁਰਤਿ ਨੂੰ ਹਰ ਲੈਂਦਾ ਹੈ । ਅਜਿਹੇ ਤਨ ਤੇ ਮਨ ਦੁਹਾਂ ਨੂੰ ਘੇਰ ਲੈਣ ਵਾਲੇ ਰੋਗ ਦਾ ਕੋਈ ਨਿਦਾਨ ਨਹੀਂ ਬਚਦਾ “ ਅੰਦਰਹੁ ਬਾਹਰਹੁ ਅੰਧਿਆਂ ਸੁਧਿ ਨਾ ਕਾਈ ਪਾਈ ।
ਮਨੁਖ ਦੇ ਰੋਗ ਤੇ ਦੁਖ ਨੂੰ ਪ੍ਰਤੀਕਾਂ ਨਾਲ ਬਿਆਨ ਕਰਦੇ ਹੋਏ ਭਗਤ ਭੀਖਨ ਜੀ ਨੇ ਕਿਹਾ ਕਿ ਜਿਵੇਂ ਕਿਸੇ ਦੀਆਂ ਅਖਾਂ ਤੋਂ ਪਾਨੀ ਵਗਦਾ ਜਾਏ , ਤਨ ਦਾ ਬਲ ਖਤਮ ਹੋ ਜਾਏ , ਕੇਸ਼ ਚਿਟੇ ਹੋ ਜਾਣ , ਮੁਖ ਤੋਂ ਕੋਈ ਸ਼ਬਦ ਨਾ ਨਿਕਲਣ ਦੀ ਹਾਲਤ ਬਣ ਜਾਏ ਤਾਂ ਉਹ ਨਿਰਾ ਬੇਬਸ ਹੋ ਜਾਂਦਾ ਹੈ । ਅਗਿਆਨੀ ਤੇ ਵਿਕਾਰੀ ਮਨੁਖ ਦੀ ਦਸ਼ਾ ਤੇ ਬੇਬਸੀ ਵੀ ਇਹੋ ਜਿਹੀ ਹੀ ਹੁੰਦੀ ਹੈ । ਭਗਤ ਭੀਖਨ ਜੀ ਦੋ ਸ਼ਬਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਮਿਲਦੇ ਹਨ । ਇਨ੍ਹਾਂ ਦੀ ਹੋਰ ਕੋਈ ਬਾਣੀ ਕਿਧਰੇ ਨਹੀਂ ਮਿਲਦੀ ਤੇ ਨਾਂ ਹੀ ਇਨ੍ਹਾਂ ਦੇ ਨਿਵਾਸ ਅਸਥਾਨ ਤੇ ਜੀਵਨ ਬਾਰੇ ਕੁਝ ਪਕੇ ਤੌਰ ਤੇ ਕਿਹਾ ਜਾ ਸਕਦਾ ਹੈ । ਕੁਝ ਵਿਦਵਾਨਾਂ ਨੇ ਇਨ੍ਹਾਂ ਨੂੰ ਲਖਨਊ ਦੇ ਕਾਕੋਰੀ ਕਸਬੇ ਦਾ ਵਸਨੀਕ ਦਸਿਆ ਤੇ ਕਾਫੀ ਲੋਗ ਉਸ ਗਲ ਨੂੰ ਹੀ ਅਗੇ ਤੋਰਦੇ ਗਏ ਹਨ । ਕੁਝ ਲੋਗਾਂ ਨੇ ਦਬੇ ਸ਼ਬਦਾਂ ‘ਚ ਭਗਤ ਜੀ ਦੀ ਗੁਰੂ ਨਾਨਕ ਸਾਹਿਬ ਨਾਲ ਮੁਲਾਕਾਤ ਬਾਰੇ ਵੀ ਸੰਕੇਤ ਕੀਤੇ ਹਨ । ਕਾਕੋਰੀ ਤੇ ਆਲੇ ਦੁਆਲੇ ਦਾ ਇਲਾਕਾ ਇਸਲਾਮ ਦੇ ਅਸਰ ਹੇਠ ਜਿਆਦਾ ਰਿਹਾ ਹੈ । ਇਥੇ ਮੁਸਲਿਮ ਫਕੀਰਾਂ ਦਾ ਜਿਕਰ ਤਾਂ ਮਿਲਦਾ ਹੈ ਪਰ ਭਗਤ ਭੀਖਨ ਜੀ ਬਾਰੇ ਕੋਈ
ਭਰੋਸੇਮੰਦ ਨਿਸ਼ਾਨਦੇਹੀ ਨਹੀਂ ਮੋਜੂਦ ਹੈ। ਗੁਰੂ ਨਾਨਕ ਸਾਹਿਬ ਜੀ ਦੇ ਲਖਨਊ ਆਉਣ ਤੇ ਭਗਤ ਭੀਖਨ ਜੀ ਨੂੰ ਮਿਲਣ ਦੀ ਸੰਭਾਵਨਾ ਵੀ ਨਹੀਂ ਵਿਖਾਈ ਦਿੰਦੀ ਕਿਉਂਕਿ ਗੁਰੂ ਸਾਹਿਬ ਨੇ ਆਪਣੀਆ ਧਰਮ ਯਾਤਰਾਵਾਂ ‘ਚ ਧਾਰਮਕ ਮਹਤਾ ਦੇ ਅਸਥਾਨਾਂ ਤੇ ਤੀਰਥਾਂ ਨੂੰ ਜਿਆਦਾ ਤਰਜੀਹ ਦਿਤੀ ਤਾਂ ਜੋ ਵਡੇ ਪਧਰ ਤੇ ਆਪਣੀ ਗਲ ਰਖ ਸਕਣ । ਇਸ ਕਾਰਣ ਪੀਲੀਭੀਤ ਤੋਂ ਲਖੀਮਪੁਰ ਹੁੰਦੇ ਹੋਏ ਗੁਰੂ ਸਾਹਿਬ ਜਲ ਮਾਰਗ ਰਾਹੀਂ ਅਯੋਧਿਆ ਚਲੇ ਗਏ ਇਹ ਤਥ ਜਿਆਦਾ ਪ੍ਰਮਾਣਕ ਜਾਪਦਾ ਹੈ। ਲਖਨਊ , ਕਾਕੋਰੀ ਦੀ ਉਰਦੂ , ਫ਼ਾਰਸੀ ਅਸਰ ਵਾਲੀ ਭਾਸ਼ਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਭਗਤ ਭੀਖਨ ਜੀ ਦੀ ਬਾਣੀ ਦੀ ਭਾਸ਼ਾ ‘ਚ ਵੀ ਕੋਈ ਮੇਲ ਨਹੀਂ ਵਿਖਾਈ ਦਿੰਦਾ । ਵਿਦਵਾਨਾਂ ਦੇ ਇਕ ਵਰਗ ਦਾ ਇਹ ਸਿਟਾ ਕਿ ਭਗਤ ਭੀਖਨ ਜੀ ਪੰਜਾਬ ਦੇ ਹੀ ਵਸਨੀਕ ਸਨ ਢੁਕਵਾਂ ਜਾਪਦਾ ਹੈ ।
ਭਗਤ ਭੀਖਨ ਜੀ ਨੇ ਕਿਹਾ ਕਿ ਮਨੁਖ ਤੇ ਸਾਰੇ ਦੁਖਾਂ ਤੇ ਭਾਰੀ ਬੇਬਸੀ ਦਾ ਨਿਦਾਨ ਪਰਮਾਤਮਾ ਕੋਲ ਹੈ ਜੋ ਸਚਾ ਵੈਦ ਹੈ “ ਰਾਮ ਰਾਇ ਹੋਹਿ ਬੈਦ ਬਨਵਾਰੀ। ਮਨੁਖ ਨੂੰ ਰੋਗ ਮੁਕਤ ਹੋਣਾ ਹੈ ਤਾਂ ਸੰਸਾਰ ਦੇ ਵੈਦ ਤੇ ਰਾਖਨਹਾਰ ਪਰਮਾਤਮਾ ਕੋਲ ਜਾਣਾ ਪਵੇਗਾ . ਗੁਰੂ ਅਰਜਨ ਸਾਹਿਬ ਨੇ ਵਚਨ ਕੀਤੇ “ ਦੂਖ ਰੋਗ ਭੈ ਸਗਨ ਬਿਨਾਸੇ ਜੋ ਆਵੈ ਹਰਿ ਸੰਤ ਸਰਨ “ । ਭਗਤ ਭੀਖਨ ਜੀ ਨੇ ਅਉਖਦ ਨਾਮ ਵੀ ਦਸਿਆ ਜੋ ਪਰਮਾਤਮਾ ਕੋਲੋਂ ਪ੍ਰਾਪਤ ਹੋਣੀ ਹੈ “ ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ “ । ਪਰਮਾਤਮਾ ਦਾ ਨਾਮ ਸੰਸਾਰ ਦੀ ਸਭ ਤੋਂ ਸ੍ਰੇਸਟ ਅਉਖਧ ਹੈ ਜੋ ਸਾਰੇ ਰੋਗਾਂ , ਦੁਖਾਂ ਤੋਂ ਉਬਾਰ ਲੈਂਦਾ ਹੈ “ ਗੁਰ ਪ੍ਰਸਾਦਿ ਨਾਨਕ ਸੰਤੋਖੇ ਨਾਮੁ ਪ੍ਰਭੂ ਜਪਿ ਜਪਿ ਉਧਰਨ।
ਮਨੁਖ ਦੇ ਦੁਖਾਂ ਦੀ ਜੜ ਉਸ ਦਾ ਪਰਮਾਤਮਾ ਦਾ ਆਸਰਾ ਤਿਆਗ ਮਾਇਆ ਤੇ ਵਿਕਾਰਾਂ ਦਾ ਸੰਗ ਕਰ ਲੈਣਾ ਹੈ “ ਪ੍ਰਾਨਪਤਿ ਤਿਆਗਿ ਆਨ ਤੂ ਰਚਿਆ ਉਰਝਿਓ ਸੰਗਿ ਬੈਰਾਈ॥ ਪਰਮਾਤਮਾ ਤੋਂ ਵੇਮੁਖ ਹੋਏ ਮਨੁਖ ਦੀ ਜੀਵਨ ਜਾਚ ਹੀ ਉਸ ਦਾ ਰੋਗ ਹੈ । ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਵਿਕਾਰਾਂ ਦਾ ਬੰਦੀ ਮਨ ਵਿਅੰਜਨਾਂ “ ਹੋਰੁ ਖਾਣਾ। ਤਨ ਦੀ ਸਾਜ ਸਜਾ “ ਹੋਰੁ ਪੈਨਣੁ, ਸੰਸਾਰਕ ਪਦਾਰਥਾਂ “ ਹੋਰੁ ਚੜਣਾ “ ਤੇ ਭੋਗ ਵਿਲਾਸ “ ਹੋਰੁ ਸਉਣਾ “ ਵਿਚ ਹੀ ਭਟਕਦਾ ਰਹਿੰਦਾ ਹੈ ਜੋ ਤਨ ਤੇ ਮਨ ਦੁਹਾਂ ਨੂੰ ਦੁਖ ਦੇਣ ਵਾਲੇ ਹਨ । ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਪਰਮਾਤਮਾ ਦਾ ਨਾਮ ਸਿਮਰਨ ਅੰਮ੍ਰਿਤ ਬਣ ਕੇ ਮਨੁਖ ਨੂੰ ਉਬਾਰ ਲੈਂਦਾ ਹੈ “ ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ॥ ਭਗਤ ਭੀਖਨ ਜੀ ਨੇ ਪਰਮਾਤਮਾ ਦੇ ਨਾਮ ਨੂੰ ਮੁਕਤੀ ਦਾ ਦੁਆਰ ਕਿਹਾ । ਮਨ ਨਾਮ ਜਪੇ ਤਾਂ ਸੋਚ ਦੀ ਪੀੜ , ਵਿਕਾਰਾਂ ਦਾ ਤਾਪ ਤੇ ਭਰਮ , ਸ਼ੰਕਾ ਦੇ ਦਰਦ ਤੋਂ ਮੁਕਤ ਹੋ ਜਾਏਗਾ । ਮਨੁਖ ਨਾਮ ਜਪੇ , ਨਾਮ ਸੁਨੇ ਤੇ ਨਾਮ ਧਾਰਣ ਕਰੇ ਇਹੋ ਸੁਖ ਦਾ ਮਾਰਗ ਹੈ “ ਰਸਨਾ ਰਮਤ ਸੁਨਤ ਸੁਖੁ ਸ੍ਰਵਨਾ ਚਿਤ ਚੇਤੇ ਸੁਖੁ ਹੋਈ। ਵੈਦ ਬਨਵਾਰੀ ਪਰਮਾਤਮਾ ਦਾ ਇਹ ਨਿਦਾਨ ਤੇ ਅਉਖਧ ਅਦੁਤੀ ਤੇ ਵਿਲਖਣ ਹੈ ।