ਬੀਤੇ ਦਿਨੀਂ ਫਰੈਂਡਸ਼ਿਪ-ਡੈਅ ਸੀ ਅਤੇ ਦੁਨੀਆ ਭਰ ਦੇ ਤਮਾਮ ਲੋਕਾਂ ਨੇ ਇਸ ਮੌਕੇ ਉਤੇ ਆਪਣੀ ਦੋਸਤੀ ਅਤੇ ਦੋਸਤਾਂ ਨੂੰ ਯਾਦ ਕੀਤਾ। ਵਟਸਐਪ ’ਤੇ ਦੋਸਤਾਂ ਵੱਲੋਂ ਸਵੇਰੇ ਤੋਂ ਦੇਰ ਰਾਤ ਤੱਕ ਸ਼ੁੱਭਕਾਮਨਾਵਾਂ ਦਾ ਦੌਰ ਚਲਦਾ ਰਿਹਾ।ਦੋਸਤ ਦੋ ਤਰ੍ਹਾਂ ਦੇ ਮੰਨੇ ਜਾਂਦੇ ਹੈ ਜਿਨ੍ਹਾਂ ਵਿਚ ਇਕ ਦੋਸਤੀ ਥੋੜਚਿਰੀ ਹੁੰਦੀ ਹੈ ਅਤੇ ਦੂਜੀ ਪੂਰਾ ਜੀਵਨ ਚਲਦੀ ਹੈ।ਸਾਰੀ ਉਮਰ ਚੱਲਣ ਵਾਲੀ ਦੋਸਤੀ ਸਵਾਰਥ ਰਹਿਤ ਹੁੰਦੀ ਹੈ ਜਦੋਂ ਕਿ ਥੋੜਚਿਰੀ ਸਵਾਰਥਾਂ ਨਾਲ ਭਰਪੂਰ ਹੁੰਦੀ ਹੈ।ਦੋਸਤੀ ਕਰਨਾ ਅਤੇ ਉਸਨੂੰ ਨਿਭਾਣਾ ਕੋਈ ਖਿਲਵਾੜ ਨਹੀਂ ਹੁੰਦਾ। ਸਗੋਂ ਕਿਹਾ ਗਿਆ ਹੈ ਕਿ ਜੋ ਦੋਸਤ ਦੇ ਦੁੱਖ ’ਚ ਨਾ ਖੜ੍ਹਨ ਉਹ ਸੱਚੇ ਦੋਸਤ ਨਹੀਂ ਹੁੰਦੇ। ਜੋ ਮਿਤਰ ਦੇ ਦੁਖ ਵਿਚ ਦੁਖੀ ਨਹੀਂ ਹੁੰਦਾ ਹੈ ਉਹਨੂੰ ਪਾਪ ਲਗ ਜਾਂਦਾ ਹੈ। ਇਸ ਲਈ ਮਿਤਰ ਦਾ ਸਥਾਨ ਮਾਤਾ ਪਿਤਾ ਨਾਲੋਂ ਵੀ ਉਚਾ ਮੰਨਿਆ ਜਾਂਦਾ ਹੈ। ਮਿਤਰ ਦੇ ਅਗੇ ਦੁਨੀਆ ਬੇਕਾਰ ਹੁੰਦੀ ਹੈ ਇਸ ਲਈ ਮਿਤਰ ਨਾਲ ਦਿਲ ਦੀਆਂ ਉਹ ਗੱਲਾਂ ਹੋ ਸਕਦੀਆਂ ਹਨ ਜੋ ਅਸੀਂ ਮਾਤਾ-ਪਿਤਾ, ਸੰਤਾਨ ਆਦਿ ਨਾਲ ਨਹੀਂ ਕਰ ਸਕਦੇ।ਇਸ ਲਈ ਮਿਤਰ ਨੂੰ ਰਬ ਦਾ ਦੂਜਾ ਸਰੂਪ ਕਿਹਾ ਗਿਆ ਹੈ ਕਿਉਂਕਿ ਅਸਲੀ ਮਿੱਤਰ ਦੁੱਖ ਵਿਚ ਬਿਨਾਂ ਬੁਲਾਏ ਆ ਖੜ੍ਹਦਾ ਹੈ।ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਸੁਦਾਮਾ ਜੀ ਦੀ ਦੋਸਤੀ ਤਮਾਮ ਅਸਮਾਨਤਾ ਦੇ ਬਾਵਜੂਦ ਮੁੱਢਲੇ ਸਮੇਂ ਤੋਂ ਅਸਲੀ ਦੋਸਤੀ ਦਾ ਉਦਾਹਰਣ ਬਣਦੀ ਰਹੀ ਹੈ।ਦੋਸਤੀ ਵੇਖਣੀ ਹੈ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਵੇਖ ਲਓ ਜਿਨ੍ਹਾਂ ਨੇ ਮਿੱਤਰ ਦੇ ਦੁੱਖ ਨੂੰ ਦੇਖਕੇ ਦੁਖੀ ਹੋ ਕੇ ਜਦੋਂ ਸੁਦਾਮਾ ’ਤੇ ਸਵਰਗ ਨਿਓਛਾਵਰ ਕਰਨ ਲਈ ਤਿਆਰ ਹੋ ਗਏ ਅਤੇ ਇਹ ਵੀ ਭੁੱਲ ਗਏ ਕਿ ਆਪ ਕਿੱਥੇ ਰਹਿਣਗੇ। ਇਸੇ ਤਰ੍ਹਾਂ ਮਹਾਂਬਲੀ ਹਨੂੰਮਾਨ ਅਤੇ ਸੁਗਰੀਵ ਦੀ ਦੋਸਤੀ ਵੀ ਇਕ ਉਦਾਹਰਣ ਹੈ ਜਿਨ੍ਹਾਂ ਨੇ ਨਾ ਸਿਰਫ ਸੁਖ-ਦੁਖ ਵਿੱਚ ਸਾਥ ਦਿੱਤਾ ਬਲਕਿ ਰੱਬ ਨਾਲ ਵੀ ਮਿਲਾ ਦਿੱਤਾ ਸੀ। ਦੋਸਤੀ ਜਾਤੀ, ਧਰਮ, ਕੌਮ ਦੀ ਮੁਹਤਾਜ ਨਹੀਂ ਹੁੰਦੀ। ‘‘ਨਾ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ, ਇਨਸਾਨ ਦੀ ਔਲਾਦ ਹੈ ਇਨਸਾਨ ਬਣੇਗਾ’’ ਦੇ ਸਿਧਾਂਤ ਉਤੇ ਦੋਸਤੀ ਫਲਦੀ -ਫੁਲਦੀ ਹੈ ਅਤੇ ਪ੍ਰਵਾਣ ਚੜ੍ਹਦੀ ਹੈ।ਦੋਸਤੀ ਨਿਭਾਉਣਾ ਬੱਚਿਆਂ ਦਾ ਖੇਡ ਨਹੀਂ ਹੁੰਦਾ ਅਤੇ ਦੋਸਤ ਲਈ ਜਾਨ ਤੱਕ ਨਿਓਛਾਵਰ ਕਰ ਦਿੱਤੀ ਜਾਂਦੀ ਹੈ।ਇਕ ਉਹ ਵੀ ਸਮਾਂ ਸੀ ਜਦੋਂ ਦੋਸਤ ਦੀ ਜ਼ਰੂਰਤ ਪੈਣ ’ਤੇ ਘਰ ਦੀਆਂ ਕੀਮਤਾਂ ਵਸਤਾਂ ਜਿਵੇਂ ਸੋਨਾ-ਚਾਂਦੀ, ਜ਼ਮੀਨ ਗਹਿਣੇ ਰੱਖ ਕੇ ਉਸ ਦੀ ਮੱਦਦ ਕੀਤੀ ਜਾਂਦੀ ਸੀ ਪਰ ਅੱਜ ਸਮਾਂ ਬਦਲ ਗਿਆ ਹੈ ਅਤੇ ਦੋਸਤੀ ਸਿਰਫ ਸਵਾਰਥ ਨਾਲ ਲਬਰੇਜ਼ ਹੁੰਦੀ ਜਾ ਰਹੀ ਹੈ। ਅੱਜ ਦੇ ਸਮੇਂ ਵਿੱਚ ਅਜਿਹੇ ਲੋਕ ਬਹੁਤ ਘੱਟ ਮਿਲਦੇ ਹਨ ਜੋ ਬਿਨਾਂ ਕਿਸੇ ਸਵਾਰਥ ਤੋਂ ਦੋਸਤੀ ਨਿਭਾਅ ਰਹੇ ਹਨ। ਜਾਂ ਨਿਭਾਉਂਦੇ ਹਨ। ਕਿਸੇ ਸ਼ਾਇਰ ਨੇ ਸਹੀ ਫਰਮਾਇਆ ਹੈ ਕਿ ‘ਦੋਸਤੀ ’ਤੇ ਇਸ ਜ਼ਮਾਨੇ ’ਚ! ਤੁਸੀਂ ਜਨਾਬ ਕਿਹੜੇ ਜ਼ਮਾਨੇ ਦੀ ਗੱਲ ਕਰਦੇ ਹੋ? ’