April 25, 2026 5:42 pm

ਯੁੱਗ ਪੁਰਸ਼- ਭਗਤ ਪੂਰਨ ਸਿੰਘ ਜੀ

ਭਗਤ ਪੂਰਨ ਸਿੰਘ ਜੀ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਲਈ ਹਰ ਇਨਸਾਨ ਨੂੰ ਬਾਰ-ਬਾਰ ਚੇਤਾਵਨੀ ਦੇਂਦੇ ਹਨ। ਵੱਧ ਤੋਂ ਵੱਧ ਰੁੱਖ ਲਗਾਉਣ ਲਈ ਸਮਝਾਉਂਦੇ ਹਨ। ਰੁੱਖ ਦੇਸ਼ ਦੀ ਖੁਸ਼ਹਾਲੀ ਦਾ ਅਧਾਰ ਹਨ। ਭਗਤ ਜੀ ਆਪਣੇ ਬਚਪਨ ਦੀ ਯਾਦ ਤਾਜ਼ਾ ਕਰਦੇ ਦੱਸਦੇ ਹਨ ਕਿ ਉਹਨਾਂ ਦੇ ਪਿਤਾ ਜੀ ਨੇ ਪਿੰਡ ਵਿੱਚ ਇੱਕ ਤਲਾਅ ਪੁਟਾਇਆ ਸੀ ਤੇ ਮਾਂ ਨੇ ਦੋ ਤ੍ਰਿਵੈਣੀਆ ਤੇ ਤਿੰਨ ਪਿੱਪਲ ਦੇ ਰੁੱਖ ਲਾਏ ਸਨ। ਤ੍ਰਿਵੈਣੀ ਤਿੰਨ ਰੁੱਖਾਂ ਦੀ ਹੁੰਦੀ ਹੈ- ਪਿੱਪਲ, ਬੋਹੜ ਤੇ ਨਿੰਮ। ਪਿੱਪਲ ਤੇ ਬੋਹੜ ਦੋ ਸੋ ਬੰਦਿਆਂ ਨੂੰ ਜ਼ਿੰਦਾ ਰੱਖਣ ਲਈ ਆਕਸੀਜਨ ਪੈਦਾ ਕਰ ਦਿੰਦਾ ਹੈ। ਬੋਹੜ ਦੇ ਪੱਤੇ ਸੂਰਜ ਦੀ ਧੁੱਪ ਨੂੰ ਸੋਖ ਲੈਂਦੇ ਹਨ, ਇਸ ਲਈ ਬੋਹੜ ਦੀ ਛਾਂ ਠੰਡੀ ਹੁੰਦੀ ਹੈ। ਅੱਜ ਦੇਖਿਆ ਜਾਵੇ ਤਾਂ ਵਿਕਾਸ ਦੇ ਨਾਂ ਤੇ ਹਜ਼ਾਰਾਂ ਲੱਖਾਂ ਦਰੱਖਤਾਂ ਦੀ ਬਲੀ ਦੇ ਦਿੱਤੀ ਗਈ, ਪਰ ਉਹਨਾਂ ਕੱਟੇ ਗਏ ਦਰੱਖਤਾਂ ਦੀ ਜਗ੍ਹਾ ਨਵਂੇ ਦਰੱਖਤ ਨਹੀ ਲਾਏ ਗਏ। ਧਰਤੀ ਦਾ ਤੇਤੀ ਫੀਸਦੀ ਹਿੱਸਾ ਜੰਗਲਾਂ ਹੇਠ ਹੋਣਾ ਲਾਜ਼ਮੀ ਹੈ, ਪਰ ਇਹ ਚਾਰ ਜਾਂ ਪੰਜ ਫੀਸਦੀ ਹੀ ਰਹਿ ਗਿਆ ਹੈ, ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ। ਦਰੱਖਤਾਂ ਦੀ ਘਾਟ ਨਾਲ ਪਾਣੀ ਦੀ ਘਾਟ ਹੋਵੇਗੀ। ਬਿਮਾਰੀਆਂ ਵੱਧਣਗੀਆ। ਦਰੱਖਤਾਂ ਦੀ ਘਾਟ ਨਾਲ ਹਵਾ, ਪਾਣੀ ਜ਼ਹਿਰੀਲਾ ਹੋ ਜਾਵੇਗਾ। ਭਗਤ ਜੀ ਕਹਿੰਦੇ ਹਨ ਕਿ ਮਸ਼ੀਨਰੀ ਦੀ ਵਰਤੋਂ ਘੱਟ ਤੋਂ ਘੱਟ ਕਰੋ, ਕਿਉਂਕਿ ਇਹ ਮਸ਼ੀਨਾਂ ਬਿਜਲੀ, ਕੋਲਾ, ਪੈਟਰੋਲ, ਡੀਜ਼ਲ ਆਦਿ ਨਾਲ ਚੱਲਦੀਆ ਹਨ ਤੇ ਚੱਲਣ ਸਮੇਂ ਜੋ ਧੂਆਂ ਪੈਦਾ ਹੁੰਦਾ ਹੈ, ਉਹ ਵਾਤਾਵਰਣ ਨੂੰ ਗੰਦਲਾ ਕਰਦਾ ਹੈ। ਰੁੱਖਾਂ ਦੀ ਘਾਟ ਹੋਣ ਕਰਕੇ ਤੇਜ਼ਾਬੀ ਵਰਖਾ ਹੋ ਸਕਦੀ ਹੈ। ਬਹੁਤ ਹੀ ਤੇਜ਼ ਹਨੇਰੀਆਂ ਚੱਲਣਗੀਆਂ ਜੋ ਅਸੀ ਅੱਜ ਵੇਖ ਰਹੇ ਕਿ ਇੰਨ੍ਹਾਂ ਹਨੇਰੀਆਂ ਨੇ ਕਿੰਨ੍ਹਾਂ ਜਾਨੀ ਤੇ ਮਾਲੀ ਨੁਕਸਾਨ ਕੀਤਾ ਹੈ। ਭਗਤ ਜੀ ਦੀ ਸਿੱਖਿਆ ਨੂੰ ਹਰ ਇਨਸਾਨ ਨੂੰ ਪੱਲੇ ਬੰਨ੍ਹ ਲੈਣਾ ਚਾਹੀਦਾ ਹੈ ਤੇ ਘੱਟੋ ਘੱਟ ਹਰ ਇਨਸਾਨ ਨੂੰ ਇੱਕ ਰੁੱਖ ਲਾ ਕੇ ਵੱਡਾ ਹੋਣ ਤੱਕ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਭਗਤ ਜੀ ਦਾ ਦਾ ਜਨਮ 4 ਜੂਨ 1904 ਨੂੰ ਪਿਤਾ ਲਾਲਾ ਸ਼ਿੱਬੂ ਮੱਲ ਅਤੇ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਪਿੰਡ ਰਾਜੇਵਾਲ ਤਹਿਸੀਲ ਖੰਨਾ ਜਿਲ੍ਹਾ ਲੁਧਿਆਣਾ ਵਿੱਚ ਹੋਇਆ। ਪਿਤਾ ਸ਼ਾਹੂਕਾਰਾ ਕਰਦੇ ਸਨ। ਆਪ ਦੀ ਮਾਤਾ ਧਾਰਮਿਕ ਖਿਆਲਾਂ ਵਾਲੀ ਔਰਤ ਸੀ। ਜਿਸਨੇ ਆਪ ਦੇ ਦਿਲ ਵਿੱਚ ਦਇਆ ਭਾਵਨਾ ਪੈਦਾ ਕੀਤੀ। ਆਪ ਦਾ ਬਚਪਨ ਦਾ ਨਾਂ ਰਾਮ ਜੀ ਦਾਸ ਸੀ। ਆਪ ਨੂੰ ਸਕੂਲ ਵਿੱਚ ਪੜ੍ਹਨੇ ਪਾਇਆ ਗਿਆ। ਇੱਕ ਵਕਤ ਐਸਾ ਆਇਆ ਕਿ ਕਿਸੇ ਕਾਰਨ ਕਰਕੇ ਪਿਤਾ ਦਾ ਸ਼ਾਹੂਕਾਰਾ ਖਤਮ ਹੋ ਗਿਆ। ਗਰੀਬੀ ਨੇ ਘਰ ਵਿੱਚ ਆਣ ਪੈਰ ਪਸਾਰੇ। ਪਿਤਾ ਦੀ ਮੌਤ ਤੋਂ ਬਾਅਦ ਗੁਰਬਤ ਦੀ ਜ਼ਿੰਦਗੀ ਗੁਜ਼ਾਰਦਿਆਂ ਆਪ ਦੀ ਮਾਤਾ ਨੇ ਆਪ ਦਾ ਪੜ੍ਹਨਾ ਜਾਰੀ ਰੱਖਿਆ, ਭਾਵੇਂ ਇਸ ਲਈ ਆਪ ਦੀ ਮਾਤਾ ਨੂੰ ਕਿਸੇ ਡਾ. ਦੇ ਘਰ ਭਾਡੇ ਮਾਂਜਣ ਦੀ ਨੌਕਰੀ ਹੀ ਕਿਉਂ ਨਾ ਕਰਨੀ ਪਈ। ਸੰਨ 1923 ਵਿੱਚ ਆਪ ਨੇ ਲੁਧਿਆਣੇ ਜਦ ਦਸਵੀਂ ਦਾ ਇਮਤਿਹਾਨ ਦਿੱਤਾ ਤਾਂ ਆਪ ਦੇ ਜੀਵਨ ਵਿੱਚ ਇੱਕ ਘਟਨਾ ਘਟੀ, ਜਿਸ ਦੇ ਚੱਲਦਿਆਂ ਆਪ ਦਾ ਝੁਕਾਅ ਗੁਰੂ ਘਰ ਵੱਲ ਜ਼ਿਆਦਾ ਹੋ ਗਿਆ ਤੇ ਆਪ ਡੇਹਰਾ ਸਾਹਿਬ ਲਾਹੌਰ ਸੇਵਾ ਕਰਦੇ ਰਹੇ। ਉਥੇ ਹੀ ਆਪ ਦਾ ਨਾਂ ‘ਪੂਰਨ ਸਿੰਘ’ ਰੱਖਿਆ ਗਿਆ ਤੇ ਗਿਆਨੀ ਕਰਤਾਰ ਸਿੰਘ ਨੇ ‘ਭਗਤ’ ਸ਼ਬਦ ਜੋੜ ਕੇ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ ਤੇ ਮਹੰਤ ਤੇਜਾ ਸਿੰਘ ਦੇ ਉਤਸ਼ਾਹ ਸਦਕਾ 18- 20 ਸਾਲ ਗੁਰਦੁਆਰਾ ਡੇਹਰਾ ਸਾਹਬ ਆਪ ਨੇ ਜੋੜੇ ਝਾੜਨ, ਪਸ਼ੂਆਂ ਨੂੰ ਪੱਠੇ ਪਾਉਣ, ਭਾਡੇ ਮਾਂਜਣ, ਰੋਗੀਆਂ, ਅਪਾਹਜਾਂ ਦੀ ਹਰ ਪ੍ਰਕਾਰ ਦੀ ਸੇਵਾ ਕਰਨ ਦਾ ਕਾਰਜ ਨਿਭਾਇਆ। 30 ਜੂਨ 1930 ਨੂੰ ਆਪ ਦੀ ਮਾਤਾ ਮਹਿਤਾਬ ਕੌਰ ਦਾ ਗੁਰਦੁਆਰਾ ਛੇਹਰਟਾ ਸਾਹਬ ਵਿਖੇ ਦਿਹਾਂਤ ਹੋ ਗਿਆ। ਉਸ ਤੋਂ ਬਾਅਦ 1934 ਨੂੰ ਆਪ ਨੇ ਬੇਸਹਾਰਾ, ਯਤੀਮ, ਰੋਗੀਆਂ, ਅਨਾਥਾਂ ਤੇ ਬੇਆਸਰਿਆਂ ਦੀ ਸੇਵਾ ਸੰਭਾਲ ਦੀ ਸ਼ੁਰੂਆਤ ਕਰਕੇ ਆਪਣੀ ਮਾਤਾ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਭੇਟ ਕੀਤੀ। ਗੁਰਦੁਆਰਾ ਡੇਹਰਾ ਸਾਹਬ ਲਾਹੌਰ ਵਿੱਚ ਕੋਈ ਚਾਰ ਕੁ ਸਾਲ ਦੇ ਅਪੰਗ ਬੱਚੇ ਨੂੰ ਰੋਂਦਾ ਛੱਡ ਗਏ। ਭਗਤ ਜੀ ਨੇ ਉਸ ਬੱਚੇ ਦੀ ਸੇਵਾ ਸੰਭਾਲ ਕੀਤੀ ਤੇ ਉਸਦਾ ਨਾਂ ਪਿਆਰਾ ਸਿੰਘ ਰੱਖਿਆ। ਉਸ ਦਿਨ ਤੋਂ ਭਗਤ ਜੀ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ ਤੇ ਮਾਨੋ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ। ਸੰਨ 1947 ਨੂੰ ਜਦ ਦੇਸ਼ ਅਜ਼ਾਦ ਹੋਇਆ ਤਾਂ ਵੰਡ ਕਾਰਨ ਦੋਹਾਂ ਮੁਲਕਾਂ ਦੇ ਲੋਕਾਂ ਤੇ ਜਦ ਭਾਰੀ ਕਹਿਰ ਟੁੱਟਾ ਤਾਂ ਆਪ ਲਾਹੌਰ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪਿਆਰਾ ਸਿੰਘ ਨੂੰ ਪਿੱਠ ਤੇ ਚੁੱਕ ਕੇ ਲੱਗੇ ਰਫਿਊਜ਼ੀ ਕੈਂਪ ਵਿੱਚ ਪਹੁੰਚੇ। ਜਿੱਥੇ ਆਪ ਨੇ ਤਨ ਮਨ ਨਾਲ ਸੇਵਾ ਨਿਭਾਈ। ਸੰਨ 1958 ਨੂੰ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ। ਆਪ ਵਾਤਾਵਰਣ ਪ੍ਰੇਮੀ ਅਤੇ ਇੱਕ ਬਹੁਤ ਹੀ ਸੁਲਝੇ ਹੋਏ ਲੇਖਕ ਵੀ ਸਨ। ਆਪ ਨੇ ਕਿਤਾਬਾਂ ਪੜ੍ਹ ਕੇ ਜੋ ਗਿਆਨ ਹਾਸਲ ਕੀਤਾ, ਉਸ ਗਿਆਨ ਨੂੰ ਕਿਤਾਬਾਂ, ਪੈਂਫਲਿਟ, ਟ੍ਰੈਕਟ ਤੇ ਹੋਰ ਅਨੇਕਾਂ ਤਰੀਕਿਆਂ ਨਾਲ ਲੋਕਾਂ ਤੱਕ ਪਹੁੰਚਾਇਆ। ਅੱਜ ਵੀ ਧਾਰਮਿਕ ਥਾਵਾਂ ਤੇ ਪਿੰਗਲਵਾੜਾ ਸੰਸਥਾ ਵੱਲੋਂ ਫਰੀ ਲਿਟਰੇਚਰ ਵੰਡਿਆ ਜਾਂਦਾ ਹੈ। ਭਗਤ ਜੀ ਜੋ ਲੋਕਾਂ ਨੂੰ ਸੁਨੇਹਾ ਦਿੰਦੇ ਸਨ, ਪਹਿਲਾਂ ਆਪ ਉਸ ਤੇ ਖਰੇ ਉਤਰਦੇ ਸਨ। ਆਪ ਨੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ। ਆਪ ਨੇ ਲੋਕਾਂ ਨੂੰ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਤੋਂ ਰੋਕਿਆ। ਸਵੱਛ ਵਾਤਾਵਰਨ ਹੀ ਸੁਖੀ ਜੀਵਨ ਦਾ ਅਧਾਰ ਹੈ। ਭਗਤ ਜੀ ਆਪਣੀ ਲਾਈ ਹੋਈ ਪ੍ਰਿਟਿੰਗ ਪ੍ਰੈਸ ਵਿੱਚ ਰੱਦੀ ਕਾਗਜ਼ ਖਰੀਦ ਕੇ ਦੂਜੇ ਪਾਸੇ ਮੋਟੀ ਛਪਾਈ ਕਰਕੇ ਵਰਤ ਲੈਂਦੇ ਸਨ, ਕਿਉਂਕਿ ਲੋਕ ਕਾਗਜ਼ ਦਾ ਇੱਕ ਪਾਸਾ ਹੀ ਵਰਤੋਂ ਵਿੱਚ ਲਿਆਉਂਦੇ ਹਨ। ਭਗਤ ਪੂਰਨ ਸਿੰਘ ਜੀ ਸਮਝਦੇ ਸਨ ਕਿ ਕਾਗਜ਼ ਬਨਾਉਣ ਲਈ ਦਰੱਖਤਾਂ ਦੀ ਕਟਾਈ ਕਰਨ ਦੀ ਜਰੂਰਤ ਪੈਂਦੀ ਹੈ। ਸੋ ਉਹ ਕਾਗਜ਼ ਬਹੁਤ ਹੀ ਤਰੀਕੇ ਨਾਲ ਇਸਤੇਮਾਲ ਕਰਦੇ ਸਨ। ਉਹ ਆਪਣਾ ਸਫਰ ਬੱਸਾਂ, ਕਾਰਾਂ ਛੱਡ ਕੇ ਰਿਕਸ਼ਾ ਜਾਂ ਰੇਲ ਗੱਡੀ ਦੇ ਥਰਡ ਕਲਾਸ ਡੱਬੇ ਰਾਹੀਂ ਹੀ ਕਰਨਾ ਪਸੰਦ ਕਰਦੇ ਸਨ। ਉਹ ਬਿਜਲੀ ਨਾਲ ਚੱਲਣ ਵਾਲੀ ਹਰ ਚੀਜ਼ ਨੂੰ ਘੱਟ ਤੋਂ ਘੱਟ ਇਸਤੇਮਾਲ ਕਰਨ ਦੀ ਸਲਾਹ ਦਿੰਦੇ ਸਨ। ਏਅਰ ਕੰਡੀਸ਼ਨ ਦੀ ਵਰਤੋਂ ਤੋਂ ਵੀ ਰੋਕਦੇ ਸਨ, ਕਿਉਂਕਿ ਇਸ ਦੀ ਵਰਤੋਂ ਨਾਲ ਵਾਤਾਵਰਨ ਗੰਧਲਾ ਹੁੰਦਾ ਹੈ ਤੇ ਅਨੇਕਾਂ ਪ੍ਰਕਾਰ ਦੀਆਂ ਬੀਮਾਰੀਆਂ ਜਨਮ ਲੈਂਦੀਆਂ ਹਨ। ਭਗਤ ਜੀ ਜ਼ੋਰ ਦਿੰਦੇ ਸਨ ਕਿ ਜੇ ਸਮਾਂ ਰਹਿੰਦੇ ਅਸੀ ਨਾ ਬਦਲੇ ਤਾਂ ਆਉਣ ਵਾਲੇ ਸੌ ਸਾਲਾਂ ਵਿੱਚ ਦੁਨੀਆਂ ਦਾ ਨਕਸ਼ਾ ਹੀ ਕੁੱਝ ਹੋਰ ਹੀ ਹੋਵੇਗਾ। ਮਿੱਟੀ ਦਾ ਖੁਰਨਾ, ਹੁਮਸ ਦਾ ਖਤਮ ਹੋਣਾ, ਅਬਾਦੀ ਦਾ ਵੱਧਣਾ ਜਿਸ ਨਾਲ ਡੇਢ ਕਰੋੜ ਲੋਕ ਹਰ ਸਾਲ ਭੁੱਖ ਨਾਲ ਮਰਨਗੇ। ਮੌਸਮ ਵਿੱਚ ਭਾਰੀ ਤਬਦੀਲੀਆਂ ਹੋ ਸਕਦੀਆਂ ਹਨ। ਧਰਤੀ ਬਰਫਾਨੀ ਯੁੱਗ ਵਿੱਚ ਪਹੁੰਚ ਸਕਦੀ ਹੈ। ਧਰਤੀ ਬੰਜਰ ਹੋ ਸਕਦੀ ਹੈ। ਰੇਤ ਦੀਆਂ ਹਨੇਰੀਆਂ ਝੁੱਲ ਸਕਦੀਆਂ ਹਨ। ਸੋਕਾ ਪੈ ਸਕਦਾ ਹੈ ਜਾਂ ਫਿਰ ਭਾਰੀ ਹੜ੍ਹ ਤਬਾਹੀ ਮਚਾ ਸਕਦੇ ਹਨ। ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਘਟਣਾ, ਪਾਣੀ ਦਾ ਪ੍ਰਦੂਸ਼ਿਤ ਹੋਣਾ ਤੇ ਪਾਣੀ ਦੀ ਅੰਨੇਵਾਹ ਵਰਤੋਂ ਵੀ ਬੇਹੱਦ ਚਿੰਤਾ ਦਾ ਵਿਸ਼ਾ ਹੈ। ਭਗਤ ਜੀ ਦੀਆਂ ਸੇਵਾਵਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ 1979 ਵਿੱਚ ਭਗਤ ਜੀ ਨੂੰ ਪਦਮ ਸ਼੍ਰੀ ਨਾਲ ਨਿਵਾਜ਼ਿਆ ਗਿਆ। ਸੰਨ 1990 ਵਿੱਚ ਹਾਰਮਨੀ ਐਵਾਰਡ, ਸੰਨ 1991 ਵਿੱਚ ਰੋਗ ਰਤਨ ਅਤੇ ਭਾਈ ਘਨੱਈਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸੰਨ 1984 ਨੂੰ ਦਰਬਾਰ ਸਾਹਿਬ ਤੇ ਸਰਕਾਰ ਵੱਲੋਂ ਕੀਤੇ ਅਟੈਕ ਨੇ ਜਿੱਥੇ ਕਈ ਸਿੱਖ ਪ੍ਰੇਮੀਆਂ ਦੇ ਹਿਰਦੇ ਛੱਲਣੀ ਕੀਤੇ ਸਨ, ਉਥੇ ਭਗਤ ਪੂਰਨ ਸਿੰਘ ਜੀ ਦਾ ਹਿਰਦਾ ਵੀ ਛੱਲਣੀ ਹੋਇਆ, ਜਿਸਦੇ ਰੋਸ ਵਜ਼ੋਂ ਭਗਤ ਜੀ ਨੇ ਪਦਮ ਸ਼੍ਰੀ ਐਵਾਰਡ ਵਾਪਿਸ ਕਰ ਦਿੱਤਾ ਸੀ। ਧਰਮ ਦੀ ਕਾਰ ਕਰਦਿਆਂ ਆਖਿਰ 5 ਅਗਸਤ 1992 ਨੂੰ 88 ਸਾਲ ਦੀ ਉਮਰ ਭੋਗ ਕੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੇ ਮਗਰੋਂ ਡਾ. ਇੰਦਰਜੀਤ ਕੌਰ ਪਿੰਗਲਵਾੜਾ ਸੁਸਾਇਟੀ ਦੇ ਮੁੱਖ ਸੇਵਾਦਾਰ ਵਜੋਂ ਬਾਖੂਬੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਸੇਵਾ ਨਿਭਾਅ ਰਹੇ ਹਨ। ਇਸ ਵਾਰ ਪਿੰਗਲਵਾੜਾ ਸੁਸਾਇਟੀ ਵੱਲੋਂ ਪਹਿਲੀ ਵਾਰ 29 ਜੁਲਾਈ ਤੋਂ 2 ਅਗਸਤ ਤੱਕ ਸ੍ਰੀ ਅੰਮ੍ਰਿਤਸਰ ਅਰਬਨ ਹਾਟ ਵਿੱਚ ਪ੍ਰੋਗਰਾਮ ਕਰਵਾਇਆਂ ਗਿਆ, ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅਤੇ ਮਹਾਨ ਕਿਰਤੀ ਭਾਈ ਲਾਲੋ ਜੀ ਨੂੰ ਸਮਰਪਿਤ ‘ਕਿਰਤੀ ਤੇ ਸੱਭਿਆਚਾਰ ਮੇਲਾ’ ਕਰਵਾਇਆ ਗਿਆ। ਇਸ ਵਾਰ 3 ਅਗਸਤ ਨੂੰ ਪਿੰਗਲਵਾੜਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ, 4 ਅਗਸਤ ਨੂੰ ਖੂਨਦਾਨ ਕੈਂਪ ਲਾਏ ਜਾਣਗੇ ਤੇ 5 ਅਗਸਤ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਇਸ ਦੇ ਉਪਰੰਤ ਕੀਰਤਨ ਹੋਵੇਗਾ। ਆਉ ਆਪਾਂ ਸਾਰੇ ਭਗਤ ਪੂਰਨ ਸਿੰਘ ਜੀ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਵਾਤਾਵਰਣ ਪ੍ਰਤੀ ਸੁਚੇਤ ਹੋਈਏ ਤੇ ਵੱਧ ਤੋਂ ਵੱਧ ਰੁੱਖ ਲਗਾਈਏ, ਪਾਣੀ ਦੀ ਸਾਂਭ ਸੰਭਾਲ ਕਰੀਏ, ਵਾਤਾਵਰਣ ਨੂੰ ਪ੍ਰਦੂਸ਼ਿਤ ਨਾ ਕਰੀਏ ਤੇ ਲੋੜਵੰਦਾਂ ਦੀ ਮਦਦ ਕਰਕੇ ਆਪਣਾ ਜੀਵਨ ਸਫਲ ਬਣਾਈਏ। ਭਗਤ ਜੀ ਨੂੰ ਇਹੀ ਸੱਚੀ ਸੁੱਚੀ ਸ਼ਰਧਾਜ਼ਲੀ ਹੋਵੇਗੀ। ਭਗਤ ਜੀ ਦੀ ਬਰਸੀ ਤੇ ਇਸ ਸਾਲ ਵੀ ਮੈਡੀਕਲ ਕੈਂਪ, ਖੂਨਦਾਨ ਕੈਂਪ ਲਾਏ ਜਾਣਗੇ ਤੇ ਵਾਤਾਵਰਣ ਸਬੰਧੀ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇਗਾ।

Send this to a friend