April 24, 2026 1:36 pm

ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਖੁਰਾਕ: ਮਨਦੀਪ ਸ਼ਰਮਾ

ਸ੍ਰੀ ਅਨੰਦਪੁਰ ਸਾਹਿਬ- ਪੁਰਾਣੇ ਸਮ੍ਹੇਂ ਤੋਂ ਹੀ ਮਾਵਾਂ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਂਦੀਆਂ ਆ ਰਹੀਆਂ ਹਨ, ਜੋ ਕਿ ਬੱਚੇ ਨੂੰ ਭਰਪੂਰ ਪੋਸ਼ਣ ਦਿੰਦਾ ਹੈ। ਇਸ ਸੰਬੰਧੀ ਮਨਦੀਪ ਸ਼ਰਮਾ ਨੇ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਨੂੰ ਸਿਹਤਮੰਦ ਬਣਾਉਣ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਵੀ ਸਹਾਈ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਪਹਿਲੇ ਛੇ ਮਹੀਨੇ ਤਾਂ ਲਾਜਮੀ ਬੱਚੇ ਨੂੰ ਮਾਂ ਦਾ ਦੁੱਧ ਪਿਲਾਣਾ ਚਾਹੀਦਾ ਹੈ। ਇਹ ਬੱਚੇ ਲਈ ਇੱਕ ਪੂਰਕ ਭੋਜਨ ਹੈ ਅਤੇ ਇਸ ਵਿੱਚ ਬੱਚੇ ਦੇ ਮੁੱਢਲੇ ਵਿਕਾਸ ਲਈ ਲੋੜੀਂਦੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ। ਇਸ ਵਿੱਚ ਐਂਟੀ-ਬਾਡੀਜ ਹੁੰਦੇ ਹਨ, ਜੋ ਕਿ ਬੱਚੇ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਖਾਸ ਤੌਰ ਤੇ ਕੁਪੋਸ਼ਣ, ਦਸਤ, ਛਾਤੀ ਦੀ ਇੰਨਫੈਕਸ਼ਨ, ਦਮਾ ਅਤੇ ਕੰਨ ਜਾਂ ਪਿਸ਼ਾਬ ਦੀ ਇੰਨਫੈਕਸ਼ਨ ਤੋਂ ਬਚਾਉਂਦੇ ਹਨ। ਮਾਂ ਦਾ ਦੁੱਧ ਬੱਚੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਕੁਦਰਤੀ ਅਤੇ ਪੌਸ਼ਟਿਕ ਢੰਗ ਹੈ। ਇਸ ਤੋਂ ਬਿਨ੍ਹਾਂ ਮਾਂ ਦਾ ਦੁੱਧ: ਬੱਚੇ ਲਈ ਕੁਦਰਤੀ ਭੋਜਨ ਹੈ। ਹਮੇਸ਼ਾ ਸਾਫ ਹੁੰਦਾ ਹੈ। ਬੱਚੇ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਬੱਚੇ ਨੂੰ ਤਾਕਤਵਰ ਅਤੇ ਸਮਝਦਾਰ ਬਣਾਉਦਾ ਹੈ। ਬੱਚੇ ਨੂੰ 24 ਘੰਟੇ ਮਿਲ ਸਕਦਾ ਹੈ ਅਤੇ ਇਸ ਲਈ ਕੋਈ ਤਿਆਰੀ ਵੀ ਨਹੀਂ ਕਰਨੀ ਪੈਦੀਂ। ਬੱਚੇ ਅਤੇ ਮਾਂ ਵਿੱਚ ਖਾਸ ਬੰਧਨ ਬਣਾਉਂਦਾ ਹੈ। ਬੱਚੇ ਨੂੰ ਆਪਣਾ ਦੁੱਧ ਪਿਲਾਉਣ ਨਾਲ ਮਾਂ ਗਰਭ ਦੌਰਾਨ ਵੱਧੇ ਹੋਏ ਭਾਰ ਨੂੰ ਘਟਾ ਸਕਦੀ ਹੈ। ਇਹ ਆਸਾਨੀ ਨਾਲ ਪਚਨ ਯੋਗ ਹੋਣ ਦੇ ਨਾਲ ਨਾਲ ਬੱਚੇ ਦਾ ਇਮਿਊਨ ਸਿਸਟਮ ਵੀ ਵਧਾਉਦਾ ਹੈ। ਮਾਂ ਦੇ ਦੁੱਧ ਵਿੱਚ ਸਾਰੇ ਖੁਰਾਕੀ ਤੱਤ ਜਿਵੇਂ ਕਿ ਕਾਰਬੋਜ, ਪ੍ਰੋਟੀਨ, ਚਰਬੀ, ਵਿਟਾਮਿਨ, ਖਣਿਜ ਪਦਾਰਥ ਅਤੇ ਪਾਣੀ ਮੌਜੂਦ ਹੁੰਦੇ ਹਨ। ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਵਿੱਚ ਅਲਰਜੀ ਤੋਂ ਹੋਣ ਵਾਲੀਆਂ ਤਕਲੀਫਾਂ ਜਿਵੇਂ ਕਿ ਖਾਂਸੀ ਅਤੇ ਚਮੜੀ ਸਬੰਧੀ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ। ਬੱਚੇ ਨੂੰ ਦੁੱਧ ਪਿਲਾਉਣ ਨਾਲ ਮਾਂ ਦੇ ਸ਼ਰੀਰ ਵਿੱਚੋਂ ਵਾਧੂ ਕੈਲੋਰੀਆਂ ਦੀ ਖਪਤ ਹੁੰਦੀ ਹੈ, ਜਿਸ ਨਾਲ ਗਰਭ ਦੌਰਾਨ ਮਾਂ ਦਾ ਵੱਧਿਆ ਹੋਇਆ ਭਾਰ ਘੱਟ ਜਾਂਦਾ ਹੈ।
ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮਾਂ ਦੇ ਦੁੱਧ ਵਿੱਚ ਕੋਲੋਸਟ੍ਰਮ ਬਣਨ ਲੱਗ ਜਾਂਦਾ ਹੈ। ਕੋਲੋਸਟ੍ਰਮ ਮਾਂ ਦਾ ਗਾੜ੍ਹਾ ਦੁੱਧ ਹੁੰਦਾ ਹੈ, ਜੋ ਕਿ ਹਲਕੇ ਪੀਲੇ ਰੰਗ ਦਾ ਹੁੰਦਾ ਹੈ। ਇਹ ਪ੍ਰੋਟੀਨ ਭਰਪੂਰ ਹੁੰਦਾ ਹੈ, ਜੋ ਕਿ ਪਹਿਲੇ ਕੁੱਝ ਦਿਨਾਂ ਵਿੱਚ ਬੱਚੇ ਨੂੰ ਲੋੜੀਂਦਾ ਹੈ। ਜਦੋਂ ਬੱਚਾ 2 ਤੋਂ 5 ਦਿਨ ਦਾ ਹੋ ਜਾਂਦਾ ਹੈ ਤਾਂ, ਮਾਂ ਦਾ ਦੁੱਧ ਪਤਲਾ ਅਤੇ ਚਿੱਟੇ ਰੰਗ ਦਾ ਹੋ ਜਾਂਦਾ ਹੈ। ਇਸ ਦੁੱਧ ਨੂੰ ਮੈਚਿਉਰ ਜਾਂ ਪਰਿਪੱਕ ਦੁੱਧ ਕਿਹਾ ਜਾਂਦਾ ਹੈ।
ਕਈ ਤਰ੍ਹਾਂ ਦੀਆਂ ਰੁਕਾਵਟਾਂ ਕਰਕੇ ਬੱਚੇ ਮਾਂ ਦੇ ਦੁੱਧ ਤੋਂ ਵਾਂਝਾ ਰਹਿ ਜਾਂਦਾ ਹੈ, ਜਿਵੇਂ ਕਿ ਔਰਤਾਂ ਅਤੇ ਬੱਚਿਆਂ ਦੀਆਂ ਸਹਿਤ ਸੇਵਾਵਾਂ ਵਿੱਚ ਕਮੀ, ਸਮਾਜਿਕ ਅਤੇ ਪਰਿਵਾਰਕ ਕਾਰਨ, ਕੰਮ ਦਾ ਸਥਾਨ ਅਤੇ ਰੋਜਗਾਰ ਦੀਆਂ ਨੀਤੀਆਂ ਅਤੇ ਬਜਾਰ ਵਿੱਚ ਕਈ ਤਰ੍ਹਾਂ ਦੇ ਪਾਊਡਰ ਦੁੱਧ ਅਤੇ ਨਕਲੀ ਭੋਜਨਾਂ ਦਾ ਮੌਜੂਦ ਹੋਣਾ। ਮਾਂ ਦਾ ਦੁੱਧ ਪ੍ਰਾਪਤ ਨਾ ਹੋਣ ਕਾਰਨ, ਬੱਚਾ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਜਿਵੇਂ ਕਿ ਦਸਤ, ਸਾਹ ਦੀ ਬਿਮਾਰੀ ਅਤੇ ਕੁਪੋਸ਼ਣ ਆਦਿ ਦਾ ਸ਼ਿਕਾਰ ਹੋ ਜਾਂਦਾ ਹੈ। ਕਈ ਵਾਰ ਤਾਂ ਬੱਚਾ ਇਨ੍ਹਾਂ ਕਮਜੋਰ ਹੋ ਜਾਂਦਾ ਹੈ ਕਿ ਉਸ ਦੀ ਮੌਤ ਵੀ ਹੋ ਸਕਦੀ ਹੈ।
ਸਮਾਜ, ਖਾਸ ਤੌਰ ਤੇ ਔਰਤਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਵਾਉਣ ਲਈ ਅਤੇ ਬੱਚੇ ਦੀ ਸਿਹਤ ਸੁਧਾਰਨ ਲਈ ਹਰੇਕ ਸਾਲ 1 ਤੋਂ 7 ਅਗਸਤ ਵਿਸ਼ਵ ਬਰੈਸਟ ਫੀਡਿੰਗ ਹਫਤੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਹਫਤੇ ਦਾ ਮੁੱਖ ਉਦੇਸ਼ ਹਰ ਵਰਗ ਦੇ ਮਾਂ ਅਤੇ ਬੱਚੇ ਵਿੱਚ ਕੁਪੋਸ਼ਣ ਨੂੰ ਰੋਕਣਾ, ਸੰਕਟ ਦੇ ਸਮ੍ਹੇਂ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਗਰੀਬੀ ਦੇ ਚੱਕਰ ਨੂੰ ਤੋੜਨਾ ਹੈ। ਇਸ ਸਾਲ ਬਰੈਸਟ ਫੀਡਿੰਗ ਹਫਤੇ 2018 ਦਾ ਨਾਅਰਾ ਹੈ ‘‘ਇਕੱਠੇ ਮਿਲ ਕੇ ਅਸੀਂ ਇਕ ਖੁਸ਼ਹਾਲ, ਸਿਹਤਮੰਦ ਅਤੇ ਟਿਕਾਉ ਭਵਿੱਖ ਬਣਾ ਸਕਦੇ ਹਾਂੂ।
ਜੇਕਰ ਮਾਂ ਪੌਸ਼ਟਿਕ ਖੁਰਾਕ ਦਾ ਸੇਵਨ ਨਹੀਂ ਕਰਦੀ, ਤਾਂ ਬੱਚੇ ਨੂੰ ਦੁੱਧ ਚੁੰਘਾਉਣ ਕਰਕੇ, ਉਹ ਕੁਪੋਸ਼ਣ ਦਾ ਸ਼ਿਕਾਰ ਹੋ ਸਕਦੀ ਹੈ। ਦੂਜੇ ਪਾਸੇ ਜੇ ਮਾਂ ਆਪਣਾ ਦੁੱਧ ਚੁੰਘਾਉਣਾ ਘੱਟ ਕਰਕੇ ਬੱਚੇ ਨੂੰ ਬਜਾਰ ਵਿੱਚ ਮੌਜੂਦ ਨਕਲੀ ਭੋਜਨ ਖਵਾਉੇਂਦੀ ਹੈ, ਤਾਂ ਵੀ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦਾ ਹੈ। ਕਿਉਂਕਿ ਬਾਹਰੀ ਭੋਜਨਾ ਵਿੱਚ ਐਂਟੀਆਕਸੀਡੈਂਟ ਨਹੀਂ ਹੁੰਦੇ, ਜਿਸ ਨਾਲ ਬੱਚਾ ਬਹੁਤ ਜਲਦੀ ਬਿਮਾਰ ਹੋ ਜਾਂਦਾ ਹੈ, ਉਸ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ। ਇਸ ਤੋਂ ਬਿਨ੍ਹਾਂ ਬਾਹਰੀ ਭੋਜਨ ਛੇਤੀ ਪਚਦਾ ਵੀ ਨਹੀਂ। ਇਸ ਲਈ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਸੰਤੁਲਿਤ ਭੋਜਨ ਉਪਲੱਬਧ ਕਰਵਾਉਣਾ ਅਤਿ ਜਰੂਰੀ ਹੈ, ਤਾਂ ਜੋ ਉਹ ਬੱਚੇ ਨੂੰ ਉਸ ਦੀ ਲੋੜ ਮੁਤਾਬਿਕ ਦੁੱਧ ਦੇ ਸਕਣ। ਇਸ ਨਾਲ ਬੱਚੇ ਅਤੇ ਮਾਂ ਦੋਨਾਂ ਨੂੰ ਕੁਪੋਸ਼ਣ ਤੋਂ ਬਚਾ ਕੇ ਉਹਨਾਂ ਦਾ ਜੀਵਨ ਸਕਾਰਾਤਮਕ ਬਣਾਇਆ ਜਾ ਸਕਦਾ ਹੈ।
ਮਾਂ ਦਾ ਦੁੱਧ ਬੱਚੇ ਨੂੰ ਜੀਵਨ ਦੇ ਸ਼ੁਰੂਆਤੀ ਦਿਨਾਂ ਵਿੱਚ ਖੁਰਾਕੀ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਪੂਰੇ ਪਰਿਵਾਰ ਦੀ ਖੁਰਾਕੀ ਸੁਰੱਖਿਅਤਾ ਵਿੱਚ ਯੋਗਦਾਨ ਪਾਉਂਦਾ ਹੈ ।ਬਰੈਸਟ ਫੀਡਿੰਗ ਮਨੁੱਖੀ ਸਿਹਤ ਅਤੇ ਵਾਤਾਵਰਨ ਵਿਚਕਾਰ ਸੰਬੰਧ ਦਾ ਇੱਕ ਪ੍ਰਮੁੱਖ ਉਦਾਹਰਣ ਹੈ। ਇਹ ਕੁਦਰਤੀ ਭੋਜਨ ਹੈ, ਇਸ ਨੂੰ ਬਣਾਉਣ ਲਈ ਕਿਸੀ ਫੈਕਟਰੀ, ਪੈਕਿੰਗ, ਬਾਲਣ ਜਾਂ ਪ੍ਰਦੂਸ਼ਣ ਦੀ ਲੋੜ ਨਹੀਂ ਹੁੰਦੀ, ਇਸ ਲਈ ਇਹ ਵਾਤਾਵਰਨ ਪੱਖੀ ਵੀ ਹੈ। ਬਹੁਤ ਸਾਰੇ ਲੋਕ ਭੁੱਖ ਅਤੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ, ਕਿੳਂਕਿ ਉਹਨਾਂ ਨੂੰ ਪੋਸ਼ਟਿਕ ਭੋਜਨ ਨਹੀਂ ਮਿਲਦਾ। ਮਾਂ ਦਾ ਦੁੱਧ ਇਕ ਵਿਆਪਕ ਹੱਲ ਹੈ, ਜਿਸ ਨਾਲ ਬਹੁਤ ਸਾਰੇ ਛੋਟੇ ਬੱਚਿਆਂ ਨੂੰ ਸਮਰੱਥ ਅਤੇ ਸਿਹਤਮੰਦ ਬਣਾਇਆ ਜਾ ਸਕਦਾ ਹੈ, ਪਰ ਇਸ ਲਈ ਮਾਂ ਨੂੰ ਪੌਸ਼ਟਿਕ ਖੁਰਾਕ ਮਿਲਣੀ ਵੀ ਬਹੁਤ ਜਰੂਰੀ ਹੈ।
ਮਾਂ ਦਾ ਦੁੱਧ, ਮਾਂ ਅਤੇ ਬੱਚੇ ਦੋਨਾਂ ਦੀ ਸਿਹਤ ਅਤੇ ਤੰਦਰੁਸਤੀ ਵਿੱਚ ਸੁਧਾਰ ਕਰਦਾ ਹੈ, ਜਿਹੜੇ ਕਿ ਕਿਸੀ ਵੀ ਦੇਸ਼ ਦੇ ਵਿਕਾਸ ਅਤੇ ਭਵਿੱਖ ਦੀ ਬੁਨਿਆਦ ਹਨ। ਦੁੱਧ ਪਿਲਾਉਣ ਸਮ੍ਹੇਂ ਧਿਆਨ ਰੱਖਣ ਯੋਗ ਗੱਲਾਂ ਪੌਸ਼ਟਿਕ ਦੁੱਧ ਲਈ ਜਰੂਰੀ ਹੈ ਕਿ ਮਾਂ ਆਪ ਪੌਸ਼ਟਿਕ ਖੁਰਾਕ ਖਾਵੇ ਅਤੇ ਚੰਗੀ ਨੀਂਦ ਲਵੇ। ਦੁੱਧ ਪਿਲਾਉਣ ਤੋਂ ਪਹਿਲਾਂ ਮਾਂ ਆਪਣੇ ਹੱਥ ਅਤੇ ਛਾਤੀਆਂ ਨੂੰ ਚੰਗੀ ਤਰ੍ਹਾਂ ਧੋ ਲਵੇ। ਦੁੱਧ ਪਿਲਾਉਣ ਤੋਂ ਬਾਅਦ ਮਾਂ ਆਪਣੀ ਛਾਤੀ ਅਤੇ ਬੱਚੇ ਦੇ ਮੁੰਹ ਨੂੰ ਪਾਣੀ ਨਾਲ ਧੋ ਕੇ ਸੁੱਕੇ ਕੱਪੜੇ ਨਾਲ ਸਾਫ ਕਰ ਦਿਉ। ਬੱਚੇ ਨੂੰ ਵਤਰ ਵਤਰ ਦੁੱਧ ਪਿਲਉਣ ਨਾਲ ਮਾਂ ਨੂੰ ਸਹੀ ਮਾਤਰਾ ਵਿੱਚ ਦੁੱਧ ਉਤਰਦਾ ਹੈ, ਇਸ ਲਈ ਜਦੋਂ ਬੱਚਾ ਚਾਹੇ ਉਸ ਨੂੰ ਦੁੱਧ ਪਿਲਉੇ। ਬੱਚੇ ਨੂੰ ਦੁੱਧ ਪਿਲਾਉਣ ਤੋਂ ਬਾਅਦ ਮਾਂ ਉਸ ਨੂੰ ਮੋਢੇ ਨਾਲ ਥੱਪਥਪਾ ਕੇ ਡਕਾਰ ਦਵਾਵੇ। ਇਸ ਤਰ੍ਹਾਂ ਕਰਨ ਨਾਲ ਵਾਧੂ ਗੈਸ ਬਾਹਰ ਨਿਕਲ ਜਾਂਦੀ ਹੈ।

Send this to a friend