ਪੰਜਾਬ ਤੇ ਰਾਜਸਥਾਨ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਦੁਹਰਾਈ
ਨਵੀਂ ਦਿੱਲੀ, 1 ਅਗਸਤ- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਨ ਦੀ ਆਰਥਿਕ ਚੁਣੌਤੀ ਦੇ ਟਾਕਰੇ ਲਈ ਸਰਹਦੀ ਪਟੀ ਨੂੰ ਸਨਅਤੀ ਧੁਰੇ ਵਜੋਂ ਵਿਕਸਤ ਕਰਨ ਵਾਸਤੇ ਵਿਆਪਕ ਨੀਤੀ ਤਿਆਰ ਕਰਨ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਅਤੇ ਇਸੇ ਦੌਰਾਨ ਹੀ ਉਨ੍ਹਾਂ ਨੇ ਸਰਹਦੀ ਸੂਬਿਆਂ ਪੰਜਾਬ ਤੇ ਰਾਜਸਥਾਨ ਲਈ ਵਿਸ਼ੇਸ਼ ਪੈਕੇਜ ਦਿਤੇ ਜਾਣ ਦੀ ਮੰਗ ਵੀ ਦੁਹਰਾਈ ਹੈ।
ਸੀ.ਆਈ.ਆਈ ਅਤੇ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਵੱਲੋਂ ਆਯੋਜਿਤ ਉਘੇ ਉਦਯੋਗਪਤੀਆਂ ਨਾਲ ਵਿਚਾਰ-ਵਟਾਂਦਰੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਮੁਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਾਲ ਸਰਹਦੀ ਇਲਾਕੇ ਵਿਚ ਖਾਸਕਰ ਪਠਾਨਕੋਟ ਤੋਂ ਲੈ ਕੇ ਪਾਕਿਸਤਾਨ ਦੀ ਸਰਹਦ ਦੇ ਨਾਲ-ਨਾਲ ਸਨਅਤੀ ਗਲਿਆਰਾ ਸਥਾਪਤ ਕਰਨ ਦਾ ਮੁਦਾ ਉਠਾਇਆ ਸੀ ਅਤੇ ਉਨ੍ਹਾਂ ਨੂੰ ਇਸ ਸਬੰਧ ਵਿਚ ਹਾਂ-ਪਖੀ ਹੁੰਗਾਰੇ ਦੀ ਉਮੀਦ ਹੈ।
ਮੁਖ ਮੰਤਰੀ ਨੇ ਉਦਯੋਗ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਪੰਜਾਬ ਵਿਚ ਨਿਵੇਸ਼ ਪੂਰੀ ਤਰ੍ਹਾਂ ਸੁਰਖਿਅਤ ਰਹੇਗਾ ਅਤੇ ਉਨ੍ਹਾਂ ਦੀ ਸਰਕਾਰ ਸਨਅਤਕਾਰਾਂ ਨੂੰ ਹਰ ਸੰਭਵ ਸਹਾਇਤਾ ਦੇਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਸੂਬੇ ਵਿਚ 10 ਹਜ਼ਾਰ ਕਰੋੜ ਰੁਪਏ ਤੋਂ ਵਧ ਦਾ ਨਿਵੇਸ਼ ਪਹਿਲਾਂ ਹੀ ਆ ਚੁਕਾ ਹੈ ਅਤੇ ਉਨ੍ਹਾਂ ਦੀ ਸਰਕਾਰ ਦਾ ਇਸ ਰਾਸ਼ੀ ਨੂੰ ਸਲਾਨਾ ਤਿੰਨ ਗੁਣਾ ਬਣਾਉਣ ਦਾ ਟੀਚਾ ਹੈ।
ਮੁਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਦਯੋਗਾਂ ਨੂੰ ਹਰ ਸੁਵਿਧਾ ਮੁਹੱਈਆ ਕਰਵਾਏਗੀ ਅਤੇ ਨੀਤੀਆਂ ਤਿਆਰ ਕਰਦੇ ਸਮੇਂ ਉਨ੍ਹਾਂ ਦੇ ਹਿਤਾਂ ਨੂੰ ਧਿਆਨ ਵਿਚ ਰਖੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਕੰਮ ਦਾ ਸੱਭਿਆਚਾਰ ਉਦਯੋਗ ਨੂੰ ਹੁਲਾਰਾ ਦੇਣ ਵਾਸਤੇ ਬਹੁਤ ਹੀ ਜ਼ਿਆਦਾ ਢੁਕਵਾਂ ਹੈ ਅਤੇ ਸੂਬੇ ਵਿਚ ਰੋਜ਼ਗਾਰ ਅਤੇ ਮਾਲੀਆ ਪੈਦਾ ਕੀਤੇ ਜਾਣ ਦੀ ਜ਼ਰੂਰਤ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ 55 ਸਾਲ ਦੀ ਸਿਆਸਤ ਦੌਰਾਨ ਪੰਜਾਬ ਦੇ ਉਦਯੋਗ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਘਨ ਨੂੰ ਕਦੀ ਵੀ ਨਹੀਂ ਦੇਖਿਆ ਕਿਉਂਕਿ ਇੱਥੇ ਬਹੁਤ ਹੀ ਵਧੀਆ ਕਿਰਤੀ ਹਨ।
ਮੁਖ ਮੰਤਰੀ ਨੇ ਨਵੀਂ ਸਨਅਤੀ ਅਤੇ ਵਪਾਰਕ ਵਿਕਾਸ ਨੀਤੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਉਦਯੋਗ ਤੋਂ ਸੁਝਾਅ ਮੰਗੇ ਜੋ ਕਿ ਵਪਾਰ ਨੂੰ ਹੁਲਾਰਾ ਦੇਣ ਅਤੇ ਇਸ ਨੂੰ ਸੁਖਾਲਾ ਬਣਾਉਣ ਵਾਸਤੇ ਤਿਆਰ ਕੀਤੀ ਗਈ ਹੈ। ਉਨ੍ਹਾਂ ਨੇ ਪੰਜਾਬ ਨੂੰ ਦੇਸ਼ ਵਿਚ ਨਿਵੇਸ਼ ਵਾਲਾ ਸਭ ਤੋਂ ਪਸੰਦੀਦਾ ਸੂਬਾ ਬਣਾਉਣ ਲਈ ਆਪਣੀ ਵਚਨਬਧਤਾ ਦੁਹਰਾਈ।
ਸਾਲ 1966 ਵਿਚ ਸੂਬੇ ਦੇ ਬਟਵਾਰੇ ਦੇ ਸਮੇਂ ਪੰਜਾਬ ਦੇ ਉਦਯੋਗ ਨੂੰ ਵਡਾ ਨੁਕਸਾਨ ਹੋਣ ਦਾ ਜ਼ਿਕਰ ਕਰਦੇ ਹੋਏ ਮੁਖ ਮੰਤਰੀ ਨੇ ਸੂਬੇ ਦੇ ਵਿਕਾਸ ਅਤੇ ਧਰਤੀ ਹੇਠਲੇ ਪਾਣੀ ਦੇ ਹੋਰ ਹੇਠਾਂ ਜਾਣ ਅਤੇ ਖੇਤੀਬਾੜੀ ਸੰਕਟ ਵਰਗੀਆਂ ਸਮਸਿਆਵਾਂ ਨਾਲ ਨਿਪਟਣ ਲਈ ਉਦਯੋਗ ਦੇ ਉਸਾਰੂ ਸਮਰਥਨ ਦੀ ਮੰਗ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਪਾਣੀ ਦੇ ਵਧੀਆ ਪ੍ਰਬੰਧਨ ਲਈ ਨੀਤੀ ਪਹਿਲਕਦਮੀਆਂ ਦੀ ਜ਼ਰੂਰਤ ’ਤੇ ਜ਼ੋਰ ਦਿਤਾ। ਉਨ੍ਹਾਂ ਨੇ ਸੂਬੇ ਵਿਚ ਪਾਣੀ ਦੀ ਗੰਭੀਰ ਸਥਿਤੀ ਅਤੇ ਫਸਲੀ ਵਿਭਿੰਨਤਾ ਸਬੰਧੀ ਸਮਸਿਆਵਾਂ ਵਿੱਚੋਂ ਨਿਕਲਣ ਅਤੇ ਖੇਤੀ ਆਮਦਨ ਵਿਚ ਸੁਧਾਰ ਲਿਆਉਣ ’ਤੇ ਵੀ ਜ਼ੋਰ ਦਿਤਾ। ਸ੍ਰੀ ਰਜਤ ਅਗਰਵਾਲ ਨੇ ਪੰਜਾਬ ਵਿੱਚ ਉਦਯੋਗਿਕ ਵਿਸ਼ੇਸ਼ਤਾਵਾਂ ’ਤੇ ਚਾਨਣਾ ਪਾਉਣ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਰਿਆਇਤਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚੋਂ ਪੰਜਾਬ ’ਚ ਹੀ ਉਦਯੋਗਾਂ ਨੂੰ ਘੱਟ ਦਰਾਂ ’ਤੇ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਇਸ ਨਾਲ ਨਵੇਂ ਪ੍ਰਾਜੈਕਟਾਂ ਦੀ ਸਥਾਪਨਾ ਲਈ ਹੁਨਰਮੰਦ ਕਾਮੇ ਅਤੇ ਢੁਕਵੀਂ ਜ਼ਮੀਨ ਵੀ ਮੌਜੂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਬਿਹਤਰੀਨ ਹਵਾਈ ਅਤੇ ਸੜਕੀ ਢਾਂਚਾ ਵੀ ਮੌਜੂਦ ਹੈ।