ਅਜ ਇਕ ਸਜਣ ਦਾ ਫੌਨ ਆਇਆ ਕਹਿੰਦਾ ਪੰਜਾਬ ਦੀਆਂ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਖੇਤੀਬਾੜੀ ਪੜ੍ਹਾਈ ਦਾ ਪਕਾ ਸਰਟੀਫਿਕੇਟ ਭਾਵ ਆਈਸੀਏਆਰ ਮੈਂਬਰਸ਼ਿਪ ਲੈਣ ਲਈ ਪਬਾ ਭਾਰ ਨੇ। ਇਕ ਮਿਤਰ ਨਾਲ ਕਲ੍ਹ ਗਲ੍ਹ ਹੋਈ ਸੀ ਉਹ ਕਹਿੰਦਾ ਜਿਵੇਂ ਇਟ ਚੁਕੇ ਤੋਂ ਖੇਤੀਬਾੜੀ ਕਾਲਜ ਖੁਲ ਰਹੇ ਨੇ, ਓਸ ਹਿਸਾਬ ਨਾਲ ਇਹਨਾਂ ਨੇ ਕਲ੍ਹ ਨੂੰ ਆਪਣੇ ਬੀਜ, ਖਾਦ ਵੀ ਲੈ ਆਉਣੇ‘ਤੇ ਆਖਣਾ ਇਹੋ ਵਧੀਆ ਝਾੜ ਦੇਵੂ! ਸਾਡਾ ਜਿਵੇਂ ਦਾ ਸਿਸਟਮ ਹੈ ਅਤੇ ਜਿੰਨਾ ਕੁ ਅਵੇਸਲਪੁਣਾ ਅਸੀ ਚਾੜ ਰਖਿਆ ਇਹ ਸਭ ਹੋ ਵੀ ਜਾਣਾ ਹੈ।ਪਰ ਦੋਸਤੋ ਯਾਦ ਰਖੋ ਇਹਨਾਂ ਪ੍ਰਾਈਵੇਟ ਅਦਾਰਿਆਂ ਨੇ ਪਹਿਲਾਂ ਇੰਜੀਨੀਅਰਿੰਗ ਦੀ ਪੜਾਈ ਦਾ ਇਸ ਕਦਰ ਕਚੂੰਬਰ ਕਢਿਆ ਕਿ ਹੁਣ ਕੋਈ ਪੰਜਾਬ ਵਿਚ ਕੋਈ ਬੀਟੈਕ ਦੀ ਡਿਗਰੀ ਨਹੀਂ ਕਰਨੀ ਚਾਹੁੰਦਾ।ਉਸੇ ਤ੍ਰਾਸਦੀ ਵਲ੍ਹ ਹੁਣ ਖੇਤੀਬਾੜੀ ਦੀ ਪੜਾਈ ਅਪੜ ਰਹੀ ਹੈ, ਜਿਸਦਾ ਨਮੂਨਾ ਹਰ ਵਰ੍ਹੇ ਮਾਸਟਰ ਡਿਗਰੀ ਦੇ ਲਈ ਪੀਏਯੂ ਵਿਚ ਹੁੰਦੇ ਟੈਸਟ ਵਿਚ ਵੇਖਣ ਨੂੰ ਮਿਲ ਰਿਹਾ ਹੈ।
ਮੈਨੂੰ ਇਹ ਗਲ੍ਹ ਕਹਿਣ ਵਿਚ ਕੋਈ ਹਰਜ਼ ਨਹੀ ਹੈ ਕਿ ਇਸ ਵੇਲੇ ਖੇਤੀਬਾੜੀ ਯੂਨੀਵਰਸਿਟੀ ਵਿਚ ਪੜ ਰਹੇ ਵਿਦਿਆਰਥੀਆਂ ਨੂੰ ਜੇਕਰ ‘ਗ੍ਰੀਨ ਰੈਵੇਲਿਊਸ਼ਨ‘ ਦੇ ਬਾਰੇ ਵਿਚ ਪੁਛਿਆ ਜਾਵੇ ਤਾਂ 95% ਵਿਦਿਆਰਥੀਆਂ ਨੂੰ ਉਸ ਬਾਰੇ ਕੋਈ ਉਗ-ਸੁਗ ਨਹੀਂ ਹੋਵੇਗੀ। ਹਰੀ ਕ੍ਰਾਂਤੀ ਦਾ ਤਜਰਬਾ ਦੋ ਹੀ ਸੂਬਿਆਂ‘ਤੇ ਲਾਗੂ ਕੀਤਾ ਗਿਆ ਸੀ, ਇਕ ਪੰਜਾਬ ਤੇ ਦੂਜਾ ਤਾਮਿਲਨਾਢੂ। ਦੋਵੇਂ ਥਾਵੀਂ ਕਿਸਾਨ ਦਾ ਕੀ ਹਾਲ ਹੈ ਅਸੀ ਭਲੀ ਭਾਂਤ ਜਾਣੂ ਹਾਂ। ਇਸੇ ਹਰੀ ਕ੍ਰਾਂਤੀ ਨੂੰ ਪੰਜਾਬ ਦਾ ਪਾਣੀ ਚੂਸਣ ਤੇ ਕੈਂਸਰ ਦੀ ਆਮਦ ਦੇ ਲਈ ਜਿੰਮੇਵਾਰ ਠਹਿਰਾਇਆ ਜਾਂਦਾ ਹੈ ਪਰ ਪਿਛਲੇ ਦੋ ਦਹਾਕਿਆਂ ਦੇ ਵਿਚ ਉਸ ਸਮਸਿਆ ਤੋਂ ਮੁਕਤ ਕਰਵਾਉਣ ਦੇ ਲਈ ਅਸੀ ਕੀ ਮਾਅਰਕਾ ਮਾਰਿਆ ਹੈ।ਕਿੰਨੀਆਂ ਕੁ ਉਹ ਖੋਜਾਂ ਹੋਈਆਂ ਜੋ ਅਤ ਲੋੜੀਂਦੀਆਂ ਸੀ। ਹਾਲੇ ਤਕ ਪਰਾਲੀ ਦਾ ਰੌਲਾ ਵੀ ਨਹੀ ਘਟਾ ਪਾਏ, ਨਾ ਕਿਸਾਨ ਤੇ ਖੋਜ ਦੇ ਦਰਮਿਆਨ ਅਸੀ ਸਹੀ ਪੁਲ ਬਣ ਪਾਏ ਹਾਂ।
ਬੜੀ ਹੈਰਾਨੀ ਅਤੇ ਪ੍ਰੇਸ਼ਾਨੀ ਦਾ ਸਬਬ ਹੈ ਕਿ ਹਰ ਵਰੇ ਖੇਤੀਬਾੜੀ ਮਾਹਿਰ ਪੈਦਾ ਕਰਨ ਵਾਲੀ ਇਹ ਯੂਨੀਵਰਸਿਟੀ ਕਿਸਾਨ ਨਹੀਂ ਅਫਸਰ ਹੀ ਪੈਦਾ ਕਰਦੀ ਹੈ ਜਿਹਨਾਂ ਵਿਚੋਂ ਕਈ ਤਾਂ ਬੈਂਕਾ ਵਲ੍ਹ ਮੂੰਹ ਕਰਕੇ ਮਰ ਰਹੇ ਕਿਸਾਨ ਦੀ ਹੋਰ ਸੰਘੀ ਘੁਟਦੇ ਹਨ। ਇਹ ਦੁਖਾਂਤ ਹੀ ਇਕ ਵਡਾ ਕਾਰਨ ਬਣਦਾ ਹੈ ਕਿ ਅਜ ਸਾਡਾ ਕਿਸਾਨ ਖੁਦ ਨੂੰ ਲਾਵਾਰਿਸ ਸਮਝ ਰਿਹਾ ਹੈ। ਕਿਉਂਕਿ ਪੜਿਆ ਲਿਖਿਆ ਨਾਲ ਤਾਂ ਉਹਨਾਂ ਦੀ ਮੋਟਰ ਚਲਾਉਣ ਦੀ ਤਰੀਕ ਦੇ ਬਾਰੇ ਸਹਿਮਤੀ ਵੀ ਨਹੀ ਬਣ ਰਹੀ।ਫਿਰ ਕਿਸਾਨਾਂ ਦਾ ਅੰਦੋਲਨ ਕਿਵੇਂ ਮਿਆਰੀ ਜਾਂ ਗੈਰ-ਸਿਆਸੀ ਹੋ ਜਾਊ? ਪਿਛਲੇ ਦਿਨੀ ਛਿੜਿਆ ਕਿਸਾਨ ਅੰਦੋਲਨ ਏਸੇ ਲਈ ਅੰਨ‘ਤੇ ਦੁਧ ਦੀ ਬਰਬਾਦੀ ਕਰਦਾ ਠੰਡਾ ਪੈ ਗਿਆ, ਕਿਉਂਕਿ ਉਹਨਾਂ ਦੀ ਅਗਵਾਈ ਕਰਨ ਵਾਲਿਆਂ ਨੂੰ ਤਾਂ ਮਹਿਜ਼ ਦਿਲੀ ਜਾਂ ਚੰਡੀਗੜ੍ਹ ਦੇ ਹੁਕਮ ਦੀ ਉਡੀਕ ਹੁੰਦੀ ਹੈ, ਜੋ ਚੁਨਿੰਦਾ ਚੰਗੇ ਕਿਸਾਨ ਆਗੂਆਂ ਦੀ ਵੀ ਵਾਹ ਨਹੀ ਚਲਣ ਦਿੰਦਾ।
ਖੇਤੀਬਾੜੀ ਯੂਨੀਵਰਸਿਟੀ ਦੇ ਪੜਿਆਂ ਦਾ ਤਾਂ ਇਹ ਧਰਮ ਹੈ ਪਰ ਜੇ ਤੁਸੀ ਖੁਦ ਨੁੰ ਪੜਿਆ-ਲਿਖਿਆ ਕਿਸਾਨ ਦਾ ਪੁਤ ਜਾਂ ਕਿਸਾਨੀ ਸੂਬੇ ਦਾ ਵਾਰਿਸ ਦਸਦੇ ਹੋ ਤਾਂ ਮੇਰਾ ਇਹ ਲੇਖ ਤੁਹਾਨੁੰ ਵੀ ਬਰਾਬਰ ਹੀ ਗੁਜ਼ਾਰਿਸ਼ਾਂ ਕਰਦਾ ਹੈ। ਖਬਰਾਂ ਪੜ੍ਹ ਕੇ ਟਿਪਣੀਆਂ ਕਰ ਦੇਣ ਦੇ ਨਾਲ ਸਮਸਿਆ ਹਲ ਨਹੀਂ ਹੋਣ ਵਾਲੀ। ਵਿਦੇਸ਼ ਜਾਣਾ ਵੀ ਇਕ ਪ੍ਰਾਪਤੀ ਹੈ, ਦੇਸ਼/ਸੂਬੇ ਦੀ ਬਥੇਰੀ ਸੇਵਾ ਬੇਗਾਨੀ ਧਰਤੀ‘ਤੇ ਰਹਿ ਕੇ ਵੀ ਕੀਤੀ ਜਾ ਸਕਦੀ ਹੈ। ਡੁਬ ਰਹੀ ਕਿਰਸਾਨੀ ਨੂੰ ਉਥੌਂ ਵੀ ਬਚਾਇਆ ਜਾ ਸਕਦਾ ਹੈ, ਕਈ ਐਨਆਰਆਈ ਭਰਾ ਮੈਨੂੰ ਫੌਨ ਤੇ ਐਸੀਆਂ ਸਲਾਹਾਂ ਦਿੰਦੇ ਹਨ। ਜੰਗੇ-ਆਜ਼ਾਦੀ ਦਾ ਗਦਰ ਵੀ ਉਥੌਂ ਹੀ ਸ਼ੁਰੂ ਹੋਇਆ ਸੀ। ਜੇ ਤੁਸੀ ਜਾਣਾ ਤਾਂ ਜਾਓ, ਪਰ ਯਾਦ ਰਖੋ ਅਸੀਂ ਪੂਰੇ 135 ਕਰੋੜ ਹਾਂ। ਤੁਸੀ ਚਲ ਜਾਉਂਗੇ, ਆਪਣੇ ਘਰ ਦਿਆਂ ਨੂੰ ਲੈ ਜਾਓਗੇ, ਪਰ ਤੁਹਾਡਾ ਇਕ ਇਕ ਰਿਸ਼ਤੇਦਾਰ ਨਹੀਂ ਜਾ ਸਕਦਾ। ਮੇਰੇ ਵਰਗੇ ਨੇ ਤਾਂ ਚਲੋ ਇਥੇ ਹੀ ਮਰਣ ਦੀ ਠਾਣ ਲਈ ਹੈ। ਪਰ ਕੈਂਸਰ, ਕਿਸਾਨੀ ਖੁਦਕੁਸ਼ੀ ਕਲ੍ਹ ਨੂੰ ਤੁਹਾਡੇ ਕਿਸੇ ਅਜ਼ੀਜ਼ ਦੇ ਘਰ ਵੀ ਹੋ ਸਕਦੀ ਹੈ । ਸੋ ਇਸਨੂੰ ਹਲ ਕਰਨ ਦੀ ਕੋਸ਼ਿਸ਼ ਕਰੀਏ, ਇਸਤੋਂ ਭਜੀਏ ਨਾ।
ਕੋਈ ਕੋਈ ਵਿਦੇਸ਼ਾਂ ਵਿਚ ਰਹਿ ਕੇ ਆਇਆ ਜਾਂ ਚੰਗੇ ਪਾਸਿਓ ਪੜ੍ਹ ਕੇ ਆਇਆ ਕਿਸਾਨ ਖੇਤੀਬਾੜੀ ਨੂੰ ਸਿਆਣੇ ਢੰਗ ਨਾਲ ਵਪਾਰ ਵਿਚ ਤਬਦੀਲ ਕਰ ਰਿਹਾ ਹੈ ਪਰ ਪਿੰਡ ਦੇ ਰਹਿੰਦੇ ਬੁਝੜ ਮਤ ਕਿਸਾਨ ਦੇ ਖਾਨੇ ਇਹ ਐਮਬੀਏ ਦੀਆਂ ਗਲਾਂ ਨਹੀਂ ਪੈਂਦੀਆਂ। ਇਹ ਚੰਗੇ ਅਫਸਰ ਹੀ ਪਾ ਸਕਦੇ ਹਨ। ਹੁਣ ਵੀ ਨਵੇਂ ਖੇਤੀਬਾੜੀ ਵਿਕਾਸ ਜਾਂ ਸਿੰਚਾਈ ਅਫਸਰ ਦੀ ਭਰਤੀ ਹੋਏ ਹਨ, ਠਸਾਥੀਓ ਤੁਸੀ ਇਹ ਨਾ ਕਿਹੋ ਕਿ ਮਹਿਕਮੇ ਵਿਚ ਕੰਮ ਹੀ ਨਹੀਂ ਹੈ। ਪੂਰੇ ਮੁਲਕ ਦੀ ਖੇਤੀਬਾੜੀ ਡੁਬਦੀ ਪਈ ਹੈ ਤੇ ਤੁਸੀ ਕਹਿੰਨੇ ਹੋ ਜੋ ਸੂਬਾ ਅੰਨ ਦਾ ਭੰਡਾਰ ਹੈ ਉਥੇ ਖੇਤੀਬਾੜੀ ਨੂੰ ਲੈਕੇ ਕੋਈ ਕੰਮ ਹੀ ਨਹੀਂ। ਜੇ ਹੁਕਮ ਨਾ ਆਇਆ ਹੋਇਆ ਤਾਂ ਕਾਗਜ਼ ਪਤਰ ਆਪ ਤਿਆਰ ਕਰ ਲਿਓ ਪਰ ਸੂਬੇ ਨੁੰ ਸਾਂਭੋ।
ਇਸ ਸਾਰੇ ਦੇ ਵਿਚ ਜੇ ਤੁਸੀ ਕਸੂਰਵਾਰ ਸਰਕਾਰਾਂ ਨੂੰ ਠਹਿਰਾਉਗੇ, ਤਾਂ ਇਕ ਵਾਰ ਫੇਰ ਦੁਹਰਾ ਦਿੰਦਾ ਹਾਂ, ਮੈਨੂੰ ਇਹਨਾਂ ਚਿਟ ਕਪੜੀਆਂ ਤੋਂ ਕੋਈ ਆਸ ਨਹੀ ਹੈ। ਕਰਾਂਤੀ ਆਉਣ ਨੁੰ 50 ਸਾਲ ਲਗ ਜਾਂਦੇ ਨੇ, ਪਰ ਕਰਾਂਤੀਆਂ ਲੋਕ ਹੀ ਲੈ ਕੇ ਆਉਂਦੇ ਨੇ, ਜਵਾਨੀ ਲੈ ਕੇ ਆਉਂਦੀ ਹੈ, ਉਹ ਵਿਦਿਆਰਥੀ ਹੀ ਹੁੰਦਾ ਹੈ ਜੋ ਜਨ ਸੈਲਾਬ ਬਣਦਾ ਹੈ।