ਸ੍ਰੀ ਗੂਰੁ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਲਿਖਿਆ ਹੈ ਕਿ ‘ਸਭੇ ਰੁਤਾਂ ਚੰਗੀਆਂ‘ ਭਾਵ ਹਰ ਰੁਤ ਚੰਗੀ ਅਤੇ ਸੁਖਦਾਈ ਹੈ, ਪਰ ਸਾਉਂਣ ਦੀ ਰੁਤ ਦੀ ਆਪਣੀ ਇਕ ਖਾਸ ਮਹਤਤਾ ਹੈ ਕਿਉਂਕਿ ਇਸ ਨਾਲ ਜੀਵਨ ਦੀ ਆਸ, ਉਤਪਾਦਨ ਅਤੇ ਪਾਣੀ ਦੇ ਸੋਮਿਆਂ ਦਾ ਜਿਉਂਦੇ ਰਹਿਣਾ ਜੁੜਿਆ ਹੋਇਆ ਹੈ। ਦੇਸ਼ ‘ਚ ਖਾਧ-ਖੁਰਾਕ ਦਾ ਉਤਪਾਦਨ ਸਾਉਂਣ ਮਹੀਨੇ ‘ਚ ਪੈਣ ਵਾਲੀ ਵਰਖਾ ‘ਤੇ ਹੀ ਨਿਰਭਰ ਕਰਦਾ ਹੈ। ਸਾਉਣ ਮਹੀਨੇ ਨਾਲ ਜੰਗਲੀ ਜੀਵਨ ਜੁੜਿਆ ਹੋਇਆ ਹੈ। ਜੇਕਰ ਜੰਗਲ ਬਚਣਗੇ ਤਾਂ ਹੀ ਉਸ ਵਿਚ ਰਹਿਣ ਵਾਲੇ ਲਖਾਂ ਜੀਵ-ਜੰਤੂ ਜਿਉਂਦੇ ਰਹਿਣਗੇ। ਇਸ ਲਈ ਬਾਣੀ ਵਿਚ ਵੀ ਕਿਹਾ ਗਿਆ ਹੈ –
ਸਾਵਣ ਆਇਆ ਸਾਵਣ ਆਇਆ
ਜੀਅ ਜੰਤ ਸਭ ਸੁਖੀ ਵਸਾਇਆ।
ਸਾਉਣ ਦੇ ਮਹੀਨੇ ਵਿਚ ਖਾਸ ਕਰਕੇ ਪੰਜਾਬ ਵਿਚ ਤੀਆਂ ਦਾ ਤਿਉਹਾਰ ਸਾਰੇ ਪਿੰਡਾਂ ਵਿਚ ਮਨਾਇਆ ਜਾਂਦਾ ਹੈ। ਤੀਜ ਤੋਂ ਸ਼ੂਰੁ ਹੋ ਕੇ ਰਖੜ-ਪੁੰਨਿਆਂ ਤਕ ਪਿੰਡਾਂ ਦੀਆਂ ਹਰੀਆਂ ਕਚੂਰ ਜੂਹਾਂ ਵਿਚ ਤੀਆਂ ਦਾ ਮੇਲਾ ਲਗਦਾ ਹੈ। ਦੁਪਿਹਰ ਢਲਦਿਆਂ ਹੀ ਕੁਆਰੀਆਂ ‘ਤੇ ਸਜ ਵਿਆਹੀਆਂ ਕੁੜੀਆਂ ਸਜ ਧਜ ਕੇ ਪਿੰਡ ਤੋਂ ਬਾਹਰ ਕਿਸੇ ਖੁਲੀ ਥਾਂ ਵਲ ਤੁਰ ਪੈਂਦੀਆਂ ਹਨ। ਇਕ ਪਾਸੇ ਗਿਧਾ ਪੈਂਦਾ ਹੈ ਅਤੇ ਦੂਜੇ ਪਾਸੇ ਪੀਘਾਂ ਝੂਟਣ ਦੀ ਤਿਆਰੀ ਹੁੰਦੀ ਹੈ। ਤੀਆਂ ਦੇ ਦਿਨਾਂ ‘ਚ ਮੁਟਿਆਰ ਦੇ ਅੰਦਰੋਂ ਸੰਸਕਾਰਾਂ ਦੇ ਕੈਦਖਾਨੇ ਦੀਆਂ ਸੀਖਾਂ ਤੋੜ ਕੇ ਇਕ ਮਾਸੂਮ ਜਿਹੀ ਕੁੜੀ ਬਾਹਰ ਆਉਂਦੀ ਹੈ। ਇਹ ਰੁਤ ਕੁਦਰਤ ਦੇ ਰੂਪ ਤੇ ਜਵਾਨੀ ਦੀ ਸਾਂਝੀ ਪ੍ਰਦਰਸ਼ਨੀ ਹੈ।
ਇਥੇ ਪੁਰਾਤਨ ਸਮਿਆਂ ਤੋਂ ਹੀ ਇਹ ਰਿਵਾਜ਼ ਚਲਿਆ ਆ ਰਿਹਾ ਹੈ ਕਿ ਸਾਉਣ ਦੇ ਮਹੀਨੇ ‘ਚ ਤੀਆਂ ਦੇ ਤਿਉਹਾਰ ਤੇ ਭਰਾ ਆਪਣੀਆਂ ਭੈਣਾਂ ਨੂੰ ਸਹੁਰਿਆਂ ਤੋਂ ਲੈ ਕੇ ਆਉਦੇ ਹਨ ਅਤੇ ਸੰਧਾਰਾ ਦਿੰਦੇ ਹਨ। ਸੰਧਾਰਾ ਪੇਕਿਆਂ ਅਤੇ ਸਹੁਰਿਆਂ ਦੋਵਾਂ ਵਲੋਂ ਦਿਤਾ ਜਾਂਦਾ ਹੈ। ਸੰਧਾਰੇ ਵਿਚ ਬਹੁਤ ਸਾਰਾ ਸਮਾਨ, ਜਿਵੇਂ ਕਿ ਸੂਟ, ਮਹਿੰਦੀ, ਚੂੜੀਆਂ, ਡੋਰੀ, ਬਿੰਦੀਆਂ, ਟੂੰਮਾਂ ਮਠਿਆਈਆਂ ਅਤੇ ਹਾਰ ਸ਼ਿੰਗਾਰ ਦਾ ਸਮਾਨ ਦਿਤਾ ਜਾਂਦਾ ਹੈ। ਕਈ ਵਾਰੀ ਜੇ ਕਿਸੇ ਮੁਟਿਆਰ ਦਾ ਭਰਾ ਮਜਬੂਰੀ ਬਸ ਭੈਣ ਨੂੰ ਲੈਣ ਵਾਸਤੇ ਨਾਂ ਜਾਂਦਾ ਤਾਂ ਕੁੜੀ ਦੀ ਸਸ ਮਿਹਣਾ ਮਾਰਦੀ ਸੀ-
ਤੈਨੂੰ ਤੀਆਂ ਨੂੰ ਲੈਣ ਨਾ ਆਏ,
ਨੀ ਬਹੁਤਿਆਂ ਭਰਾਵਾਂ ਵਾਲੀਏ।
ਜਾਂ
ਸਸ ਮਾਰਦੀ ਗਲੀ ਦੇ ਵਿਚ ਮਿਹਣੇ,
ਤੀਆਂ ਨੂੰ ਨਾਂ ਆਇਆ ਵੀਰਨਾ।
ਭਰਾ ਦੇ ਨਾ ਹੋਣ ਦਾ ਦੁਖ ਵੀ ਉਹ ਲੋਕ ਗੀਤਾਂ ਰਾਹੀਂ ਜਾਹਰ ਕਰਦੀਆਂ ਹਨ।
ਇਕ ਵੀਰ ਦੇਈਂ ਵੇ ਰਬਾ,
ਜਿਹੜਾ ਲੈ ਕੇ ਸੰਧਾਰਾ ਆਵੇ।
ਤੀਆਂ ਦੇ ਦਿਨਾਂ ਵਿਚ ਕੁੜੀਆਂ ਚਿੜੀਆਂ ਇਕਠੀਆਂ ਹੋ ਕੇ ਆਪਣੇ ਦਿਲ ਦਾ ਹਾਲ ਸਾਂਝਾ ਕਰਦੀਆਂ ਹਨ ਅਤੇ ਆਪਣੇ ਦੁਖ-ਸੁਖ ਫਰੋਲਦੀਆਂ ਹਨ। ਜਦੋਂ ਨੰਣਦ ਭਰਜਾਈ ਇਕਠੀਆਂ ਹੋ ਕੇ ਪੀਂਘ ਝੂਟਦੀਆਂ ਹਨ ਤਾਂ ਪਿਪਲ ਦਾ ਉਪਰਲਾ ਪਤਾ ਤੋੜਨ ਦੀ ਕੋਸ਼ਿਸ਼ ਕਰਦੀਆਂ ਹਨ। ਗਿਧਾ ਵੀ ਖੂਬ ਪੈਂਦਾ ਹੈ ਅਤੇ ਬੋਲੀਆਂ ਪਾਈਆਂ ਜਾਂਦੀਆਂ ਹਨ ਜਿਵੇਂ –
ਕਠੀਆਂ ਹੋ ਕੇ ਆਈਆਂ ਗਿਧੇ ਵਿਚ
ਇਕੋ ਜਿਹੀਆਂ ਮੁਟਿਆਰਾਂ
ਚੰਨ ਦੀ ਚਾਨਣੀ ਇਉਂ ਚਮਕਦੀਆਂ
ਜਿਉਂ ਸੋਨੇ ਦੀਆਂ ਤਾਰਾਂ
ਗਲ ਉਹਨਾਂ ਦੇ ਰੇਸ਼ਮੀ ਕੁੜਤੇ
ਲਕ ਨਵੀਆਂ ਸਲਵਾਰਾਂ
ਜੋਰ ਜਵਾਨੀ ਦਾ
ਲੁਟ ਲੈ ਮੌਜ ਬਹਾਰਾਂ।
ਇਕ ਹੋਰ ਬੋਲੀ ਰਾਹੀਂ ਵੀ ਆਪਣੇ ਮਨ ਦੇ ਭਾਵ ਪ੍ਰਗਟ ਕਰਦੀਆਂ ਹਨ
ਗਿਧਾ ਗਿਧਾ ਨਾ ਕਰਿਆ ਕਰ ਨੀ
ਗਿਧਾ ਪਊ ਬਥੇਰਾ
ਕੋਠੇ ਉਤੇ ਖੜੀਆਂ ਕੁੜੀਆਂ
ਭਰਿਆ ਪਿਆ ਬਨੇਰਾ
ਮੌਜ ਕਬੂਤਰੀਏ ਦੇਦੇ ਗਿਧੇ ਵਿਚ ਗੇੜਾ।
ਕਿਸੇ ਮਨਚਲੇ ਗਭਰੂ ਦੇ ਦਿਲ ਦੀ ਹੂਕ ਨੂੰ ਵੀ ਬੋਲੀਆਂ ਰਾਹੀਂ ਦਰਸਾਇਆ ਗਿਆ ਹੈ-
ਸੁਣ ਨੀ ਕੁੜੀਏ ਨਚਣ ਵਾਲੀਏ
ਨਚਦੀ ਲਗੇ ਪਿਆਰੀ
ਨੀ ਭੈਣ ਤੇਰੀ ਨਾਲ ਵਿਆਹ ਕਰਵਾ ਲਾਂ
ਤੈਨੂੰ ਬਣਾ ਲਾਂ ਸਾਲੀ
ਨੀ ਦੋਨੋਂ ਚੜ ਚਲੀਏ
ਬੋਤੀ ਝਾਂਜਰਾਂ ਵਾਲੀ।
ਪੁਰਾਣੇ ਸਮਿਆਂ ‘ਚ ਜਦੋਂ ਕੋਈ ਭਰਾ ਭੈਣਾਂ ਨੂੰ ਤੀਆਂ ਤੇ ਲੈਣ ਜਾਂਦਾ ਸੀ ਤਾਂ ਉਦੋਂ ਕੋਈ ਹੋਰ ਸਵਾਰੀ ਨਾ ਹੋਣ ਕਰਕੇ ਬੋਤੇ ਤੇ ਚੜ ਕੇ ਜਾਂਦੇ ਸਨ। ਭੈਣ ਵੀ ਖੁਸ਼ੀ ਵਿਚ ਖੀਵੀ ਹੋ ਕੇ ਕੋਠੇ ਤੇ ਚੜ੍ਹ ਕੇ ਆਪਣੇ ਵੀਰ ਨੂੰ ਆਉਂਦੇ ਦੇਖਦੀ ਸੀ। ਉਸਦੇ ਵੀਰ ਅਤੇ ਬੋਤੇ ਦੀ ਆਉ ਭਗਤ ਨੂੰ ਇਕ ਬੋਲੀ ਰਾਹੀਂ ਦਰਸਾਇਆ ਗਿਆ ਹੈ-
ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆਂ,
ਤੈਨੂੰ ਵੀਰਾ ਦੁਧ ਦਾ ਛੰਨਾਂ
ਜਾਂ
ਥਾਣੇਦਾਰ ਦੇ ਬਰਾਬਰ ਡਹਿੰਦੀ
ਕੁਰਸੀ ਮੇਰੇ ਵੀਰ ਦੀ।
ਜੇਕਰ ਕਿਸੇ ਕੁੜੀ ਦਾ ਆਪਣੀ ਸਸ ਨਾਲ ਕਦੇ ਮਨ ਮੁਟਾਵ ਹੋ ਜਾਂਦਾ ਹੈ ਤਾਂ ਬੋਲੀਆਂ ਰਾਹੀਂ ਆਪਣੇ ਮਨ ਦੀ ਭੜਾਸ ਕਢਦੀ ਹੈ। ਜਿਆਦਾਤਰ ਬੋਲੀਆਂ ਸਸ ਤੇ ਦੁਆਲੇ ਘੁੰਮਦੀਆਂ ਪ੍ਰਤੀਤ ਹੁੰਦੀਆਂ ਹਨ ਜਿਵੇਂ ਕਿ
ਸਸ ਮੇਰੀ ਦਾ ਐਡਾ ਜੂੜਾ
ਵਿਚੋਂ ਨਿਕਲਿਆ ਰੇਤ
ਨੀ ਸਸੇ ਚੰਦਰੀਏ,
ਸ਼ੀਸ਼ਾ ਲੈ ਕੇ ਦੇਖ।
ਜਾਂ
ਸਸਾਂ ਸਸਾਂ ਹਰ ਕੋਈ ਕਹਿੰਦਾ
ਸਸਾਂ ਕੀਹਨੇ ਬਣਾਈਆਂ
ਨੀ ਮੇਰੇ ਸਤਗੁਰ ਨੇ
ਮਗਰ ਚੁੜੇਲਾਂ ਲਾਈਆਂ।
ਤੀਆਂ ਤੋਂ ਇਕ ਦਿਨ ਪਹਿਲਾਂ ਰਾਤ ਨੂੰ ਮਹਿੰਦੀ ਲਗਾਈ ਜਾਂਦੀ ਹੈ ਅਤੇ ਚੂੜੀਆਂ ਪਾਈਆਂ ਜਾਂਦੀਆਂ ਹਨ। ਤਰਾਂ-ਤਰਾਂ ਦੇ ਵਾਲਾਂ ਤੇ ਸ਼ਿੰਗਾਰ ਬਣਾਉਂਦੀਆਂ ਹਨ। ਪਹਿਲਾਂ ਤਾਂ ਕੁੜੀਆਂ ਦੇ ਸਿਰ ਨੈਣਾਂ ਤੋਂ ਗੁੰਦਵਾਏ ਜਾਂਦੇ ਸਨ। ਕਈ ਮਨਚਲੀਆਂ ਤਾਂ ਨੈਣ ਨੂੰ ਛੇਤੀ ਛੇਤੀ ਸਿਰ ਗੁੰਦਣ ਵਾਸਤੇ ਕਹਿੰਦੀਆਂ , ਜਿਵੇਂ ਕਿ –
ਸਿਰ ਗੁੰਦ ਦੇ ਕੁਪਤੀਏ ਨੈਣੇ,
ਉਤੇ ਪਾਂਦੇ ਡਾਕ ਬੰਗਲਾ।
ਸਾਉਣ ਦੇ ਮਹੀਨੇ ਵਿਚ ਤੀਆਂ ਦੇ ਦਿਨਾਂ ਵਿਚ ਲੋਕ ਆਪਣੇ ਘਰਾਂ ਵਿਚ ਖੀਰ ਪੂੜੇ ਅਤੇ ਹੋਰ ਮਿਠੇ ਪਕਵਾਨ ਬਣਾਉਂਦੇ ਹਨ। ਛੇਟੇ ਬਚੇ ਤਾਂ ਮੀਂਹ ਵਿਚ ਨਹਾ ਕੇ ਆਪਣੇ ਬਚਪਨ ਦਾ ਆਨੰਦ ਮਾਣਦੇ ਹਨ।
ਅਜ ਕਲ ਸ਼ਹਿਰਾਂ ਵਿਚ ਤੀਆਂ ਦਾ ਤਿਉਹਾਰ ਸਕੂਲਾਂ ਜਾਂ ਪੈਲਸਾਂ ਵਿਚ ਮਨਾਇਆ ਜਾਂਦਾ ਹੈ। ਅਜਿਹੀਆਂ ਸ਼ਹਿਰੀ ਤੀਆਂ ਤਾਂ ਆਤਮਾ ਰਹਿਤ ਹੀ ਲਗਦੀਆਂ ਹਨ। ਅਸਲੀ ਤੀਆਂ ਤਾਂ ਪਿੰਡਾਂ ਵਿਚ ਹੀ ਲਗਦੀਆਂ ਹਨ। ਕੁੜੀਆਂ ਇਕ ਗੋਲ ਚਕਰ ਬਣਾਕੇ ਖੜਦੀਆਂ ਹਨ ਅਤੇ ਬੋਲੀਆਂ ਪਾਕੇ ਖੂਬ ਨਚਦੀਆਂ ਹਨ। ਮੁਟਿਆਰਾਂ ਜਦੋਂ ਨਚਦੀਆਂ ਹਨ ਤਾਂ ਉਨਾਂ ਦੀਆਂ ਅਡੀਆਂ ਦੀ ਧਮਕ ਨਾਲ ਧਰਤੀ ਕੰਬਣ ਲਗ ਜਾਂਦੀ ਹੈ। ਇਹ ਤਿਉਹਾਰ ਪੂਰੇ 13 ਦਿਨ ਚਲਦਾ ਹੈ। ਅਖੀਰਲੇ ਦਿਨ ਕੁੜੀਆਂ ਵਲੋਂ ਬੋਲੀ ਪਾਈ ਜਾਂਦੀ ਹੈ। ਕੁੜੀਆਂ ਸਹੁਰੇ ਜਾਣ ਲਗੀਆਂ ਭਰਾਵਾਂ ਨੂੰ ਰਖੜੀ ਵੀ ਦੇ ਜਾਦੀਆਂ ਹਨ। ਵਿਛੜਨ ਲਗੀਆਂ ਭਾਦਸੋਂ ਦੇ ਮਹੀਨੇ ਨੂੰ ਉਲਾਂਭਾ ਦਿੰਦੀਆਂ ਹੋਈਆਂ ਕਹਿੰਦੀਆਂ ਹਨ-
ਸਾਉਣ ਵੀਰ ਕਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਾਵੇ।
ਜਿਥੇ ਪਛਮੀ ਸਭਿਅਤਾ ਦਾ ਪ੍ਰਭਾਵ ਸਾਡੀ ਪ੍ਰਾਚੀਨ ਸਭਿਅਤਾ ਉਪਰ ਮਾਰੂ ਅਸਰ ਪਾ ਰਿਹਾ ਹੈ, ਉਥੇ ਭਰੂਣ ਹਤਿਆ ਵਰਗੀਆਂ ਲਾਹਨਤਾਂ ਕਾਰਨ ਵੀ ਤੀਆਂ ਦੇ ਅਲੋਪ ਹੋਣ ਦਾ ਖ਼ਤਰਾ ਹੈ। ਕਿਸੇ ਨੇ ਸਚ ਹੀ ਕਿਹਾ ਹੈ-
ਜੇ ਧੀਆਂ ਹੀ ਨਾ ਰਹੀਆਂ ਤਾਂ
ਤੀਆਂ ਕੌਣ ਮਨਾਊਗਾ।
ਸਾਉਂਣ ਦੇ ਮਹੀਨੇ ਵਿਚ ਮੋਰ ਦੀ ਵੀ ਖਾਸ ਮਹਤਤਾ ਹੈ। ਮੋਰ ਨਾਲ ਸਬੰਧਤ ਇਕ ਪੁਰਾਣੀ ਕਥਾ ਹੈ, ਜਦੋਂ ਮੋਰ ਪੈਲ ਪਾਉਂਦਾ ਹੈ ਤਾਂ ਆਪਣੇ ਪੈਰਾਂ ਵਲ ਦੇਖ ਕੇ ਬਹੁਤ ਦੁਖੀ ਹੁੰਦਾ ਹੈ। ਕਹਿੰਦੇ ਹਨ ਕਿ ਇਕ ਵਾਰੀ ਚਿੜੀ ਆਪਣੇ ਪੇਕੇ ਜਾਣ ਸਮੇਂ ਮੋਰ ਦੇ ਪੈਰ ਉਧਾਰੇ ਲੈ ਗਈ ਸੀ, ਕਿਉਂਕਿ ਚਿੜੀ ਦੇ ਪੈਰ ਸੁੰਦਰ ਨਹੀਂ ਸਨ, ਪਰ ਉਸਨੇ ਮੁੜ ਕੇ ਮੋਰ ਦੇ ਪੈਰ ਵਾਪਸ ਨਹੀਂ ਕੀਤੇ ਇਸੇ ਕਰਕੇ ਮੋਰ ਆਪਣੇ ਪੈਰਾਂ ਵਲ ਦੇਖ ਕੇ ਰੋਣ ਲਗ ਪੈਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਸਾਉਂਣ ਦੇ ਮਹੀਨੇ ਨੂੰ ਬਹੁਤ ਮਹਤਤਾ ਦਿਤੀ ਗਈ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿਚ ਸਾਉਂਣ ਦੇ ਮਹੀਨੇ ਦੀ ਮਹਤਤਾ ਨੂੰ ਇਸ ਤਰਾਂ ਪ੍ਰਗਟ ਕੀਤਾ ਹੈ-
ਮੋਰੀ ਰੁਣ ਝੁਣ ਲਾਇਆ,
ਭੈਣੇ ਸਾਵਣੁ ਆਇਆ,
ਭਾਈ ਗੁਰਦਾਸ ਜੀ ਨੇ ਵੀ ਆਪਣੀ ਲੇਖਣੀ ‘ਚ ਸਾਉਂਣ ਦੇ ਮਹੀਨੇ ਬਾਰੇ ਲਿਖਿਆ ਹੈ-
ਸਾਵਣ ਵਣ ਹਰਿਆਵਲੇ
ਵੁਠੇ ਸੁਕੇ ਅਕੁ ਜਵਾਹਾ।