ਅੰਮ੍ਰਿਤਸਰ, 7 ਮਾਰਚ (ਪੀ.ਟੀ.)- ਦਲ ਖਾਲਸਾ ਨੇ ਕਿਹਾ ਹੈ ਕਿ ਅਜਨਾਲੇ ਵਿਖੇ ਮਿਲੀਆਂ ਅਸਥੀਆਂ ਜਿਨ੍ਹਾਂ ਫੌਜੀਆਂ ਦੀਆਂ ਸਨ, ਉਹ ਪੰਜਾਬ ਅਤੇ ਸਿੱਖਾਂ ਦੇ ਵਿਰੁੱਧ ਭੁਗਤੇ ਸਨ ਅਤੇ ਉਹ ਸਿੱਖਾਂ ਦੇ ਮਾਣ ਅਤੇ ਅਣਖ ਨੂੰ ਰੋਲਣ ਲਈ ਜ਼ਿੰਮੇਵਾਰ ਸਨ। ਇਸ ਲਈ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀ ਯਾਦਗਾਰ ਬਨਾਉਣ ਦਾ ਫੈਸਲਾ ਸਰਾਸਰ ਗਲਤ ਅਤੇ ਗੈਰ-ਸਿਧਾਂਤਕ ਹੈ। ਜਥੇਬੰਦੀ ਨੇ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਇਸ ਸਬੰਧੀ ਆਏ ਵਿਚਾਰਾਂ ਦੀ ਪ੍ਰੋੜ੍ਹਤਾ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਪ੍ਰਭਾਵ ਵਰਤਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਯਾਦਗਾਰ ਨਾ ਬਨਾਉਣ ਬਾਰੇ ਹਦਾਇਤ ਕਰਨ। ਜਥੇਬੰਦੀ ਦੇ ਸਕੱਤਰ ਸਰਬਜੀਤ ਸਿੰਘ ਘੁਮਾਣ ਨੇ ਪੰਜਾਬ ਸਰਕਾਰ ਅਤੇ ਰਾਜਨੀਤਿਕ ਪਾਰਟੀਆਂ ਨੂੰ ਸਵਾਲ ਕੀਤਾ ਕਿ ਪੰਜਾਬ ਦੀ ਇਜ਼ਤ ਰੋਲਣ ਵਾਲੇ ਅਤੇ ਸਿਖਾਂ
ਦੇ ਰਾਜ-ਭਾਗ ਦੇ ਵਿਰੁੱਧ ਭੁਗਤਣ ਵਾਲੇ ਇਨਾਂ ਫੌਜੀਆਂ ਦੀ ਯਾਦਗਾਰ ਕੀ ਪੰਜਾਬ ਵਾਸੀਆਂ ਦੇ ਜਖਮਾਂ ਉਤੇ ਲੂਣ ਛਿੜਕਣ ਲਈ ਬਣਾਈ ਜਾ ਰਹੀ ਹੈ?ਉਹਨਾਂ ਕਿਹਾ ਕਿ ਅਜਨਾਲੇ ਵਿਚ ਜਿੰਨਾਂ ਫੌਜੀਆਂ ਦੀਆਂ ਅਸਥੀਆਂ ਮਿਲੀਆਂ ਹਨ ਉਹ ਨਾ ਤਾਂ ਸਿੱਖ ਸਨ ਅਤੇ ਨਾ ਹੀ ਉਹ, ਸਿੱਖ ਆਦਰਸ਼ ਲਈ ਸ਼ਹੀਦ ਹੋਏ, ਇਸ ਲਈ ਇਹਨਾਂ ਦੀ ਯਾਦ ਵਿਚ ਬਣਿਆ ਗੁਰਦੁਆਰਾ ਵੀ ਗੈਰ-ਸਿਧਾਂਤਕ ਅਤੇ ਸਿੱਖੀ ਪ੍ਰੰਪਰਾਵਾਂ ਦੇ ਉਲਟ ਹੈ। ਉਨਾਂ ਕਿਹਾ ਕਿ ਅਕਾਲ ਤਖਤ ਸਹਿਬ ਵਲੋਂ ‘ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ’ ਦੇ ਰੁਤਬੇ ਨਾਲ ਸਨਮਾਨੇ ਗਏ ਕ੍ਰਿਪਾਲ ਸਿੰਘ ਹਿਸਟੋਰੀਅਨ ਅਤੇ ਪ੍ਰਸਿੱਧ ਇਤਿਹਾਸਕਾਰ ਡਾ ਗੁਦਰਸ਼ਨ ਸਿੰਘ ਢਿਲੋਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਹ ਫੌਜੀ ਪੂਰਬੀਏ ਸਨ ਅਤੇ ਇਨਾਂ ਦਾ ਜੀਵਨ ਤੇ ਮਕਸਦ ਸਿੱਖ ਸਿਧਾਤਾਂ ਤੇ ਪੰਜਾਬ ਦੇ ਹਿਤਾਂ ਦੇ ਖਿਲ਼ਾਫ ਸੀ। ਉਹਨਾਂ ਕਿਹਾ ਕਿ ਇਸ ਤੋਂ ਬਾਅਦ, ਉਹਨਾਂ ਸਾਰੇ ਰਾਜਨੀਤਿਕ ਵਿਅਕਤੀਆਂ ਅਤੇ ਪਾਰਟੀਆਂ ਦੀਆਂ ਅੱਖਾਂ ਖੁਲ ਜਾਣੀਆਂ ਚਾਹੀਦੀਆਂ ਹਨ ਜੋ ਇਹਨਾਂ ਨੂੰ ਠਸ਼ਹੀਦੂ ਦਾ ਰੁਤਬਾ ਦੇ ਕੇ ਯਾਦਗਾਰ ਬਨਾਉਣ ਲਈ ਆਖ ਰਹੇ ਹਨ। ਉਨਾਂ ਕਿਹਾ ਕਿ ਇਨਾਂ ਫੌਜੀਆਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ-ਭਾਗ ਖਤਮ ਕਰਵਾਇਆ ਅਤੇ ਪੰਜਾਬ ਵਿਚ ਉਜਾੜਾ ਕੀਤਾ। ਉਨਾਂ ਕਿਹਾ ਇਹ ਅਸਥੀਆਂ ਉਨਾਂ ਯੂ.ਪੀ., ਬਿਹਾਰ ਤੋਂ ਆਏ ਪੂਰਬੀ ਫੌਜੀਆਂ ਦੀਆਂ ਹਨ ਜਿਹੜੇ ਅੰਗਰੇਜੀ ਸੈਨਾ ਨਾਲ 1845 ਤੋਂ ਹਮਲਾਵਰ ਬਣਕੇ ਆਏ ਸਨ ਤੇ ਮੁਦਕੀ, ਫੇਰੂ ਸ਼ਹਿਰ, ਬੱਦੋਵਾਲ, ਅਲੀਵਾਲ, ਲਧਿਆਣਾ, ਸਭਰਾਂਓ, ਮੁਲਤਾਨ, ਰਾਮਨਗਰ, ਚੇਲੀਆਂਵਾਲਾ, ਗੁਜਰਾਤ ਦੀਆਂ ਐਂਗਲੋ-ਸਿੱਖ ਜੰਗਾਂ ਮੌਕੇ ਸਿੱਖਾਂ ਵਿਰੁਧ ਲੜੇ ਸਨ। ਉਨਾਂ ਕਿਹਾ ਕਿ ਇਹ ਉਹ ਫੌਜੀ ਪੰਥ ਅਤੇ ਪੰਜਾਬ ਦੇ ਖਿਲ਼ਾਫ ਭੁਗਤੇ। ਉਨਾਂ ਕਿਹਾ ਕਿ ਇਤਿਹਾਸਕ ਵੇਰਵੇ ਦੱਸਦੇ ਹਨ ਕਿ ਸਿੱਖ ਰਾਜ ਖਤਮ ਹੋਣ ਮਗਰੋਂ ਇਨਾਂ ਹਿੰਦੋਸਤਾਨੀ ਫੌਜੀਆਂ ਨੇ ਪੰਜਾਬ ਵਿਚ ਸਿੱਖ ਬੀਬੀਆਂ ਨੂੰ ਬੇਪੱਤ ਕੀਤਾ ਤੇ ਸਿਖਾਂ ਉਤੇ ਬੇਦਰਦੀ ਨਾਲ ਜੁਲਮ ਕੀਤੇ ਜਿਸ ਕਰਕੇ ਆਮ ਸਿੱਖ ਇਨਾਂ ਨੂੰ ਨਫਰਤ ਕਰਦੇ ਸਨ। ਉਨਾਂ ਪੰਜਾਬ ਸਰਕਾਰ ਦੇ ਫੈਸਲੇ ਉਤੇ ਟਿਪਣੀ ਕਰਦਿਆਂ ਕਿਹਾ ਜਿਹੜੇ ਲੋਕ ਪੰਜਾਬ ਦੇ ਹਿਤਾਂ ਦੇ ਖਿਲ਼ਾਫ ਰਹੇ ਹੋਣ, ਉਨਾਂ ਦੀਆਂ ਯਾਦਗਾਰਾਂ ਪੰਜਾਬ ਦੇ ਲੋਕਾਂ ਤੋਂ ਇੱਕਠੇ ਕੀਤੇ ਟੈਕਸ ਨਾਲ ਨਹੀ ਬਨਣੀਆਂ ਚਾਹੀਦੀਆਂ। ਉਨਾਂ ਕਿਹਾ ਕਿ ਇਹ ਫੌਜੀ ਭਾਰਤ ਲਈ ਜਾਂ ਯੂ.ਪੀ., ਬਿਹਾਰ ਲਈ ਸਤਿਕਾਰਯੋਗ ਹੋ ਸਕਦੇ ਹਨ ਪਰ ਕਿਸੇ ਪੰਜਾਬੀ ਜਾਂ ਸਿੱਖ ਨਾਲ ਇਨਾਂ ਦਾ ਕੋਈ ਸਬੰਧ ਨਹੀ ਕਿਉਂਕਿ ਇਹ ਲੋਕ ਪਹਿਲਾਂ ਅੰਗਰੇਜ ਨਾਲ ਮਿਲਕੇ ਪੰਜਾਬ ਦੀ ਧਰਤੀ ਉਤੇ ਸਿੱਖਾਂ ਉਤੇ ਜੁਲਮ ਕਰਦੇ ਰਹੇ ਤੇ ਮਗਰੋਂ ਫੌਜ ਤੋਂ ਭਗੌੜੇ ਹੋਣ ਕਰਕੇ ਅੰਗਰੇਜਾਂ ਹਥੋਂ ਹੀ ਮਾਰੇ ਗਏ।