ਬਰੇਟਾ, 7 ਮਾਰਚ (ਨਛੱਤਰ ਸਿੰਘ ਕਾਹਨਗੜ੍ਹ)- ਲੋਕ ਸਭਾ ਚੋਣਾ ਵਿੱਚ ਵੋਟਰਾਂ ਨੂੰ ਭਰਮਾਉਣ ਲਈ ਪੰਜਾਬ ਸਰਕਾਰ ਵੱਲੋ ਰੱਖੇ ਗਏ ਨੀਂਹ ਪੱਥਰ ਅਤੇ ਉਦਘਾਟਨੀ ਪੱਥਰ ਕੰਮ ਸ਼ੁਰੂ ਹੋਣ ਤੋ ਪਹਿਲਾਂ ਹੀ ਡਿੱਗਣੇ ਸ਼ੁਰੂ ਹੋ ਗਏ ਹਨ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਇਨ੍ਹਾਂ ਡਿੱਗੇ ਹੋਏ ਪੱਥਰਾਂ ਨੂੰ ਸੰਭਾਲਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ ਕਿਉਂਕਿ ਚੋਣਾਂ ਨਜਦੀਕ ਆਉਦੀਆਂ ਦੇਖ ਕੇ ਲੀਡਰਾਂ ਵੱਲੋਂ ਪਿਛਲੇ ਸਮੇਂ ਵਿੱਚ ਥੋਕ ਵਿੱਚ ਇਹ ਨੀਂਹ ਪੱਥਰ ਲਗਾ ਦਿੱਤੇ ਗਏ ਸਨ ਤਾਂ ਕਿ ਇਨ੍ਹਾਂ ਪੱਥਰਾਂ ਨਾਲ ਆਮ ਲੋਕਾਂ ਨੂੰ ਭਰਮਾ ਕੇ ਵੋਟਾਂ ਵਟੋਰੀਆਂ ਜਾ ਸਕਣ ਪਰ ਹੁਣ ਕੰਮ ਸ਼ੁਰੂ ਹੋਣ ਤੋ ਪਹਿਲਾਂ ਹੀ ਇਨ੍ਹਾਂ ਪੱਥਰਾਂ ਨੇ ਲੀਡਰਾਂ ਦੀ ਕਾਰਗੁਜਾਰੀ ਦੀ ਪੋਲ ਖੋਲ੍ਹਣੀ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਦਾ ਇੱਕ ਨੀਹ ਪੱਥਰ ਪਿਛਲੇ ਮਹੀਨੇ ਇੱਥੋਂ ਦੀ ਬੋਰੀਆਂ
ਬਸਤੀ ਵਿੱਚ ਇੰਟਰਲਾਕਿੰਗ ਟਾਈਲਾਂ ਅਤੇ ਨਾਲੀਆਂ ਦੀ ਉਸਾਰੀ ਸਬੰਧੀ ਇੱਕ ਨੀਂਹ ਪੱਥਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਰੱਖਿਆ ਗਿਆ ਸੀ ਜਿਹੜਾ ਕਿ ਪਿਛਲੇ ਦਿਨੀ ਡਿੱਗ ਕੇ ਅਪਣੀ ਕਹਾਣੀ ਬਿਆਨ ਕਰ ਰਿਹਾ ਸੀ ਪਰ ਜਦੋ ਇਸ ਦੀ ਖਬਰ ਸਥਾਨਕ ਨਗਰ ਕੌਂਸਲ ਦਫਤਰ ਨੂੰ ਲੱਗੀ ਤਾਂ ਕੌਂਸਲ ਵੱਲੋ ਇਸ ਪੱਥਰ ਨੂੰ ਚੁੱਕ ਕੇ ਕਿਸੇ ਘਰ ਵਿੱਚ ਰੱਖ ਦਿੱਤਾ ਗਿਆ। ਜਦੋਂ ਇਸ ਸਬੰਧੀ ਨਗਰ ਕੌਸਲ ਬਰੇਟਾ ਦੇ ਕਾਰਜ ਸਾਧਕ ਅਫਸਰ ਅਮ੍ਰਿਤ ਲਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਨੀਹ ਪੱਥਰ ਅਚਾਨਕ ਡਿੱਗ ਗਿਆ ਹੈ ਜਿਸ ਨੂੰ ਸੁਰੱਖਿਅਤ ਥਾਂ ਤੇ ਰਖਵਾ ਦਿੱਤਾ ਗਿਆ ਹੈ ਅਤੇ ਵਿੱਚ ਇਸ ਨੂੰ ਦੋਬਾਰਾ ਲਗਵਾ ਦਿੱਤਾ ਜਾਵੇਗਾ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਮੈਂਬਰ ਪਾਰਲੀਮੈਂਟ ਵੱਲੋਂ ਚੋਣ ਜਾਬਤਾ ਲੱਗਣ ਦੇ ਡਰੋਂ ਕਾਹਲੀ ਵਿੱਚ ਨੀਂਹ ਪੱਥਰ ਰੱਖਣ ਦੀ ਝੜੀ ਲਗਾ ਦਿੱਤੀ ਗਈ ਸੀ ਜਿਸ ਤਹਿਤ ਉਨ੍ਹਾਂ ਵੱਲੋਂ ਇੱਕੋ ਹੀ ਦਿਨ ਵਿੱਚ ਜ਼ਿਲ੍ਹਾ ਮਾਨਸਾ ਵਿੱਚ ਚਾਰ ਦਰਜਨ ਦੇ ਕਰੀਬ ਨੀਂਹ ਅਤੇ ਉਦਘਾਟਨੀ ਪੱਥਰ ਲਗਾਏ ਗਏ ਸਨ। ਹੁਣ ਇਨ੍ਹਾਂ ਪੱਥਰਾਂ ਦੇ ਡਿੱਗਣਾ ਸ਼ੁਰੂ ਹੋਣ ਦੇ ਸਿਲਸਿਲੇ ਤੋਂ ਇਸ ਗੱਲ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਪੱਥਰ ਲਗਾਉਣ ਸਮੇਂ ਕਿਹੋ ਜਿਹੇ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੋਵੇਗੀ ਜੇਕਰ ਇਸੇ ਤਰ੍ਹਾਂ ਵੋਟਾਂ ਵਟੋਰਨ ਲਈ ਕਾਹਲੀ ਵਿੱਚ ਵਿਕਾਸ ਕੰਮ ਕਰਵਾਏ ਗਏ ਤਾਂ ਫਿਰ ਠੇਕੇਦਾਰਾਂ ਵੱਲੋਂ ਕਿਹੋ ਜਿਹਾ ਮਟੀਰੀਅਲ ਲਗਾਇਆ ਜਾਵੇਗਾ ਇਸ ਨੂੰ ਲੈ ਕੇ ਆਮ ਲੋਕਾਂ ਲਈ ਚਿੰਤਾ ਬਣੀ ਹੋਈ ਹੈ ਕਿਉਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਵੀ ਇਸੇ ਤਰਾਂ ਵੋਟਾਂ ਵਟੋਰਨ ਦੇ ਚੱਕਰ ਵਿੱਚ ਸਰਕਾਰ ਵੱਲੋ ਬੜੀ ਕਾਹਲੀ ਨਾਲ ਇਸੇ ਤਰ੍ਹਾਂ ਵੱਡੀ ਗਿਣਤੀ ਵਿੱਚ ਵਿਕਾਸ ਕੰਮ ਕਰਵਾਏ ਗਏ ਸਨ ਜਿਨ੍ਹਾਂ ਦੀ ਪੋਲ ਕੁਝ ਸਮੇਂ ਬਾਅਦ ਹੀ ਖੁਲਣੀ ਸ਼ੁਰੂ ਹੋ ਗਈ ਸੀ ਅਤੇ ਵਿਕਾਸ ਕੰਮਾਂ ਸਮੇਂ ਹੋਏ ਕਰੋੜਾਂ ਰੁਪਏ ਦੇ ਘਪਲੇ ਸਾਹਮਣੇ ਆਏ ਸਨ। ਹੁਣ ਦੇਖਣਾ ਇਹ ਹੈ ਕਿ ਵੋਟਾਂ ਵਟੋਰਨ ਦੇ ਚੱਕਰ ਵਿੱਚ ਲਗਾਏ ਗਏ ਇਹ ਪੱਥਰ ਪਹਿਲਾਂ ਵਾਲਾ ਇਤਿਹਾਸ ਦੁਹਰਾਉਦੇ ਹਨ ਜਾਂ ਸਚੁਮੱਚ ਹੀ ਵਿਕਾਸ ਕੰਮ ਸਹੀ ਢੰਗ ਨਾਲ ਨਪੇਰੇ ਚੜਦੇ ਹਨ ਪਰ ਫਿਲਹਾਲ ਇਹ ਨੀਹ ਪੱਥਰ ਥੌੜੇ ਸਮੇ ਬਾਅਦ ਹੀ ਡਿੱਗਣ ਦਾ ਸਿਲਸਿਲਾ ਸ਼ੁਰੂ ਹੋਣ ਨਾਲ ਲੋਕ ਦੋਚਿਤੀ ਵਿੱਚ ਹਨ।