ਫ਼ਰੀਦਕੋਟ 17, ਜੁਲਾਈ (ਗੁਰਜੀਤ ਰੋਮਾਣਾ)- ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਫ਼ਰੀਦਕੋਟ ਦੇ ਬਜ਼ੁਰਗਾਂ, ਅੰਗਹੀਣਾਂ, ਬੇਸਹਾਰਾ ਬਚਿਆਂ ਅਤੇ ਵਿਧਵਾਵਾਂ ਸਮੇਤ ਹਰੇਕ ਲਾਭਪਾਤਰੀ ਨੂੰ ਵਧੀ ਹੋਈ ਪੈਨਸ਼ਨ ਰਾਸ਼ੀ 750/- ਰੁਪਏ ਪ੍ਰਤੀ ਮਹੀਨੇ ਦੇ ਅਨੁਸਾਰ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਨੇ ਦਿਤੀ। ਉਨ•ਾਂ ਦਸਿਆ ਕਿ ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਪੈਨਸ਼ਨ ਰਾਸ਼ੀ ਸਮੇਂ ਸਿਰ ਜਾਰੀ ਕੀਤੀ ਗਈ ਹੈ ਅਤੇ ਇਸ ਸਾਲ ਮਈ ਮਹੀਨੇ ਤਕ ਪੈਨਸ਼ਨ ਦਾ ਭੁਗਤਾਨ ਕੀਤਾ ਜਾ ਚੁਕਾ ਹੈ।ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਨੇ ਦਸਿਆ ਕਿ ਪੇਂਡੂ ਖੇਤਰ ਦੇ 41,256 ਲਾਭਪਾਤਰੀਆਂ ਨੂੰ 3,09,42, 000/- ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਦਕਿ ਸ਼ਹਿਰੀ ਖੇਤਰ ਦੇ 13, 519 ਲਾਭਪਾਤਰੀਆਂ ਨੂੰ 1,01,39,250/- ਰੁ. ਦੀ ਰਾਸ਼ੀ ਜਾਰੀ ਕੀਤੀ ਜਾ ਚੁਕੀ ਹੈ।ਪੈਨਸ਼ਨ ਦੀ ਇਹ ਰਾਸ਼ੀ ਲਾਭਪਾਤਰੀਆਂ ਨੂੰ ਬੈਂਕ ਖਾਤੇ ਰਾਹੀਂ ਮਿਲੇਗੀ। ਡਿਪਟੀ ਕਮਿਸ਼ਨਰ ਨੇ ਅਗੇ ਦਸਿਆ ਕਿ ਇਸ ਸਮੇਂ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਬੁਢਾਪਾ, ਵਿਧਵਾ, ਅਪੰਗ ਅਤੇ ਆਸ਼ਰਿਤ ਬਚਿਆਂ ਨੂੰ ਦਿਤੀ ਜਾ ਰਹੀ ਪੈਨਸ਼ਨ ਸਕੀਮ ਤਹਿਤ ਕੁਲ 54,775 ਲਾਭਪਾਤਰੀ ਹਨ,ਇਨਾਂ ਲਾਭਪਾਤਰੀਆਂ ਵਿਚੋਂ 37,394 ਬਜ਼ੁਰਗ ਲਾਭਪਾਤਰੀ, 9,352 ਵਿਧਵਾ ਲਾਭਪਾਤਰੀ, 3,440 ਆਸ਼ਰਿਤ ਬਚੇ ਲਾਭਪਾਤਰੀ ਅਤੇ 4,589 ਅਪੰਗ ਲਾਭਪਾਤਰੀ ਹਨ। ਇਸ ਮੌਕੇ ਸਮਾਜਿਕ ਸੁਰਖਿਆ ਅਫ਼ਸਰ ਸ੍ਰੀਮਤੀ ਸ਼ਿੰਦਰਪਾਲ ਕੌਰ ਨੇ ਕਿਹਾ ਕਿ ਜੇਕਰ ਕਿਸੇ ਪੈਨਸ਼ਨ ਧਾਰਕ ਨੂੰ ਪੈਨਸ਼ਨ ਪ੍ਰਾਪਤੀ ਸਬੰਧੀ ਕਿਸੇ ਕਿਸਮ ਦੀ ਦਿਕਤ ਪੇਸ਼ ਆਉਂਦੀ ਹੈ ਤਾਂ ਉਹ ਸਾਡੇ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ।