ਰੂਪਨਗਰ, 17 ਜੁਲਾਈ (ਲਾਡੀ ਖਾਬੜਾ)- ਰੂਪਨਗਰ ਜ਼ਿਲ੍ਹੇ ਵਿਚ ਟੂਰੀਜ਼ਮ ਦੀਆਂ ਬਹੁਤ ਸੰਭਾਵਾਵਾਂ ਹਨ ਇਸ ਲਈ ਇਸ ਜ਼ਿਲ੍ਹੇ ਨੂੰ ਟੂਰੀਜ਼ਮ ਪਖੋਂ ਵਿਕਸਿਤ ਕੀਤਾ ਜਾਵੇਗਾ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਸੁਮਿਤ ਜਾਰੰਗਲ ਨੇ ਅਜ ਇਥੇ ਮਿੰਨੀ ਸਕਤਰੇਤ ਦੇ ਕਮੇਟੀ ਰੂਮ ਵਿਚ ਪਤਰਕਾਰ/ਮੀਡੀਆ ਨਾਲ ਗਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਰੂਪਨਗਰ ਨੂੰ ਪੰਜਾਬ ਸਰਕਾਰ ਵਲੋਂ ਚਲਾਇਆ ਜਾ ਰਿਹਾ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਇਸ ਦੇ ਨਾਮ ਵਾਂਗ ਹੀ ਸਚਮੁਚ ਖੂਬਸੂਰਤ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਥੇ ਇਸ ਦੇ ਨਾਮ ਵਾਂਗ ਖੂਬਸੂਰਤ ਦਿਖ ਦਿਤੀ ਜਾਵੇਗੀ ਉਥੇ ਇਸ ਜ਼ਿਲ੍ਹੇ ਦੇ ਸਾਰੇ ਦਾਖਲਾ ਸਥਾਨਾਂ ਨੂੰ ਵੀ ਸੁੰਦਰ ਬਣਾਇਆ ਜਾਵੇਗਾ ਤਾਂ ਜੋ ਇਸ ਜ਼ਿਲ੍ਹੇ ਵਿਚ ਆਉਣ ਵਾਲਾ ਹਰ ਵਿਅਕਤੀ ਇਸ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਹੋ ਸਕਣ।ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਵਿਚ ਪਾਰਕਾਂ ਨੂੰ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਲੋਕ ਸੈਰ ਕਰ ਸਕਣ। ਉਨ੍ਹਾਂ ਕਿਹਾ ਕਿ ਵਖ ਵਖ ਦਫਤਰਾਂ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤਕ ਯਕੀਨੀ ਬਣਾਈ ਜਾਵੇਗੀ ਤਾਂ ਜੋ ਆਪਣੇ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਕੋਈ ਸਮਸਿਆ ਪੇਸ਼ ਨਾ ਆਵੇ।ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਅਧਿਕਾਰੀ/ਕਰਮਚਾਰੀ ਆਪਣਾ ਸਟੇਸ਼ਨ ਛਡ ਕੇ ਨਾ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਇਹ ਹਾਜ਼ਰੀ ਯਕੀਨੀ ਬਣਾਉਣ ਲਈ ਅਚਨਚੇਤ ਚੈਕਿੰਗਾਂ ਵੀ ਕੀਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਦਫਾ 144 ਅਧੀਨ ਲਾਗੂ ਕੀਤੇ ਹੁਕਮਾਂ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਵਿਚ ਪਲਾਸਟਿਕ ਦੇ ਲਿਫਾਫਿਆਂ ਤੇ ਲਗੀ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਵਾਇਆ ਜਾਵੇਗਾ ਇਸ ਮੰਤਵ ਲਈ ਬਦਲਵੇ ਪ੍ਰਬੰਧ ਕਰਨੇ ਵੀ ਯਕੀਨੀ ਬਣਾਇਆ ਜਾਵੇਗਾ।ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਦੀਆਂ ਸਮਸਿਆਵਾਂ ਸੁਣ ਕੇ ਉਨ੍ਹਾਂ ਦਾ ਹਲ ਕਰਨ ਨੂੰ ਤਰਜੀਹ ਦਿਤੀ ਜਾਵੇ।ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਨਜਾਇਜ਼ ਮਾਈਨਿੰਗ ਨੂੰ ਕਾਨੂੰਨ ਅਨੁਸਾਰ ਸਖਤੀ ਨਾਲ ਰੋਕਿਆ ਜਾਵੇਗਾ ਅਤੇ ਗੈਰਕਾਨੂੰਨੀ ਮਾਈਨਿੰਗ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪਤਰਕਾਰਾਂ ਨੂੰ ਪ੍ਰੇਰਨਾ ਕਰਦਿਆ ਕਿਹਾ ਕਿ ਉਨ੍ਹਾਂ ਪਾਸ ਜਦੋਂ ਵੀ ਕੋਈ ਸੂਚਨਾ ਆਉਂਦੀ ਹੈ ਤਾਂ ਉਨ੍ਹਾਂ ਨਾਲ ਸਾਂਝੀ ਕਰ ਲਈ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਸਮਸਿਆ ਨਾ ਹੋਵੇ।ਇਸ ਮੌਕੇ ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਜਨਰਲ , ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ ਰੂਪਨਗਰ ਵੀ ਹਾਜ਼ਰ ਸਨ।