ਅੰਮ੍ਰਿਤਸਰ, 17 ਜੁਲਾਈ (ਦਵਾਰਕਾ ਨਾਥ ਰਾਣਾ)- ਅੱਜ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਸ੍ਰੀ ਵਿਜੈ ਇੰਦਰ ਸਿੰਗਲਾ, ਕੈਬਨਿਟ ਮੰਤਰੀ ਪੀ:ਡਬਲਿਯੂ:ਡੀ, ਸ੍ਰੀ ਓ.ਪੀ. ਸੋਨੀ ਸਿਖਿਆ ਮੰਤਰੀ, ਸ: ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਮੰਤਰੀ, ਅਤੇ ਸ: ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਇਕ ਗੈਰ ਸਰਕਾਰੀ ਸੰਸਥਾ ਸਾਂਝੀ ਛਾਂ ਵਲੋਂ ਹਸਪਤਾਲ ਨੂੰ ਦਿੱਤਾ ਗਿਆ ਸਾਮਾਨ ਦੇਣ ਲਈ ਗਏ। ਉਥੇ ਸ: ਨਵਜੋਤ ਸਿੰਘ ਸਿੱਧੂ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਦੀ ਹਾਲਤ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਦੀ ਤਰਫੋਂ ਸ੍ਰੀ ਬ੍ਰਹਮ ਮਹਿੰਦਰ ਸਿਹਤ ਮੰਤਰੀ ਨਾਲ ਗੱਲਬਾਤ ਕਰਕੇ 10 ਕਰੋੜ ਰੁਪਏ ਗੁਰੂ ਨਾਨਕ ਦੇਵ ਹਸਪਤਾਲ ਨੂੰ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸ: ਸਿੱਧੂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਵ ਤੋਂ ਪਹਿਲਾਂ ਪਹਿਲਾਂ ਗੁਰੂ ਨਾਨਕ ਦੇਵ ਹਸਪਤਾਲ ਦੀ ਹਾਲਤ ਨੂੰ ਸੁਧਾਰ ਦਿੱਤਾ ਜਾਵੇਗਾ। ਇਸ ਮੌਕੇ ਸ੍ਰੀ ਵਿਜੈ ਇੰਦਰ ਸਿੰਗਲਾ, ਸ੍ਰ ਨਵਜੋਤ ਸਿੰਘ ਸਿੱਧੂ, ਸ੍ਰੀ ਓ.ਪੀ. ਸੋਨੀ ਨੇ ਆਪਣੇ ਅਖਤਿਆਰੀ ਫੰਡ ਵਿਚੋਂ ਹਸਪਤਾਲ ਨੂੰ 20-20 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਦੱਸਣਯੋਗ ਹੈ ਕਿ ਇਹ ਮੁੱਦਾ ਪਿਛਲੇ ਕਾਫ਼ੀ ਸਮੇਂ ਤੋਂ ਸ: ਗੁਰਜੀਤ ਸਿੰਘ ਔਜਲਾ ਲੋਕ ਸਭਾ ਮੈਂਬਰ ਵਲੋਂ ਹਸਪਤਾਲ ਦੀ ਸਾਫ਼ ਸੁਫ਼ਾਈ ਨੂੰ ਲੈ ਕੇ ਚੁੱਕਿਆ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਕਈ ਵਾਰ ਇਸ ਮੁੱਦੇ ਉਤੇ ਵਿਰੋਧ ਦਾ ਦਾ ਸਾਹਮਣਾ ਵੀ ਕਰਨਾ ਪਿਆ ਸੀ ਅਤੇ ਕਈ ਵਾਰ ਸ: ਔਜਲਾ ਵਲੋਂ ਖੁਦ ਹਸਪਤਾਲ ਜਾ ਕੇ ਇਸ ਦੀ ਸਾਫ਼ ਸਫ਼ਾਈ ਵੀ ਕੀਤੀ ਗਈ ਸੀ। ਇਸ ਮੌਕੇ ਸ: ਔਜਲਾ ਨੇ ਕਿਹਾ ਕਿ ਉਹ ਅੱਜ ਆਪਣਾ ਵਾਅਦਾ ਪੂਰਾ ਕਰਨ ਲਈ ਇਥੇ ਆਏ ਹਨ। ਉਨ੍ਹਾਂ ਨੇ ਸਾਂਝੀ ਛਾਂ ਐਨ.ਜੀ.ਓ. ਵਲੋਂ ਹਸਪਤਾਲ ਨੂੰ 250 ਗੱਦੇ, 400 ਚਾਦਰਾਂ, 200 ਸਰਹਾਣੇ, 1000 ਡਸਟਬਿਨ ਦੀ ਪਹਿਲੀ ਖੇਪ ਨਾਲ 3 ਲੱਖ 20 ਹਜ਼ਾਰ ਰੁਪਏ ਕੈਸ਼ ਅਤੇ ਵੱਡੇ ਵਾਟਰ ਕੂਲਰ ਮੈਡੀਕਲ ਸੁਪਰਡੈਂਟ ਡਾ. ਸੁਰਿੰਦਰਪਾਲ ਨੂੰ ਸਪੁਰਦ ਕਰ ਦਿੱਤੇ। ਸ੍ਰ ਔਜਲਾ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਐਮ:ਪੀ: ਫੰਡ ਵਿੱਚੋਂ ਹਸਪਤਾਲ ਨੂੰ 50 ਲੱਖ ਰੁਪਏ ਦਾ ਸਾਜੋ ਸਮਾਨ ਵੀ ਖਰੀਦ ਕੇ ਦੇਣਗੇ ਜਿਸ ਵਿੱਚ ਸਫਾਈ ਦਾ ਸਮਾਨ, ਐਂਬੂਲਂੈਸ ਆਦਿ ਹਨ।
ਇਸ ਮੌਕੇ ਸ: ਔਜਲਾ ਨੇ ਇਹ ਵੀ ਸਪਸ਼ਟ ਕੀਤਾ ਕਿ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਨੂੰ ਪੰਜਾਬ ਵਾਸੀਆਂ ਦੇ ਸਹਿਯੋਗ ਨਾਲ ਭਾਰੀ ਸਫ਼ਲਤਾ ਮਿਲੀ ਹੈ ਅਤੇ ਇਸ ਕੰਮ ਨੂੰ ਜਲਦ ਹੀ ਕਾਮਯਾਬੀ ਮਿਲ ਜਾਵੇਗੀ। ਇਸ ਤੋਂ ਇਲਾਵਾ ਸ: ਔਜਲਾ ਵਲੋਂ ਬੇਬੇ ਨਾਨਕੀ ਜੱਚਾ, ਬੱਚਾ ਵਿਭਾਗ ਅਤੇ ਸਿਵਲ ਸਰਜਨ ਦਫ਼ਤਰ ਨੂੰ ਵੀ 1-1 ਐਂਬੂਲੈਂਸ ਅਲਾਟ ਕਰ ਦਿੱਤੀ ਗਈ ਹੈ।
ਸਮਾਗਮ ਦੇ ਅੰਤ ਵਿੱਚ ਸ: ਔਜਲਾ ਦੀ ਮਾਤਾ ਸ੍ਰੀਮਤੀ ਜਗੀਰ ਕੌਰ ਨੇ ਆਈਆਂ ਸਾਰੀਆਂ ਐਨ.ਜੀ.ਓਜ਼ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੇਅਰ ਸ: ਕਰਮਜੀਤ ਸਿੰਘ ਰਿੰਟੂ, ਸ਼ਹਿਰੀ ਪ੍ਰਧਾਨ ਸ੍ਰੀ ਜੁਗਲ ਕਿਸ਼ੋਰ ਸ਼ਰਮਾ, ਡਿਪਟੀ ਕਮਿਸ਼ਨਰ ਸ: ਕਮਲਦੀਪ ਸਿੰਘ ਸੰਘਾ, ਪ੍ਰਿੰਸੀ: ਮੈਡੀਕਲ ਕਾਲਜ ਸੁਜਾਤਾ ਸ਼ਰਮਾ ਅਤੇ ਕੰਵਲਜੀਤ ਸਿੰਘ ਲਾਲੀ ਮੀਰਾਂਕੋਟ, ਪ੍ਰਧਾਨ ਸਾਂਝੀ ਛਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।