April 18, 2026 9:26 pm

ਨਸ਼ਿਆਂ ਸਮੇਤ ਥਾਣਾ ਡਵੀਜ਼ਨ-7 ਨੂੰ ਕੀਤਾ ਜਾਵੇਗਾ ਅਪਰਾਧ ਮੁਕਤ : ਥਾਣਾ ਮੁਖੀ

ਲੁਧਿਆਣਾ, 16 ਜੁਲਾਈ (ਮਹੇਸ਼ਇੰਦਰ ਸਿੰਘ ਮਾਂਗਟ)- ਥਾਣਾ ਡਵੀਜਨ ਨੰ: 7 ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਭਟੀ ਨੇ ਅਜ ਸਾਫ ਆਖ ਦਿਤਾ ਹੈ ਕਿ ਉਹ ਨਸ਼ਿਆਂ ਸਮੇਤ ਆਪਣੇ ਥਾਣੇ ਅਧੀਨ ਆਉਂਦੇ ਇਲਾਕੇ ਨੂੰ ਅਪਰਾਧ ਮੁਕਤ ਵੀ ਕਰਨਗੇ ਜਿਸ ਦੇ ਲਈ ਜਨਤਾ ਵੀ ਪੁਲਿਸ ਨਾਲ ਦੋਸਤਾਨਾ ਸਬੰਧ ਬਣਾ ਕੇ ਸਹਿਯੋਗ ਦੇਵੇ। ਉਨ੍ਹਾਂ ਆਪਣੇ ਦਫਤਰ ਵਿਚ ਗਲਬਾਤ ਕਰਦਿਆਂ ਅਜ ਦਸਿਆ ਕਿ ਥਾਣੇ ਦੀ ਹਦ ‘ਚ ਪੈਂਦੇ ਸਾਰੇ ਲਾਟਰੀ ਸਟਾਲਾਂ ਨੂੰ ਪਹਿਲਾਂ ਹੀ ਬੰਦ ਕਰਵਾ ਦਿਤਾ ਗਿਆ ਹੈ ਅਤੇ ਹੁਣ ਜੂਏ ਖਾਨੇ ਬੰਦ ਕਰਵਾਉਣ ਦੀ ਮੁਹਿੰਮ ਛੇੜੀ ਹੋਈ ਹੈ। ਉਨ੍ਹਾਂ ਦਸਿਆ ਕਿ ਰਾਤੀਂ ਜਸਵੰਤ ਨਗਰ ਦੀ ਗਲੀ ਨੰ: 3 ਦੇ ਮਕਾਨ ਨੰ: 6807 ਵਿਚ ਮਕਾਨ ਮਾਲਕ ਸੁਧੀਰ ਕੁਮਾਰ ਵਲੋਂ ਜੋ ਜੂਆ ਖਾਨਾ ਚਲਾਇਆ ਜਾ ਰਿਹਾ ਸੀ ਤੇ ਰੇਡ ਕਰਕੇ ਉਥੋਂ ਮਾਲਕ ਸਮੇਤ ਛੇ ਹੋਰਨਾਂ ਵਿਆਕਤੀਆਂ ਨੂੰ 42 ਹਜਾਰ ਦੀ ਰਾਸ਼ੀ ਸਮੇਤ ਕਾਬੂ ਕਰਕੇ ਉਨ੍ਹਾਂ ਖਿਲਾਫ 420 ਅਤੇ ਜੂਆ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਜੂਆ ਅਤੇ ਲਾਟਰੀ ਦੋਵੇਂ ਹੀ ਨਸ਼ਿਆਂ ਨੂੰ ਪੈਦਾ ਕਰਨ ਵਾਲੇ ਵਿਸ਼ੇਸ ਕਾਰਕਾਂ ਵਿਚੋਂ ਹਨ ਜਿਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਣੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ ਲੁਧਿਆਣਾ ਸ: ਸੁਖਚੈਨ ਸਿੰਘ ਗਿਲ ਦੇ ਆਦੇਸ਼ਾਂ ਤੇ ਉਨ੍ਹਾਂ ਵਲੋਂ ਨਸ਼ਿਆਂ ਖਿਲਾਫ ਵੀ ਵਿਸ਼ੇਸ ਮੁਹਿੰਮ ਛੇੜੀ ਗਈ ਜਿਸ ਦੀ ਸਫਲਤਾ ਪੁਲਿਸ ਦੇ ਨਾਲ ਨਾਲ ਲੋਕਾਂ ਵਲੋਂ ਦਿਤੇ ਸਹਿਯੋਗ ਤੇ ਨਿਰਭਰ ਕਰਦੀ ਹੈ। ਉਨ੍ਹਾਂ ਦਸਿਆ ਕਿ ਆਮ ਲੋਕ ਜਾਣਦੇ ਹੁੰਦੇ ਹਨ ਕਿ ਕਿੰਨਾਂ ਥਾਵਾਂ ਤੇ ਨਸ਼ੇ ਦੀ ਤਸਕਰੀ ਹੁੰਦੀ ਹੈ ਇਸ ਲਈ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਉਹ ਪੁਲਿਸ ਦੇ ਮਦਦਗਾਰ ਬਣਨ। ਉਨ੍ਹਾਂ ਆਮ ਲੋਕਾਂ ਤੋਂ ਬਿਨ੍ਹਾਂ ਨਸ਼ੇ ਦੇ ਆਦੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਭਾਵੇਂ ਖੁਦ ਇਸ ਨਸ਼ੇ ਕਾਰਨ ਬਰਬਾਦ ਹੋ ਗਏ ਹਨ ਪਰ ਉਨ੍ਹਾਂ ਨੂੰ ਬਰਬਾਦ ਕਰਨ ਵਾਲੇ ਤਸਕਰਾਂ ਖਿਲਾਫ ਉਹ ਪਕੀ ਸੂਚਨਾ ਪੁਲਿਸ ਨੂੰ ਦੇ ਸਕਦੇ ਹਨ। ਆਮ ਲੋਕ ਅਤੇ ਨਸ਼ਿਆਂ ਨਾਲ ਬਰਬਾਦ ਹੋ ਚੁਕੇ ਵਿਆਕਤੀ ਜੇਕਰ ਪੁਲਿਸ ਨੂੰ ਸਹੀ ਸਮੇਂ ਤੇ ਕੋਈ ਸੂਚਨਾ ਦੇਣਗੇ ਉਸ ਨੂੰ ਗੁਪਤ ਰਖ ਕੇ ਮਿੰਟਾਂ ਵਿਚ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਪੰਜਾਬ ਦੀ ਜਵਾਨੀ ਨੂੰ ਬਰਬਾਤ ਕਰਨ ਵਾਲਿਆਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਜਾਵੇਗਾ। ਥਾਣਾ ਮੁਖੀ ਨੇ ਕਿਹਾ ਕਿ ਸਾਡੇ ਵਲੋਂ ਕੀਤੀ ਸਖਤੀ ਦੇ ਚਲਦੇ ਨਸ਼ਾ ਤਸਕਰ ਸਾਡੀ ਹਦੂਦ ਤੋਂ ਦੂਰ ਚਲੇ ਗਏ ਹਨ ਅਤੇ ਜੇਕਰ ਫੇਰ ਵੀ ਕੋਈ ਬਾਕੀ ਬਚਦਾ ਹੈ ਤਾਂ ਉਸ ਦੀ ਜਾਣਕਾਰੀ ਮੈਨੂੰ ਸਿਧੀ ਦਿਤੀ ਜਾਵੇ।

Send this to a friend