ਪਾਕਿਸਤਾਨ ਵਿਚ ਘੱਟ ਗਿਣਤੀਆਂ

ਪਾਕਿਸਤਾਨ ਦਾ ਆਪਣੀਆਂ ਘੱਟ-ਗਿਣਤੀਆਂ ਪ੍ਰਤੀ ਅਕਸ ਦਿਨੋ-ਦਿਨ ਵਿਗੜਦਾ ਜਾ ਰਿਹਾ ਹੈ । ਘੱਟ-ਗਿਣਤੀ ਫਿਰਕਿਆਂ ਅੰਦਰ ਕਾਫ਼ੀ ਨਾਰਾਜ਼ਗੀ ਦਾ ਦੌਰ ਗੰਭੀਰ ਸਥਿਤੀ ਅਖਤਿਆਰ ਕਰਦਾ ਜਾ ਰਿਹਾ ਹੈ। ਆਪਣੀਆਂ ਘੱਟ-ਗਿਣਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਦੇ ਹੋਏ ਪਾਕਿਸਤਾਨ ਇਹ ਭੁੱਲ ਚੁੱਕਾ ਹੈ ਕਿ ਇਸ ਦਾ ਦੁਨੀਆ ਭਰ ਦੀਆਂ  ਘੱਟ-ਗਿਣਤੀਆਂ ਵਿਚ ਕੀ ਸੁਨੇਹਾ ਜਾਵੇਗਾ ਅਤੇ ਬਾਹਰਲੇ ਮੁਲਕਾਂ ਵਿਚ ਕੀ ਅਕਸ ਬਣੇਗਾ।  ਪਹਿਲਾਂ ਹੀ ਪਾਕਿਸਤਾਨ ‘ਚ ਘੱਟ ਗਿਣਤੀ ਫਿਰਕੇ ਦੇ ਲੋਕ ਜਬਰੀ ਧਰਮ ਪਰਿਵਰਤਨ ਤੋਂ ਖਾਸੇ ਨਾਰਾਜ਼ ਸਨ, ਨਿੱਕੇ ਨਿੱਕੇ ਬੱਚਿਆਂ ’ਤੇ ਵੀ ਦਬਾਅ ਬਣਾ ਕੇ ਮੁਸਲਿਮ ਬਣਾਇਆ ਜਾ ਰਿਹਾ ਹੈ । ‘ਪਾਕਿਸਤਾਨ ’ਚ ਹਿੰਦੂ-ਮਸਲੇ ਅਤੇ ਹੱਲ’ ਵਿਸ਼ੇ ’ਤੇ ਕਰਾਚੀ ਪ੍ਰੈੱਸ ਕਲੱਬ ‘ਚ ਹੋਏ ਸੈਮੀਨਾਰ ਦੌਰਾਨ ਛੇ ਸਾਲ ਦੀ ਜਮਨਾ ਨੂੰ ਪੇਸ਼ ਕੀਤਾ ਗਿਆ ਜਿਸ ਨੂੰ ਉਸ ਦੀ 10 ਸਾਲਾ ਭੈਣ ਪੂਜਾ ਨਾਲ ਧਰਮ ਬਦਲਣ ਲਈ ਦਬਾਅ ਬਣਾਇਆ ਗਿਆ ਸੀ।ਜਮਨਾ ਦੇ ਪਿਤਾ ਸੋਮਾ ਸਿੰਧ ਸੂਬੇ ਦੇ ਮੀਰਪੁਰ ਖਾਸ ਮਿੱਟੀ ਦੇ ਖਿਡੌਣੇ ਅਤੇ ਭਾਂਡੇ ਘਰ-ਘਰ ਵੇਚਣ ਦਾ ਕੰਮ ਕਰਦੇ ਸਨ ਅਤੇ ਦੋਵੇਂ ਧੀਆਂ ਕੰਮ ‘ਚ ਸਹਾਇਤਾ ਕਰਦੀਆਂ ਸਨ। ਚਾਰ ਫਰਵਰੀ ਨੂੰ ਦੋਵੇਂ ਬੱਚੀਆਂ ਖਿਡੌਣਿਆਂ ਦੀ ਟੋਕਰੀ ਲੈ ਕੇ ਘਰੋਂ ਨਿਕਲੀਆਂ ਸਨ ਪਰ ਉਹ ਬਾਅਦ ‘ਚ ਘਰ ਨਾ ਪਰਤੀਆਂ। ਮੀਡੀਆ ’ਚ ਮਾਮਲਾ ਸਾਹਮਣੇ ਆਉਣ ’ਤੇ ਇਲਾਕੇ ਦੀ ਪੁਲਿਸ ਨੇ ਉਨ੍ਹਾਂ ਨੂੰ ਅਦਾਲਤ ‘ਚ ਮੁਸਲਮਾਨ ਬੱਚੀਆਂ ਵਜੋਂ ਪੇਸ਼ ਕੀਤਾ। ਅਦਾਲਤ ਨੇ ਦੋਵਾਂ ਨੂੰ ਮਹਿਲਾ ਆਸ਼ਰਮ ਭੇਜ ਦਿੱਤਾ ਅਤੇ ਬਾਅਦ ‘ਚ ਛੋਟੀ ਜਮਨਾ ਪਰਿਵਾਰ ਹਵਾਲੇ ਕਰ ਦਿੱਤੀ ਗਈ ਜਦੋਂਕਿ ਪੂਜਾ ਅਜੇ ਵੀ ਉੱਥੇ ਹੀ ਹੈ। ਏਹੋ ਜਿਹੀਆਂ ਘਟਨਾਵਾਂ ਪਾਕਿਸਤਾਨ ਵਿਚ ਨਿੱਤ ਦਿਨ ਹੋ ਰਹੀਆਂ ਹਨ  ਜੋ ਘੱਟ ਗਿਣਤੀਆਂ ਦੀਆਂ ਮੁਸ਼ਕਲਾਂ ‘ਚ ਰੋਜ਼ ਵਾਧਾ ਦਰਸਾਉਂਦੀਆਂ ਹਨ। ਏਨਾ ਹੀ ਨਹੀਂ ਹੁਣ ਘੱਟ- ਗਿਣਤੀ ਫਿਰਕੇ ਦੀਆਂ ਜਮੀਨਾਂ ’ਤੇ ਵੀ ਜ਼ਬਰੀ ਕਬਜ਼ੇ ਕੀਤੇ ਜਾ ਰਹੇ ਹਨ। ਓਹ ਆਪਣੇ ਧਰਮ ਅਸਥਾਨ ਅਤੇ ਨੇੜੇ ਦੀਆਂ ਜ਼ਮੀਨਾਂ ਨੂੰ ਭੂ ਮਾਫੀਆ ਤੋਂ ਬਚਾਉਣ ਲਈ ਸੰਘਰਸ਼ ਕਰ ਰਹੇ ਹਨ । ਵੰਡ ਦੇ ਸਮੇਂ ਪਾਕਿਸਤਾਨ ਵੱਸਦੇ ਜ਼ਿਆਦਾਤਰ ਘੱਟ ਗਿਣਤੀਆਂ ਨਾਲ ਸਬੰਧਤ ਲੋਕ ਭਾਰਤ ਆ ਗਏ ਸਨ ਪਰ ਉਨ੍ਹਾਂ ਦੇ ਪਿੱਛੇ ਸੰਪਤੀਆਂ ਅਤੇ ਪੂਜਾ ਅਸਥਾਨ ਰਹਿ ਗਏ ਸਨ। ਸਥਾਨਕ ਲੋਕਾਂ ਨੇ ਧਰਮ ਅਸਥਾਨ ਦੇ ਨੇੜੇ ਦੀ ਜ਼ਮੀਨ ’ਤੇ ਕਬਜ਼ਾ ਕਰਨ ਲਈ ਫਰਜ਼ੀ ਦਸਤਾਵੇਜ਼ਾਂ ਦਾ ਸਹਾਰਾ ਲਿਆ ਹੈ। ਇਹ ਧਰਮ ਅਸਥਾਨ ਉਨ੍ਹਾਂ ਇਲਾਕਿਆਂ ਵਿਚ ਸਥਿਤ ਹਨ, ਜਿਥੋਂ ਦੀ ਜ਼ਮੀਨ ਦੀ ਕੀਮਤ ਬਹੁਤ ਜ਼ਿਆਦਾ ਹੈ। ਕੀਰਤਪੁਰ ਇਲਾਕੇ ਵਿਚ ਅੱਜ ਕੋਈ ਮੰਦਰ ਨਹੀਂ ਰਿਹਾ। ਇਨ੍ਹਾਂ ’ਤੇ ਭੂ ਮਾਫੀਆ ਨੇ ਕਬਜ਼ਾ ਕਰ ਲਿਆ ਹੈ। ਰਾਵਲਪਿੰਡੀ ਵਿਚ ਕਰੀਬ 5000 ਹਿੰਦੂ ਰਹਿੰਦੇ ਹਨ, ਜਿਥੇ ਕੇਵਲ ਇਕ ਹੀ ਪੂਜਾ ਅਸਥਾਨ ਬਚਿਆ ਹੈ । ਘੱਟ ਗਿਣਤੀ ਧਰਮ ਅਸਥਾਨਾਂ ਨੂੰ ਗੈਰਕਾਨੂੰਨੀ ਤੌਰ ’ਤੇ ਵਕਫ ਸੰਪਤੀ ਕਰਾਰ ਦੇ ਦਿੱਤਾ ਜਾਂਦਾ ਹੈ । ਬਚੇ ਹੋਏ ਧਰਮ ਅਸਥਾਨਾਂ ਦੀ ਵੱਡੀ ਗਿਣਤੀ ਵਿਚ ਹੋ ਰਹੀ ਹਿਜਰਤ ਕਾਰਨ ਦੇਖ-ਭਾਲ ਕਰਨ ਵਾਲਾ ਪਿੱਛੇ ਕੋਈ ਨਹੀਂ ਰਿਹਾ। ਪਾਕਿਸਤਾਨ ਦੇ ਸੰਵਿਧਾਨ ਵਿੱਚ ਧਾਰਮਿਕ ਘੱਟ-ਗਿਣਤੀਆਂ ਦੇ ਅਧਿਕਾਰਾਂ ਦੀ ਜ਼ਾਮਨੀ ਦਿੱਤੀ ਗਈ ਹੈ ਪਰ ਇਨ੍ਹਾਂ ਅਧਿਕਾਰਾਂ ’ਤੇ ਅਮਲ ਯਕੀਨੀ ਤੋਰ ‘ਤੇ ਨਾ ਬਰਾਬਰ ਹੈ ।  ਘੱਟ ਗਿਣਤੀ ਫਿਰਕੇ ਆਪਣੇ ਬਿਹਤਰ ਭਵਿੱਖ ਲਈ ਪਾਕਿਸਤਾਨ ਨੂੰ ਛੱਡ ਰਹੇ ਹਨ ।ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ‘ਡੇਲੀ ਟਾਇਮਜ਼’ ਵਿੱਚ ਛਪੀ ਇਕ ਖਬਰ ਮੁਤਾਬਕ ਪਿਛਲੇ ਕਰੀਬ ਦੋ ਸਾਲਾਂ ’ਚ 10 ਤੋਂ 14 ਹਜ਼ਾਰ ਪਾਕਿਸਤਾਨੀ ਘੱਟ ਗਿਣਤੀਆਂ ਨਾਲ ਸਬੰਧਤ ਨਾਗਰਿਕ ਰਜਵਾੜਾਸ਼ਾਹੀ, ਧਾਰਮਿਕ ਵਿਤਕਰੇ, ਜਬਰੀ ਧਰਮ ਪਰਿਵਰਤਨ ਦੇ ਮਾਮਲਿਆਂ ਨੂੰ ਲੈ ਕੇ ਪਾਕਿਸਤਾਨ ਤੋਂ ਹਿਜਰਤ ਕਰ ਗਏ ਹਨ। ਪਾਕਿਸਤਾਨ ’ਚ ਹੁਣ ਹਿੰਦੂ ਮੰਦਰ ਹੀ ਨਹੀਂ, ਇਮਾਮਬਾੜੇ, ਚਰਚ ਅਤੇ ਹੋਰ ਇਬਾਦਤਗਾਹਾਂ ਵੀ ਸੁਰੱਖਿਅਤ ਨਹੀਂ ਰਹੀਆਂ। ਪਾਕਿਸਤਾਨ ’ਚ  ਮਨੁੱਖੀ ਅਧਿਕਾਰ ਅਤੇ ਘੱਟਗਿਣਤੀ ਮਾਮਲਿਆਂ ਦੀ ਸੁਣਵਾਈ ਨਾ-ਮਾਤਰ ਹੀ ਹੈ। ਨਿਆਂ ਦੇ ਚਾਹਵਾਨਾਂ ਵਿਚ ਦਹਿਸ਼ਤ ਫੈਲੀ ਹੋਈ ਹੈ। ਦਿਨੋ- ਦਿਨ ਘੱਟ ਗਿਣਤੀਆਂ ’ਤੇ ਵਧਦਾ ਅਣਮਨੁੱਖੀ ਤਸ਼ੱਦਦ, ਧਾਰਮਿਕ ਵਿਤਕਰਾ  ਅਤੇ ਮਨੁੱਖੀ ਅਧਿਕਾਰਾਂ ਦਾ ਹੋ ਰਿਹਾ ਘਾਣ ਪਾਕਿਸਤਾਨ ਦੀ ਅਸਥਿਰਤਾ ਦਾ ਕਾਰਨ ਬਣ ਰਿਹਾ ਹੈ। ਪਾਕਿਸਤਾਨ ਦੇ ਸਾਹਮਣੇ ਮੌਜੂਦਾ ਸਮੇਂ ’ਚ ਮੋਜੂਦ ਘਰੇਲੂ ਤਣਾਅ ਲਈ ਕਮਜ਼ੋਰ ਪ੍ਰਸ਼ਾਸਨ ਜ਼ਿੰਮੇਵਾਰ ਹੈ। ਰਾਸ਼ਟਰੀ ਘਰੇਲੂ ਸੁਰੱਖਿਆ ਨੀਤੀ 2013-2018 ਦੇ ਮਸੌਦੇ ’ਚ ਪਾਕਿਸਤਾਨ ਦੀ ਅੰਦਰੂਨੀ ਸਥਿਤੀ ਨੂੰ ਖਤਰਨਾਕ ਅਤੇ ਦੇਸ਼ ਦੀ ਏਕਤਾ ਲਈ ਚੁਣੌਤੀ ਦੇਣ ਵਾਲਾ ਦੱਸਿਆ ਗਿਆ ਹੈ। ਕਰੀਬ ਇਕ ਦਹਾਕੇ ’ਚ 40 ਹਜ਼ਾਰ ਲੋਕਾਂ ਦੀ ਜਾਨ ਲੈਣ ਵਾਲੇ ਦਹਿਸ਼ਤਵਾਦ ਨਾਲ ਨਿਪਟਣ ’ਚ ਪਾਕਿਸਤਾਨ ਪੂਰੀ ਤਰਾਂ ਨਾਕਾਮਯਾਬ ਰਿਹਾ ਹੈ । ਦਹਿਸ਼ਤਵਾਦ ਨਾਲ ਸਭ ਤੋਂ ਵਧ ਪ੍ਰਭਾਵਿਤ ਦੇਸ਼ ਪਾਕਿਸਤਾਨ ਮਨੁਖੀ ਅਧਿਕਾਰਾਂ ਅਤੇ ਖਾਸ ਕਰਕੇ ਘੱਟ-ਗਿਣਤੀਆਂ ਲਈ ਬੇਹਦ ਅਸੁਰੱਖਿਅਤ ਮੁਲਕ ਹੈ। ਆਪਣੇ  ਘਰੇਲੂ ਦਹਿਸ਼ਤਵਾਦ ਕਾਰਣ ਇਸ ਦੇਸ਼ ’ਚ ਅੱਜ ਹਫਰਾ-ਤਫਰੀ ਦਾ ਮਾਹੌਲ  ਬਣਿਆ ਹੋਇਆ ਹੈ ਤੇ ਆਪਣੇ ਵਲੋਂ ਲਗਾਏ ਫੰਦੇ ਵਿੱਚ ਪਾਕਿਸਤਾਨ ਖੁਦ ਹੀ ਜਕੜਿਆ ਜਾ ਚੁੱਕਾ ਹੈ। ਇਸ ਖਤਰੇ ਕਾਰਣ ਆਮ ਲੋਕਾਂ ਦਾ ਓਥੇ ਰਹਿਣਾ ਨਾ-ਮੁਮਕਿਨ ਬਣਦਾ ਜਾ ਰਿਹਾ ਹੈ ਅਤੇ ਇਹ ਕਹਿਣਾ ਕੋਈ ਅਥਕਥਨੀ ਨਹੀਂ ਹੋਵੇਗੀ ਕਿ ਨਵਾਜ਼ ਸਰਕਾਰ ਵੀ ਘਰੇਲੂ ਮੁਹਾਜ਼ ’ਚ ਬੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।
ਬਲਜੀਤ ਸਿੰਘ ਬਰਾੜ

Send this to a friend