ਝੋਨੇ ਦਾ ਸਰਕਾਰੀ ਖਰੀਦ ਮੁੱਲ ਹੁਣ 1750 ਰੁਪਏ
ਨਵੀਂ ਦਿਲੀ, 4 ਜੁਲਾਈ- ਫਸਲਾਂ ਦੇ ਸਮਰਥਨ ਮੁਲ ਵਧਣ ਦੀ ਉਡੀਕ ਕਰ ਰਹੇ ਕਿਸਾਨਾਂ ਨੂੰ ਕੇਂਦਰ ਸਰਕਾਰ ਨੇ ਵਡਾ ਤੋਹਫਾ ਦਿਤਾ ਹੈ। ਬੁਧਵਾਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਕੈਬਨਿਟ ਦੀ ਬੈਠਕ ‘ਚ ਫਸਲਾਂ ਦੇ ਘਟੋ-ਘਟ ਸਮਰਥਨ ਮੁਲ (ਐਮ. ਐਸ. ਪੀ.) ਵਧਾਉਣ ਦੇ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿਤੀ ਗਈ ਹੈ।ਕੇਂਦਰੀ ਬਜਟ ਸਮੇਂ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਵਾਅਦਾ ਕੀਤਾ ਸੀ। ਇਸ ਤਹਿਤ ਹੀ ਸਮਰਥਨ ਮੁੱਲਾਂ ਵਿੱਚ ਇਹ ਵਾਧਾ ਕੀਤਾ ਗਿਆ ਹੈ। ਸਰਕਾਰ ਨੇ ਝੋਨੇ ਦੇ ਐਮ. ਐਸ. ਪੀ. ‘ਚ 200 ਰੁਪਏ ਤਕ ਦਾ ਵਾਧਾ ਕੀਤਾ ਹੈ। 2017-18 ਦੇ ਸੀਜ਼ਨ ‘ਚ ਝੋਨੇ ਦਾ ਸਰਕਾਰੀ ਖਰੀਦ ਮੁਲ 1,550 ਰੁਪਏ ਸੀ, ਜੋ ਹੁਣ 200 ਰੁਪਏ ਵਧ ਕੇ ਯਾਨੀ 1,750 ਰੁਪਏ ਮਿਲੇਗਾ। ਗ੍ਰੇਡ ‘ਏ‘ ਝੋਨੇ ਦਾ ਐਮ. ਐਸ. ਪੀ. ਪਹਿਲਾਂ 1,590 ਰੁਪਏ ਸੀ, ਜੋ ਹੁਣ ਵਧ ਕੇ 1,770 ਰੁਪਏ ਹੋ ਗਿਆ ਹੈ। ਪਿਛਲੇ ਸਾਲ 3.8 ਕਰੋੜ ਟਨ ਝੋਨੇ ਦੀ ਖਰੀਦ ਹੋਈ ਸੀ। ਜ਼ਿਕਰਯੋਗ ਹੈ ਕਿ ਸਰਕਾਰ ਨੇ ਇਸ ਵਾਰ ਬਜਟ ‘ਚ ਕਿਸਾਨਾਂ ਨੂੰ ਉਨ੍ਹਾਂ ਦੀ ਸਾਉਣੀ ਫਸਲਾਂ ਦੀ ਲਾਗਤ ਦਾ 50 ਫੀਸਦੀ ਵਧ ਐਮ. ਐਸ. ਪੀ. ਦੇਣ ਦਾ ਵਾਅਦਾ ਕੀਤਾ ਸੀ।ਸਰਕਾਰ ਨੇ ਮੂੰਗ ਦਾਲ ਦਾ ਸਮਰਥਨ ਮੁਲ 5,575 ਰੁਪਏ ਤੋਂ ਵਧਾ ਕੇ 6,975 ਰੁਪਏ ਪ੍ਰਤੀ ਕੁਇੰਟਲ ਕਰ ਦਿਤਾ ਹੈ। ਉਥੇ ਹੀ ਮਾਂਹ ਦਾ ਐਮ. ਐਸ. ਪੀ. 2018-19 ਲਈ ਹੁਣ 5,600 ਰੁਪਏ ਹੋਵੇਗਾ ਜੋ ਪਹਿਲਾਂ 5,400 ਰੁਪਏ ਪ੍ਰਤੀ ਕੁਇੰਟਲ ਸੀ। ਇਸੇ ਤਰ੍ਹਾਂ ਅਰਹਰ ਦਾ ਸਰਕਾਰੀ ਦਾ ਖਰੀਦ ਮੁਲ 5,450 ਰੁਪਏ ਤੋਂ ਵਧਾ ਕੇ 5,675 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਬਾਜਰਾ ਦਾ ਐਮ. ਐਸ. ਪੀ. 1,425 ਰੁਪਏ ਤੋਂ ਵਧਾ ਕੇ 1,950 ਰੁਪਏ ਕੀਤਾ ਗਿਆ ਹੈ। ਜਵਾਰ (ਹਾਈਬ੍ਰਿਡ) ਦਾ ਐਮ. ਐਸ. ਪੀ. 1,700 ਰੁਪਏ ਤੋਂ ਵਧਾ ਕੇ 2,430 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਇਸ ਦੇ ਇਲਾਵਾ ਸੋਇਆਬੀਨ ਦਾ ਐਮ. ਐਸ. ਪੀ. ਹੁਣ 3,399 ਰੁਪਏ ਹੋਵੇਗਾ, ਜੋ ਪਹਿਲਾਂ 3,050 ਰੁਪਏ ਸੀ। ਮੂੰਗਫਲੀ ਦਾ ਐਮ. ਐਸ. ਪੀ. 4,890 ਰੁਪਏ ਪ੍ਰਤੀ ਕੁਇੰਟਲ ਕਰਨ ਨੂੰ ਹਰੀ ਝੰਡੀ ਦਿਤੀ ਗਈ ਹੈ। ਪਹਿਲਾਂ ਇਸ ਦਾ ਐਮ. ਐਸ. ਪੀ. 4,450 ਰੁਪਏ ਸੀ। ਮੋਦੀ ਸਰਕਾਰ ਨੇ ਸੂਰਜਮੁਖੀ ਬੀਜ ਦਾ ਸਮਰਥਨ ਮੁਲ ਵਧਾ ਕੇ 5,388 ਰੁਪਏ ਪ੍ਰਤੀ ਕੁਇੰਟਲ ਕੀਤਾ ਹੈ, ਜੋ ਪਹਿਲਾਂ 4,100 ਰੁਪਏ ਪ੍ਰਤੀ ਕੁਇੰਟਲ ਸੀ।



