ਪ੍ਰੋ: ਗੁਰਭਜਨ ਸਿੰਘ ਗਿੱਲ
ਕੋਈ ਵੀ ਦੇਸ਼ ਆਪਣੇ ਪਿੰਡਾਂ ਦੇ ਵਿਕਾਸ ਬਿਨਾ ਵਿਕਾਸ ਦਾ ਸੰਤੁਲਤ ਮਾਡਲ ਨਹੀਂ ਉਸਾਰ ਸਕਦਾ। ਇਕੱਲੇ ਸ਼ਹਿਰ-ਮੁਖੀ ਵਿਕਾਸ ਨਾਲ ਹੋਇਆ ਅਸਾਵਾਂ ਵਿਕਾਸ ਸਮਾਜਕ ਤਣਾਉ ਨੂੰ ਜਨਮ ਦੇਂਦਾ ਹੈ। ਦੇਸ਼ ਦੀ ਆਜ਼ਾਦੀ ਮਗਰੋਂ ਜਦ ਦੇਸ਼ ਨੇ ਆਤਮ ਨਿਰਭਰ ਹੋਣ ਦਾ ਸੁਪਨਾ ਲਿਆ ਤਾਂ ਪੇਂਡੂ ਵਿਕਾਸ ਲਈ ਖੇਤੀਬਾੜੀ ਵਿਕਾਸ ਨੂੰ ਸਭ ਤੋਂ ਮਹੱਤਵਪੂਰਨ ਮੰਨਦਿਆਂ ‘‘ਵਧੇਰੇ ਅੰਨ ਉਗਾਉੂ ਮੁਹਿੰਮ ਅਧੀਨ ਦੇਸ਼ ਵਿੱਚ ਖੇਤੀਬਾੜੀ ਯੂਨੀਵਰਸਿਟੀਆਂ ਸਥਾਪਤ ਕੀਤੀਆਂ ਗਈਆਂ। ਇਨ੍ਹਾਂ ਯੂਨੀਵਰਸਿਟੀਆਂ ਨੇ ਵੱਧ ਅਨਾਜ ਉਗਾਉਣ ਦੀਆਂ ਤਕਨੀਕਾਂ ਦੱਸਣ ਦੇ ਨਾਲ-ਨਾਲ ਪੇਂਡੂ ਵਿਕਾਸ ਲਈ ਵੀ ਯੋਗ ਮਾਹੌਲ ਉਸਾਰਿਆ। ਖੇਤੀਬਾੜੀ ਨਾਲ ਸਬੰਧਤ ਵਿਗਿਆਨਕ ਸੋਝੀ ਪਿੰਡਾਂ ਤੀਕ ਪਹੁੰਚਾਉਣ ਲਈ ਆਲ ਇੰਡੀਆ ਰੇਡੀਉ, ਅਖ਼ਬਾਰਾਂ ਅਤੇ ਹੋਰ ਸੰਚਾਰ ਵਿਧੀਆਂ ਨੇ ਵੱਡਾ ਯੋਗਦਾਨ ਪਾਇਆ। ਦੇਸ਼ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਵਿੱਚ ਸ੍ਰ. ਪ੍ਰਤਾਪ ਸਿੰਘ ਕੈਰੋਂ ਦੀ ਦੂਰ ਦ੍ਰਿਸ਼ਟੀ ਕਾਰਨ ਦੇਸ਼ ਅਨਾਜ ਸੁਰੱਖਿਆ ਪੱਖੋਂ ਛੇਵਾਂ ਦਹਾਕਾ ਮੁੱਕਣ ਤੋਂ ਪਹਿਲਾਂ ਹੀ ਆਤਮ-ਨਿਰਭਰ ਹੋ ਗਿਆ। ਜਿਥੇ ਦੇਸ਼ ਲਈ ਅਨਾਜ ਬਦੇਸ਼ੀ ਮੁਦਰਾ ਖ਼ਰਚ ਕੇ ਬਾਹਰੋਂ ਮੁੱਲ ਮੰਗਵਾਉਣਾ ਵੱਡੀ ਮੁਸੀਬਤ ਸੀ, ਉਥੇ ਵਧੇਰੇ ਅਨਾਜ ਉਤਪਾਦਨ ਨੂੰ ਭੰਡਾਰ ਕਰਨਾ ਸਾਡੇ ਮੁਲਕ ਲਈ ਚੁਣੌਤੀ ਬਣ ਗਈ। ਆਵਾਜਾਈ ਸਹੂਲਤਾਂ ਅਤੇ ਮੰਡੀਕਰਨ ਢਾਂਚਾ ਉਸਾਰਨਾ ਪਿਆ। ਪੇਂਡੂ ਭਰਾਵਾਂ ਤੇ ਭੈਣਾਂ ਦੀ ਸ਼ਹਿਰਾਂ ਵਿੱਚ ਆਉਣੀ-ਜਾਣੀ ਵਧਣ ਕਾਰਨ ਪਿੰਡਾਂ ਦੇ ਸੁਪਨੇ ਵੀ ਤਬਦੀਲ ਹੋਏ। ਭਾਵੇਂ ਖ਼ਰਚੇ ਵਧੇ ਪਰ ਜੀਵਨ ਮਿਆਰ ਸੁਧਰਿਆ। ਗਿਆਨ ਵਿਗਿਆਨ ਦੀ ਤਾਂਘ ਪ੍ਰਬਲ ਹੋਈ। ਇਹੀ ਤਾਂ ਵਿਕਾਸ ਦੀ ਨਿਸ਼ਾਨੀ ਹੈ।
ਪੰਜਾਬ ਵਿੱਚ ਗਿਆਨ-ਵਿਗਿਆਨ ਦੇ ਮੇਲੇ ਲਗਾਉਣ ਦੀ ਰੀਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ 1967 ’ਚ ਆਰੰਭੀ। ਖੇਤੀਬਾੜੀ ਮਹਿਕਮਾ ਵੀ ਵੱਖ-ਵੱਖ ਜ਼ਿਲ੍ਹਾ ਪੱਧਰੀ ਕਿਸਾਨ ਕੈਂਪ ਅਤੇ ਮੇਲੇ ਲਾਉਣ ਲੱਗਾ। ਇੱਕੀਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਪੰਜਾਬ ਵਿੱਚ ਸਿੱਖਿਆ ਦੇ ਕੁਝ ਉੱਚ ਮਿਆਰੀ ਅਦਾਰੇ ਕਾਇਮ ਹੋਣੇ ਸ਼ੁਰੂ ਹੋਏ ਜਿੰਨ੍ਹਾਂ ਵਿਚੋਂ ਪ੍ਰਾਈਵੇਟ ਯੂਨੀਵਰਸਿਟੀਆਂ ਪ੍ਰਮੁੱਖ ਹਨ। ਆਮ ਸਮਝ ਮੁਤਾਬਕ ਨਿੱਜੀ ਸੈਕਟਰ ਦੇ ਨਿੱਜੀ ਮੁਫ਼ਾਦ ਹੁੰਦੇ ਨੇ ਪਰ ਕੁਝ ਅਦਾਰਿਆਂ ਨੇ ਆਪਣੀ ਸਮਾਜਕ ਜ਼ੁੰਮੇਵਾਰੀ ਵੱਲ ਪਿੱਠ ਨਹੀਂ ਕੀਤੀ। ਉਨ੍ਹਾਂ ਦਾ ਹਰ ਕਦਮ ਹੀ ਪੰਜਾਬ ਦੇ ਪੇਂਡੂ ਭਾਈਚਾਰੇ ਨੂੰ ਵਿਕਾਸ ਮਾਰਗ ਤੇ ਤੋਰਨਾ ਹੁੰਦਾ ਹੈ। ਪੰਜਾਬ ਦੇ ਦੱਖਣੀ ਪੱਛਮੀ ਜ਼ਿਲ੍ਹਿਆਂ ਬਠਿੰਡਾ, ਮਾਨਸਾ, ਫ਼ਰੀਦਕੋਟ, ਬਰਨਾਲਾ, ਸੰਗਰੂਰ, ਫਾਜ਼ਿਲਕਾ, ਮੁਕਤਸਰ ਅਤੇ ਫਿਰੋਜ਼ਪੁਰ ਦੀਆਂ ਖੇਤੀਬਾੜੀ ਗਿਆਨ ਜ਼ਰੂਰਤਾਂ ਪੂਰੀਆਂ ਕਰਨ ਲਈ ਸਾਲ 2011 ਵਿੱਚ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਐਕਟ ਮੁਤਾਬਕ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੀ ਬਠਿੰਡਾ ਜ਼ਿਲ੍ਹੇ ’ਚ ਸਥਾਪਨਾ ਕੀਤੀ ਗਈ। ਏਥੇ ਯੂਨੀਵਰਸਿਟੀ ਸਥਾਪਤ ਕਰਨ ਦਾ ਮਨੋਰਥ ਜਿਥੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਕਥਨ ਦੀ ਪੂਰਤੀ ਕਰਨਾ ਸੀ ਕਿ ‘‘ਇਹ ਹੈ ਪ੍ਰਗਟ ਹਮਾਰੀ ਕਾਸ਼ੀੂ।
ਉਥੇ ਦੱਖਣੀ ਪੱਛਮੀ ਜ਼ਿਲ੍ਹਿਆਂ ਦੇ ਸਰਬਪੱਖੀ ਵਿਕਾਸ ਲਈ ਗਿਆਨ-ਵਿਗਿਆਨ ਦੇ ਅਦਾਰੇ ਖੋਲ੍ਹਣਾ ਸੀ। ਖੇਤੀਬਾੜੀ ਵਿਕਾਸ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਖੇਤੀਬਾੜੀ ਕਾਲਜ ਦੀ ਸਥਾਪਨਾ ਕੀਤੀ ਜਿਸ ਵਿੱਚ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਵਿਗਿਆਨੀਆਂ ਨੂੰ ਨਿਯੁਕਤ ਕੀਤਾ ਗਿਆ।ਸਭ ਤੋਂ ਪਹਿਲਾਂ ਤਾਂ ਯੂਨੀਵਰਸਿਟੀ ਦੀ ਵਾਗਡੋਰ ਹੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਿਗਿਆਨੀ ਡਾ. ਨਛੱਤਰ ਸਿੰਘ ਮੱਲ੍ਹੀ ਦੇ ਹਵਾਲੇ ਕੀਤੀ ਗਈ। ਡਾ. ਮੱਲ੍ਹੀ ਮੱਕੀ ਖੋਜ ਵਿੱਚ ਵਿਸ਼ਵ ਪ੍ਰਸਿੱਧ ਵਿਗਿਆਨੀ ਹਨ ਜੋ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਪਹਿਲਾਂ ਪਲਾਂਟ ਬਰੀਡਿੰਗ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਅਤੇ ਬਾਅਦ ’ਚ ਨਿਰਦੇਸ਼ਕ, ਪਸਾਰ ਸਿੱਖਿਆ ਰਹੇ। ਇਸ ਯੂਨੀਵਰਸਿਟੀ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੂਰਵ ਪ੍ਰੋਫ਼ੈਸਰ ਡਾ. ਅਜਮੇਰ ਸਿੰਘ ਸਿੱਧੂ (ਭੂਮੀ ਵਿਗਿਆਨੀ) ਡੀਨ ਵਜੋਂ ਸੇਵਾ ਨਿਭਾ ਰਹੇ ਹਨ। ਇਸੇ ਯੂਨੀਵਰਸਿਟੀ ਤੋਂ ਆਏ ਡਾ. ਸ਼ਾਮ ਸਿੰਘ ਢਿੱਲੋਂ ਡਾ. ਬਿੱਕਰ ਸਿੰਘ ਸਿੱਧੂ, ਡਾ. ਭਗਵੰਤ ਸਿੰਘ ਚਾਹਲ, ਡਾ. ਜਗਦੇਵ ਸਿੰਘ ਬਰਾੜ, ਡਾ. ਦਲਜੀਤ ਸਿੰਘ, ਡਾ. ਅਮਰਜੀਤ ਸ਼ਰਮਾ ਸਾਬਕਾ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਅਤੇ ਡਾ. ਡੀ. ਆਰ ਗੋਦਾਰਾ ਵਰਗੇ ਪ੍ਰਮੁੱਖ ਅਤੇ ਕੁਝ ਹੋਰ ਨੌਜਵਾਨ ਵਿਗਿਆਨੀ ਖੇਤੀਬਾੜੀ ਦੀ ਪੜ੍ਹਾਈ ਕਰਵਾ ਰਹੇ ਹਨ। ਯੂਨੀਵਰਸਿਟੀ ਵਿੱਚ ਬੀ. ਐੱਸ. ਸੀ ਖੇਤੀਬਾੜੀ (ਚਾਰ ਸਾਲਾ ਪ੍ਰੋਗਰਾਮ) ਬੀ.ਐੱਸ.ਸੀ ਖੇਤੀਬਾੜੀ (ਛੇ ਸਾਲਾ ਪ੍ਰੋਗਰਾਮ) ਦਸਵੀਂ ਤੋਂ ਬਾਅਦ ਕਰਾਇਆ ਜਾਂਦਾ ਹੈ। ਬਾਗਬਾਨੀ ਅਤੇ ਫ਼ਸਲ ਵਿਗਿਆਨ ਬਾਰੇ ਐੱਮ. ਐੱਸ. ਸੀ ਪੱਧਰ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਇਸ ਯੂਨੀਵਰਸਿਟੀ ਦਾ ਆਪਣਾ ਖੋਜ਼ ਤੇ ਅਧਿਐਨ ਤਜ਼ਰਬਾ ਫਾਰਮ ਤਾਂ ਹੈ ਹੀ, ਨਾਲੋ ਨਾਲ ਕੁਝ ਅਗਾਂਹਵਧੂ ਕਿਸਾਨਾਂ ਨਾਲ ਵੀ ਅਹਿਦਨਾਮੇ ਕੀਤੇ ਗਏ ਹਨ। ਕੌਮੀ ਪੱਧਰ ਤੇ ਸਨਮਾਨਤ ਕਿਸਾਨ ਸ੍ਰ. ਸੁਖਪਾਲ ਸਿੰਘ ਭੁੱਲਰ ਪਿੰਡ ਘੁੰਮਣ ਕਲਾਂ (ਮਾਨਸਾ) ਸ੍ਰ. ਗੁਰਚਰਨ ਸਿੰਘ ਮਾਨ (ਤੁੰਗਵਾਲੀ ਜ਼ਿਲ੍ਹਾ ਬਠਿੰਡਾ ਅਤੇ ਸ੍ਰ. ਸੁਖਦੀਪ ਸਿੰਘ ਚੱਠਾ (ਤਲਵੰਡੀ ਸਾਬੋ) ਪ੍ਰਮੁੱਖ ਹਨ। ਜਿੱਥੇ ਸ੍ਰ. ਭੁੱਲਰ ਉੱਘੇ ਬਾਗਬਾਨ ਹਨ, ਸ੍ਰ. ਮਾਨ ਮਧੂ-ਮੱਖੀ ਪਾਲਕ ਹਨ, ਉਥੇ ਸ੍ਰ. ਚੱਠਾ ਵਿਗਿਆਨਕ ਲੀਹਾਂ ਤੇ ਪਸ਼ੂ ਪਾਲਣ ਕਰਦੇ ਹਨ। ਯੂਨੀਵਰਸਿਟੀ ਦੇ ਵਿਦਿਆਰਥੀ ਇਨ੍ਹਾਂ ਦੇ ਫਾਰਮਾਂ ਤੇ ਜਾ ਕੇ ਖੋਜ-ਕਾਰਨ ਕਰਨਗੇ।ਇਨ੍ਹਾਂ ਤਿੰਨਾਂ ਕਿਸਾਨਾਂ ਨੂੰ ਖੇਤੀਬਾੜੀ ਮੇਲੇ ’ਚ ਸਨਮਾਨਿਤ ਕੀਤਾ ਜਾਵੇਗਾ।
ਖੇਤੀਬਾੜੀ, ਬਾਗਬਾਨੀ, ਪਸ਼ੂ-ਪਾਲਣ ਅਤੇ ਖੇਤੀ ਸਹਾਇਕ ਧੰਦਿਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਧਿਆਨ ’ਚ ਰੱਖਦੇ ਹੋਏ ਯੂਨੀਵਰਸਿਟੀ ਵੱਲੋਂ ਪਿਛਲੇ ਸਾਲ ਤੋਂ ਸਾਲਾਨਾ ਕਿਸਾਨ ਮੇਲੇ ਦਾ ਆਰੰਭ ਕੀਤਾ ਗਿਆ ਹੈ। ਇਸ ਮੇਲੇ ’ਚ ਜਿਥੇ ਵਿਗਿਆਨੀ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਦੱਸਦੇ ਹਨ ਉਥੇ ਆਪਣੇ ਵਿਦਿਆਰਥੀਆਂ ਨਾਲ ਵੀ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਵਾਉਂਦੇ ਹਨ।
ਇਸ ਸਾਲ ਸਾਉਣੀ ਦੀਆਂ ਫ਼ਸਲਾਂ, ਫ਼ਲਦਾਰ ਬੂਟਿਆਂ, ਪਸ਼ੂ-ਪਾਲਣ, ਸਮਾਜਿਕ ਕੁਰੀਤੀਆਂ ਤੇ ਹੋਰ ਵਹਿਬਤਾਂ ਦੇ ਖਿਲਾਫ਼ ਚੇਤਨਾ ਲਈ ਗਿਆਨ ਵਿਗਿਆਨ ਅਧਾਰਤ ਕਿਸਾਨ ਮੇਲਾ ‘‘ਗੁਰੂ ਕਾਸ਼ੀ ਗਿਆਨ-ਵਿਗਿਆਨ ਖੇਤੀਬਾੜੀ ਮੇਲਾੂ ਨਾਮ ਹੇਠ 3 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ’ਚ ਜਿਥੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ, ਭੂਮੀ ਸੁਰੱਖਿਆ ਵਿਭਾਗ, ਜੰਗਲਾਤ ਵਿਭਾਗ, ਪਸ਼ੂ ਪਾਲਣ ਵਿਭਾਗ ਪੰਜਾਬ ਦੇ ਵਿਗਿਆਨੀ ਅਤੇ ਪਸਾਰ ਮਾਹਿਰ ਸ਼ਾਮਲ ਹੋਣਗੇ, ਉਥੇ ਲੋਕ ਕਲਾ ਪ੍ਰਦਰਸ਼ਨੀ, ਖੇਤੀ ਉਦਯੋਗਿਕ ਨੁਮਾਇਸ਼, ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਪ੍ਰਦਰਸ਼ਨੀ ਸਟਾਲ, ਅਗਾਂਹਵਧੂ ਕਿਸਾਨਾਂ ਵੱਲੋਂ ਪੇਸ਼ਕਾਰੀ ਅਤੇ ਸਮਾਜਿਕ ਕੁਰੀਤੀਆਂ ਬਾਰੇ ਗੀਤ-ਸੰਗੀਤ ਅਤੇ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਬਠਿੰਡਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸਰਦਾਰਨੀ ਹਰਸਿਮਰਤ ਕੌਰ ਬਾਦਲ ਖੇਤੀਬਾੜੀ ਮੇਲੇ ਦਾ ਉਦਘਾਟਨ ਸਵੇਰੇ 11 ਵਜੇ ਕਰਨਗੇ। ਕਿਸਾਨ ਮੇਲੇ ਦਾ ਮਨੋਰਥ ‘‘ਰੁੱਖ ਤੇ ਕੁੱਖ ਸਲਾਮਤ ਰੱਖੋੂ ਰੱਖਿਆ ਗਿਆ ਹੈ। ਰੁੱਖ ਦੀ ਸਲਾਮਤੀ ਲਈ ਸ਼ੁੱਧ ਮਾਹੌਲ ਉਸਾਰਨ ਲਈ ਭੂਮੀ ਸੰਭਾਲ, ਵਾਤਾਵਰਣ ਸੰਭਾਲ, ਬਨਸਪਤੀ ਸੰਪਤੀ ਦੀ ਸੰਭਾਲ ਤੇ ਧਿਆਨ ਕੇਂਦਰਤ ਕਰਵਾਇਆ ਜਾਵੇਗਾ, ਜਦ ਕਿ ਕੁੱਖ ਦੀ ਸਲਾਮਤੀ ਲਈ ਧੀਆਂ-ਭੈਣਾਂ ਦਾ ਖੇਤੀ ਵਿਕਾਸ ’ਚ ਹਿੱਸਾ ਵਧਾਉਣ, ਔਰਤ ਸ਼ਕਤੀਕਰਨ ਅਤੇ ਭਰੂਣ-ਹੱਤਿਆ ਦੇ ਖਿਲਾਫ਼ ਚੇਤਨਾ ਰਾਹੀ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਧੀਆਂ ਪੁੱਤਰਾਂ ਵਿੱਚ ਅਨੁਪਾਤ ਵਿਗੜਨ ਨਾਲ ਕਿਹੜੀਆਂ- ਕਿਹੜੀਆਂ ਸਮੱਸਿਆਵਾਂ ਆਉਣਗੀਆਂ। ਇਹ ਵੀ ਦੱਸਿਆ ਜਾਵੇਗਾ ਕਿ ਕੁੱਖ ਦੀ ਸਲਾਮਤੀ ਦੇ ਨਾਲ ਆਪਣੇ ਪੁੱਤਰਾਂ ਨੂੰ ਨਸ਼ਾ ਮੁਕਤ ਕਿਵੇਂ ਰੱਖਣਾ ਹੈ। ਨਸ਼ਾ-ਮੁਕਤੀ ਤੋਂ ਬਗੈਰ ਪੰਜਾਬ ਨੇ ਪੰਜਾਬ ਨਹੀਂ ਰਹਿ ਸਕਣਾ। ਇਸ ਵਿੱਚ ਸਿਰਫ਼ ਵਿਦਿਅਕ ਅਦਾਰੇ ਹੀ ਨਹੀਂ, ਆਪੇ, ਧਾਰਮਿਕ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਅਤੇ ਸੰਚਾਰ ਮਾਧਿਅਮਾਂ ਨੂੰ ਵੀ ਅੱਗੇ ਆਉਣ ਲਈ ਪ੍ਰੇਰਿਆ ਜਾਵੇਗਾ। ਖੇਤੀਬਾੜੀ ਮੇਲੇ ਨੂੰ ਯੂਨੀਵਰਸਿਟੀ ਦੇ ਚਾਂਸਲਰ ਡਾ.ਜੇ. ਐੱਸ ਧਾਲੀਵਾਲ, ਚੇਅਰਮੈਨ ਸ੍ਰ: ਗੁਰਲਾਭ ਸਿੰਘ ਸਿੱਧੂ ਅਤੇ ਪ੍ਰਬੰਧਕ ਕਮੇਟੀ ਦੇ ਹੋਰ ਅਹੁਦੇਦਾਰ ਵੀ ਸੰਬੋਧਨ ਕਰਨਗੇ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲ੍ਹੀ ਵੀ ਕਿਸਾਨਾਂ ਨੂੰ ਸੰਬੋਧਨ ਕਰਨਗੇ।
ਇਸ ਨਾਲ ਪੂਰੇ ਦੇਸ਼ ਵਿੱਚ ਕਿਸਾਨ ਵਿਗਿਆਨੀ ਸੁਮੇਲ ਨਾਲ ਨਵੇਂ ਯੁਗ ਦੀ ਸ਼ੁਰੂਆਤ ਹੋਵੇਗੀ। ਅਕਾਸ਼ਵਾਣੀ ਬਠਿੰਡਾ ਵੱਲੋਂ ਕਿਸਾਨ-ਮੇਲੇ ਦਾ ਨਾਲੋ-ਨਾਲ ਪ੍ਰਸਾਰਨ ਕੀਤਾ ਜਾਵੇਗਾ। ਕਿਸਾਨ ਭਰਾਵਾਂ ਨੂੰ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਅਪੀਲ ਕੀਤੀ ਗਈ ਹੈ ਉਹ ਪਰਿਵਾਰ ਸਮੇਤ ਖੇਤੀਬਾੜੀ ਮੇਲੇ ’ਚ ਸ਼ਾਮਲ ਹੋਣ ਤਾਂ ਜੋ ਦੱਖਣੀ-ਪੱਛਮੀ ਜ਼ਿਲ੍ਹਿਆਂ ਦੇ ਖੇਤੀਬਾੜੀ ਅਤੇ ਪੇਂਡੂ ਵਿਕਾਸ ਨੂੰ ਪੱਕੇ ਪੈਰੀਂ ਕਰਨ ਲਈ ਗਿਆਨ-ਵਿਗਿਆਨ ਦਾ ਪੱਲਾ ਫੜਿਆ ਜਾ ਸਕੇ।
ਯੂਨੀਵਰਸਿਟੀ ਵੱਲੋਂ ਐਤਕੀਂ ਇਹ ਵੀ ਪ੍ਰਬੰਧ ਕੀਤਾ ਗਿਆ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵਿਕਸਤ ਨਵੀਆਂ ਕਿਸਮਾਂ ਦੇ ਬੀਜ ਵੀ ਵੇਚੇ ਜਾਣ। ਜੇਕਰ ਕੋਈ ਕਿਸਾਨ ਚੰਗੀ ਖੇਤੀ ਰਸਾਲਾ ਪੜ੍ਹਨਾ ਚਾਹੇਗਾ ਤਾਂ ਉਹ ਵੀ ਇਸ ਕਿਸਾਨ-ਮੇਲੇ ’ਚ ਆਪਣਾ ਚੰਦਾ ਜਮ੍ਹਾਂ ਕਰਵਾ ਸਕੇਗਾ। ਪੰਨਸੀਡ ਵੱਲੋਂ ਵੀ ਨਵੇਂ ਬੀਜਾਂ ਦੀ ਵਿਕਰੀ ਕੀਤੀ ਜਾਵੇਗੀ। ਪੰਨਸੀਡ ਦੇ ਚੇਅਰਮੈਨ ਸ੍ਰ: ਸੁਖਵਿੰਦਰ ਸਿੰਘ ਔਲਖ ਸਾਬਕਾ ਐੱਮ.ਐੱਲ.ਏ ਨੇ ਵਿਸ਼ੇਸ਼ ਦਿਲਚਸਪੀ ਲੈ ਕੇ ਪੰਨਸੀਡ ਨੂੰ ਪਹਿਲੀ ਵਾਰ ਮੇਲੇ ’ਚ ਸ਼ਾਮਲ ਹੋਣ ਦਾ ਪੁੰਨ ਕਾਰਜ ਕੀਤਾ ਹੈ।
ਖੇਤੀਬਾੜੀ ਮੇਲਾ ਗਿਆਨ-ਵਿਗਿਆਨ ਅਧਾਰਤ ਹੋਣ ਕਰਕੇ ਤੁਹਾਡੇ ਰੌਸ਼ਨ ਭਵਿੱਖ ਲਈ ਯਕੀਨੀ ਸਹਾਇਕ ਸਿੱਧ ਹੋਵੇਗਾ। ਇਸ ਲਈ ਲਾਜ਼ਮੀ ਆਇਓ!