600 ਜ਼ਿਲ੍ਹਿਆਂ ਦੇ ਕਿਸਾਨਾਂ ਨਾਲ ਕੀਤੀ ਸਿੱਧੀ ਗੱਲਬਾਤ
ਨਵੀਂ ਦਿੱਲੀ, 20 ਜੂਨ- ਉਜਵਲਾ ਤੇ ਮੁਦਰਾ ਯੋਜਨਾ ਦੇ ਲਾਭਪਾਤਰੀਆਂ ਦੇ ਬਾਅਦ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਕਿਸਾਨਾਂ ਨਾਲ ‘ਨਮੋ ਐਪ‘ ਦੇ ਜ਼ਰੀਏ ਸਿੱਧੀ ਵੀਡੀਓ ਗੱਲਬਾਤ ਕੀਤੀ। ਇਸ ਮੌਕੇ ’ਤੇ ਉਨ੍ਹਾਂ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਦੀ ਆਮਦਨ 2022 ਤੱਕ ਦੁਗਣੀ ਕਰਨ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਹੀ ਕੇਂਦਰ ਨੇ ਖੇਤੀ ਬਜਟ ਦੁਗਣਾ ਕਰਕੇ 2.12 ਲੱਖ ਕਰੋੜ ਰੁਪਏ ਵਧਾਇਆ ਹੈ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਦੇਸ਼ ਦੇ 600 ਜ਼ਿਲ੍ਹਿਆਂ ਦੇ ਕਿਸਾਨਾਂ ਨਾਲ ਚਰਚਾ ਕੀਤੀ। ਉਨ੍ਹਾਂ ਨੇ ਇਸ ਮੌਕੇ ’ਤੇ ਕਿਹਾ ਕਿ ਸਰਕਾਰ ਦਾ ਮਕਸਦ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਖੇਤੀ ਖਰਚੇ ਨੂੰ ਘਟਾਉਣਾ ਅਤੇ ਕਿਸਾਨਾਂ ਨੂੰ ਫਸਲਾਂ ਦਾ ਵਧੀਆ ਭਾਅ ਦੇਣਾ ਸ਼ਾਮਿਲ ਹੈ। ਸਰਕਾਰ ਫਸਲਾਂ ਦੀ ਬਰਬਾਦੀ ਨੂੰ ਵੀ ਰੋਕਣਾ ਚਾਹੁੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਦੇ ਪਹਿਲੇ 4 ਸਾਲਾਂ ’ਚ ਖੇਤੀ ਬਜਟ ਨੂੰ 2.12 ਲੱਖ ਰੁਪਏ ਕੀਤਾ ਗਿਆ ਜੋ ਕਿ ਯੂਪੀਏ ਦੀ ਸਰਕਾਰ ਨਾਲੋਂ ਦੁੱਗਣਾ ਹੈ। ਉਨ੍ਹਾਂ ਦੱਸਿਆ ਕਿ ਬਜਟ 2018-19 ਵਿੱਚ ਇਹ ਕਦਮ ਚੁੱਕਿਆ ਗਿਆ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਜਿਨਸ ਲਈ ਖਰਚੇ ਤੋਂ 150 ਫੀਸਦੀ ਵਧ ਭਾਅ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਇਸ ‘ਤੇ ਧਿਆਨ ਦੇ ਰਹੇ ਹਾਂ ਕਿ ਕਚੇ ਮਾਲ ਦੀ ਲਾਗਤ ਘਟ ਹੋਵੇ, ਕਿਸਾਨਾਂ ਨੂੰ ਪੈਦਾਵਾਰ ਦਾ ਸਹੀ ਮੁਲ ਮਿਲੇ ਤੇ ਫਸਲਾਂ ਦੀ ਪੈਦਾਵਾਰ ’ਚ ਨੁਕਸਾਨ ਨਾ ਹੋਵੇ।ਪ੍ਰਧਾਨ ਮੰਤਰੀ ਨੇ ਦਸਿਆ ਹੈ ਕਿ ਪਹਿਲਾਂ ਖਾਦ ਦੇ ਲਈ ਲੰਬੀਆਂ-ਲੰਬੀਆਂ ਕਤਾਰਾਂ ਹੁੰਦੀਆਂ ਸਨ, ਪਰ ਹੁਣ ਕਿਸਾਨਾਂ ਨੂੰ ਆਸਾਨੀ ਨਾਲ ਖਾਦ ਮਿਲ ਜਾਂਦੀ ਹੈ। ਅਜ ਕਿਸਾਨਾਂ ਦੇ ਲਈ 100% ਨਿੰਮ ਦੀ ਕੋਟਿੰਗ ਵਾਲਾ ਯੂਰੀਆ ਦੇਸ਼ਭਰ ‘ਚ ਉਪਲਭਧ ਹੈ। ਫਸਲ ਕਟਾਈ ਦੇ ਬਾਅਦ ਜਦ ਕਿਸਾਨ ਦਾ ਉਤਪਾਦ ਬਜ਼ਾਰ ‘ਚ ਪਹੁੰਚਦਾ ਹੈ ਤਾਂ ਉਸ ’ਚ ਉਸਨੂੰ ਆਪਣੀ ਉਪਜ ਦੀ ਸਹੀ ਕੀਮਤ ਮਿਲੇ, ਇਸਦੇ ਲਈ ਆਨਲਾਈਨ ਪਲੇਟਫਾਰਮ ‘ਈ-ਨਾਮ’ ਸ਼ੁਰੂ ਕੀਤਾ ਗਿਆ ਹੈ ਤਾਂ ਕਿ ਕਿਸਾਨਾਂ ਨੂੰ ਆਪਣੀ ਉਪਜ ਦਾ ਪੂਰਾ ਪੈਸਾ ਮਿਲ ਸਕੇ ਤੇ ਵਡੀ ਗਲ ਕਿ ਹੁਣ ਵਿਚੋਲੇ ਕਿਸਾਨਾਂ ਦਾ ਲਾਭ ਨਹੀਂ ਮਾਰ ਸਕਣਗੇ।ਸ੍ਰੀ ਮੋਦੀ ਨੇ ਕਿਹਾ ਕਿ ਅਜ ਦੇਸ਼ ‘ਚ ਨਾ ਸਿਰਫ ਅਨਾਜ ਬਲਕਿ ਫਲ, ਸਬਜ਼ੀਆਂ ਤੇ ਦੁਧ ਦਾ ਵੀ ਰਿਕਾਰਡ ਉਤਪਾਦ ਹੋ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸਾਲ 2017-18 ਦੌਰਾਨ 280 ਮੀਲੀਅਨ ਟਨ ਅਨਾਜ ਦੀ ਪੈਦਾਵਾਰ ਹੋਈ ਹੈ ਜੋ 2010 ਤੋਂ 2014 ਤੱਕ ਦੇ ਔਸਤ 250 ਮੀਲੀਅਨ ਟਨ ਤੋਂ ਕਿਤੇ ਵਧ ਹੈ।



