ਮਾਮਲਾ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਕਿਸਾਨਾਂ ਨੇ ਇੱਕ ਵਾਰ ਫਿਰ ਫੂਕਿਆ ਬਾਦਲ ਦਾ ਪੁਤਲਾ

image ਤਲਵੰਡੀ ਸਾਬੋ, 28 ਫਰਵਰੀ (ਰਣਜੀਤ ਸਿੰਘ ਰਾਜੂ)-ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਬਠਿੰਡਾ ਵਿਖੇ ਚਲਾਏ ਤਕੜੇ ਸੰਘਰਸ਼ ਤੋਂ ਬਾਦ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਤੇ ਮਜਦੂਰਾਂ ਨੂੰ ਮੁਆਵਜਾ ਦੇਣ ਦੀ ਮੰਗ ਮੰਨ ਲੈਣ ਉਪਰੰਤ 21 ਫਰਵਰੀ ਨੂੰ ਤਹਿਸੀਲਦਾਰ ਦਫਤਰਾਂ ਤੋਂ ਮੁਆਵਜਾ ਦੇਣ ਦੇ ਕੀਤੇ ਵਾਅਦੇ ਤੋਂ ਬਾਦ 21 ਫਰਵਰੀ ਨੂੰ ਸਥਾਨਕ ਤਹਿਸੀਲਦਾਰ ਵੱਲੋਂ ਮੁਆਵਜੇ ਦੀ ਰਾਸ਼ੀ ਦੇ ਚੈੱਕ ਦੇਣ ਵਿੱਚ ਕੀਤੀ ਆਨਾਕਾਨੀ ਤੋਂ ਬਾਦ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਸੰਘਰਸ਼ ਦੇ ਇੱਕ ਹਫਤਾ ਲੰਘ ਜਾਣ ਦੇ ਬਾਵਜੂਦ ਸਾਰੇ ਪੀੜਿਤਾਂ ਨੂੰ ਮੁਆਵਜਾ ਰਾਸ਼ੀ ਦੇ ਚੈੱਕ ਨਾਂ ਮਿਲ ਸਕਣ ਤੇ ਅਧਿਕਾਰੀਆਂ ਤੇ ਪੀੜਿਤਾਂ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰਨ

ਦੇ ਦੋਸ਼ ਲਾਉਦਿਆਂ ਕਿਸਾਨਾਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਫੂਕਿਆ।ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਤੇ ਮਜਦੂਰਾਂ ਦੀ ਮੁਆਵਜੇ ਦੀ ਮੰਗ ਮੰਨ ਲੈਣ ਤੋਂ ਬਾਦ 21 ਫਰਵਰੀ ਦਾ ਦਿਨ ਮੁਆਵਜੇ ਦੀ ਰਾਸ਼ੀ ਤਹਿਸੀਲਦਾਰ ਦਫਤਰਾਂ ਤੋਂ ਦੇਣ ਲਈ ਨਿਰਧਾਰਿਤ ਕੀਤਾ ਗਿਆ ਸੀ ਪ੍ਰੰਤੂ 21 ਫਰਵਰੀ ਨੂੰ ਤਲਵੰਡੀ ਸਾਬੋ ਦੇ ਤਤਕਾਲੀ ਤਹਿਸੀਲਦਾਰ ਅਵਤਾਰ ਸਿੰਘ ਮੱਕੜ ਵੱਲੋਂ ਚੈੱਕ ਦੇਣ ਵਿੱਚ ਅਸਮੱਰਥਾ ਪ੍ਰਗਟਾਉਣ ਤੋਂ ਬਾਦ ਕਿਸਾਨਾਂ ਨੇ ਤਹਿਸੀਲਦਾਰ ਦਫਤਰ ਦਾ ਘਿਰਾਉ ਸ਼੍ਰੁਰੂ ਕਰ ਦਿੱਤਾ ਸੀ ਤੇ ਸਾਰੇ ਪੀੜਿਤਾਂ ਨੂੰ ਚੈੱਕ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਸੀ।ਇੱਕ ਹਫਤੇ ਦੇ ਸੰਘਰਸ਼ ਦੌਰਾਨ ਕਿਸਾਨਾਂ ਨੇ ਜਿੱਥੇ ਭਾਜਪਾ ਦੇ ਪ੍ਰਧਾਨ ਮੰਤਰੀ ਪਦ ਦੇ ਦਾਅਵੇਦਾਰ ਆਗੂ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਉੱਥੇ ਪੰਜਾਬ ਦੇ ਮੁੱਖ ਮੰਤਰੀ ਦੇ ਪੁਤਲੇ ਫੂਕਦਿਆਂ ਘਰਾਂ ਤੇ ਕਾਲੀਆਂ ਝੰਡੀਆਂ ਲਾ ਕੇ ਰੋਸ ਪ੍ਰਦਰਸ਼ਨ ਕੀਤੇ ਸਨ।
ਅੱਜ ਸੰਘਰਸ਼ ਦੇ ਇੱਕ ਹਫਤਾ ਬੀਤ ਜਾਣ ਤੇ ਬਾਵਜੂਦ ਵੀ ਜਦੋਂ ਸਾਰੇ ਪੀੜਿਤਾਂ ਨੂੰ ਚੈੱਕ ਨਾਂ ਮਿਲੇ ਤਾਂ ਭਾਕਿਯੂ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂਆਂ ਦੀ ਅਗਵਾਈ ਵਿੱਚ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਤੇ ਮਜਦੂਰਾਂ ਦੇ ਪਰਿਵਾਰਾਂ ਵੱਲੋਂ ਕਚਹਿਰੀ ਕੰਪਲੈਕਸ ਤੋਂ ਲੈ ਕੇ ਨਿਸ਼ਾਨ ਏ ਖਾਲਸਾ ਚੌਂਕ ਅਤੇ ਦੁਬਾਰਾ ਕਚਹਿਰੀ ਕੰਪਲੈਕਸ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ।ਜਿੱਥੇ ਇੱਕ ਪਾਸੇ ਹਲਕੇ ਦੇ ਦੌਰੇ ਤੇ ਆਈ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਪੰਜਾਬ ਸਰਕਾਰ ਨੂੰ ਕਿਸਾਨ ਹਿਤੈਸ਼ੀ ਦੱਸਦਿਆਂ ਉਨ੍ਹਾਂ ਵੱਲੋਂ ਕਿਸਾਨਾਂ ਲਈ ਜਾਰੀ ਸਕੀਮਾਂ ਦਾ ਜਿਕਰ ਕਰ ਰਹੇ ਸਨ ਤਾਂ ਦੂਜੇ ਪਾਸੇ ਸ਼ਹਿਰ ਦੇ ਕਚਹਿਰੀ ਕੰਪਲੈਕਸ ਵਿੱਚ ਹੀ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੇ ਕਿਸਾਨਾਂ ਨਾਲ ਧੋਖਾ ਕਰਨ ਦੇ ਦੋਸ਼ ਲਾਉਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਸਾੜਿਆ ਜਾ ਰਿਹਾ ਸੀ। ਉੱਧਰ ਬੀਬਾ ਬਾਦਲ ਦੇ ਸ਼ਹਿਰ ਅੰਦਰ ਹੋਣ ਤੇ ਦੂਜੇ ਪਾਸੇ ਬਾਦਲ ਦਾ ਪੁਤਲਾ ਫੂਕਣ ਦੀ ਖਬਰ ਮਿਲਣ ਤੇ ਐੱਸ.ਐੱਚ.ਓ ਪ੍ਰਿਤਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਮੌਕੇ ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੁਝ ਪੀੜਿਤਾਂ ਨੂੰ ਚੈੱਕ ਦੇ ਦੇਣ ਅਤੇ ਬਾਕੀਆਂ ਨੂੰ ਸੋਮਵਾਰ ਤੱਕ ਚੈੱਕ ਦੇ ਦੇਣ ਦੇ ਵਿਸ਼ਵਾਸ ਮਗਰੋਂ ਵਕਤੀ ਤੌਰ ਤੇ ਰੋਸ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ ਪ੍ਰੰਤੂ ਕਿਸਾਨ ਆਗੂਆਂ ਮੋਹਣ ਸਿੰਘ ਚੱਠੇਵਾਲਾ,ਬਹੱਤਰ ਸਿੰਘ ਨੰਗਲਾ ਅਤੇ ਜੱਗਾ ੁਿਸੰਘ ਨੇ ਦੱਸਿਆ ਕਿ ਜਦੋਂ ਤੱਕ ਸਾਰੇ ਖੁਦਕੁਸ਼ੀ ਪੀੜਿਤ ਪਰਿਵਾਰਾਂ ਨੂੰ ਚੈੱਕ ਨਹੀ ਮਿਲ ਜਾਂਦੇ ਕਿਸਾਨ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

Send this to a friend