ਸਿੱਖਿਆ ਵਿਭਾਗ ਦੇ ਨਿਯਮਾਂ ਨੂੰ ਤਾਕ ’ਤੇ ਰੱਖ ਵਿਦਿਆਰਥੀਆਂ ਨੂੰ ਬੇਤਹਾਸ਼ਾ ਮੁੱਲ ਉੱਤੇ ਵੇਚੀਆਂ ਜਾ ਰਹੀਆਂ ਨੇ ਕਿਤਾਬਾਂ
ਮਾਛੀਵਾੜਾ ਸਾਹਿਬ, 28 ਫਰਵਰੀ (ਕਰਮਜੀਤ ਸਿੰਘ ਆਜ਼ਾਦ)-ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸੁਚੱਜੀ ਸਿੱਖਿਆ ਦੇ ਪਰਉਪਕਾਰ ਦਾ ਕੰਮ ਮੰਨਿਆਂ ਜਾਂਦਾ ਹੈ ਪਰ ਕੁਝ ਪ੍ਰਾਈਵੇਟ ਸਕੂਲ ਵਿੱਦਿਆ ਦੇ ਨਾਮ ਤੇ ਵਪਾਰ ਕਰ ਰਹੇ ਹਨ ਅਤੇ ਸਿੱਖਿਆ ਵਿਭਾਗ ਦੇ ਨਿਯਮਾਂ ਨੂੰ ਤਾਕ ਤੇ ਰੱਖ ਆਪਣੇ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਬੇਤਹਾਸ਼ਾ ਰੇਟ ਤੇ ਕਿਤਾਬਾਂ ਅਤੇ ਕਾਪੀਆਂ ਵੇਚ ਕੇ ਉਹਨਾਂ ਦੇ ਮਾਪਿਆ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਸਮਾਜ ਸੇਵੀ ਕਾਰਜਾਂ ਵਿੱਚ ਜੁਟੀ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਆਗੂਆਂ ਨੇ ਅੱਜ ਇਲਾਕੇ ਦੇ ਅਜਿਹੇ ਪ੍ਰਾਈਵੇਟ ਸਕੂਲ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਦੀ ਜੇਬ ਤੇ ਡਾਕਾ ਮਾਰ ਕੇ ਉਹਨਾਂ ਦੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਵੇਚ ਕੇ ਮੰਨ ਮਰਜ਼ੀ ਦੇ ਰੇਟ ਵਸੂਲਣ ਦਾ ਮੁੱਦਾ ਸਾਹਮਣੇ ਲਿਆਂਦਾ।
ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਆਗੂਆਂ ਵੱਲੋਂ ਪੱਤਰਕਾਰਾਂ ਨੂੰ ਨਾਲ ਲੈ ਕੇ ਸਥਾਨਕ ਕੋਹਾੜਾ ਰੋਡ ਤੇ ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ ਵਿੱਚ ਜਾ ਕੇ ਦੇਖਿਆ ਗਿਆ ਤਾਂ ਅੱਜ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦੀ ਭਾਰੀ ਭੀੜ ਲੱਗੀ ਹੋਈ ਸੀ ਕਿਉਂਕਿ ਵੱਖ ਵੱਖ ਕਲਾਸਾਂ ਦੀਆਂ ਸਟਾਲਾਂ ਲਗਾ ਕੇ ਨਵੇਂ ਸ਼ੈਸ਼ਨ ਦੀਆਂ ਕਿਤਾਬਾਂ ਕਾਪੀਆਂ ਵੇਚੀਆਂ ਜਾ ਰਹੀਆਂ ਸਨ। ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਆਗੂਆਂ ਨੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਨੋਟਿਸ ਬਾਰੇ ਵੀ ਦੱਸਿਆ ਕਿ ਇਸ ਵਿੱਚ ਸਪੱਸ਼ਟ ਤੌਰ ਤੇ ਲਿਖਿਆ ਗਿਆ ਹੈ ਕਿ ਕੋਈ ਵੀ ਪ੍ਰਾਈਵੇਟ ਸਕੂਲ ਆਪਣੇ ਕੈਂਪਸ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕਮਰਸ਼ੀਅਲ ਗਤੀਵਿਧੀ ਨਹੀ ਕਰੇਗਾ ਅਤੇ ਨਾ ਹੀ ਕਿਤਾਬਾਂ, ਬੂਟ ਅਤੇ ਵਰਦੀਆਂ ਵੰਡਣ ਦੀਆਂ ਸਟਾਲਾਂ ਤੇ ਦੁਕਾਨਾਂ ਲਗਾਈਆਂ ਜਾਣਗੀਆਂ ਪਰ ਸਕੂਲ ਦੇ ਪ੍ਰਬੰਧਕ ਸਿੱਖਿਆ ਵਿਭਾਗ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸ਼ੇਰੇਆਮ ਅੱਜ ਨਰਸਰੀ ਤੋਂ ਲੈ ਕੇ ਦਸਵੀਂ ਤੱਕ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਕਾਪੀਆਂ ਵੇਚ ਰਹੇ ਸਨ। ਜਦੋਂ ਮੌਕੇ ਤੇ ਜਾ ਕੇ ਜਾਣਕਾਰੀ ਇਕੱਤਰ ਕੀਤੀ ਗਈ ਤਾਂ ਸਕੂਲ ਦੇ ਪ੍ਰਬੰਧਕ ਇਨ੍ਹਾਂ ਕਲਾਸਾਂ ਲਈ ਕਿਤਾਬਾਂ ਅਤੇ ਕਾਪੀਆਂ ਦੇ ਬਦਲੇ 3 ਹਜ਼ਾਰ ਰੁਪਏ ਤੋਂ ਲੈ ਕੇ 5 ਹਜ਼ਾਰ ਤੱਕ ਮਾਪਿਆਂ ਤੋਂ ਵਸੂਲ ਰਹੇ ਸਨ। ਜਦਕਿ ਕਿਤਾਬਾਂ ਅਤੇ ਕਾਪੀਆਂ ਤੋਂ ਲੈ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੀ ਕੀਮਤ ਵਸੂਲੀ ਜਾ ਰਹੀ ਰਕਮ ਤੋਂ ਵੀ ਅੱਧ ਤੋਂ ਘੱਟ ਹੋਵੇਗੀ। ਸਕੂਲ ਵਿੱਚ ਕਾਪੀਆਂ ਕਿਤਾਬਾਂ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਉਹ ਤਾਂ ਹਮੇਸ਼ਾ ਹੀ ਨਵੇਂ ਸੈਸ਼ਨ ਦੌਰਾਨ ਕਿਤਾਬਾਂ ਅਤੇ ਕਾਪੀਆਂ ਸਕੂਲ ਤੋਂ ਹੀ ਲੈਂਦੇ ਹਨ। ਹੋਰ ਤਾਂ ਹੋਰ ਸਕੂਲ ਦੀ ਵਰਦੀ ਦਾ ਡਿਜਾਇਨ ਵਿੱਚ ਵੀ ਹਰੇਕ ਸਾਲ ਰੱਦੋ ਬਦਲ ਕਰ ਦਿੱਤੀ ਜਾਂਦੀ ਹੈ ਤਾਂ ਜੋ ਮਜ਼ਬੂਰਨ ਉਹਨਾਂ ਨੂੰ ਵਰਦੀ ਵੀ ਸਕੂਲ ਵਿੱਚੋਂ ਹੀ ਖਰੀਦਣੀ ਪਵੇ। ਮੌਕੇ ਤੇ ਮੌਜੂਦ ਮਾਪਿਆਂ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ਵਿੱਚ ਦੱਸਿਆ ਕਿ ਸਕੂਲਾਂ ਵਿੱਚ ਕਿਤਾਬਾਂ ਕਾਪੀਆਂ ਖਰੀਦਣ ਦੇ ਨਾਮ ਤੇ ਹੁੰਦੀ ਤਾਂ ਸ਼ਰੇਆਮ ਲੁੱਟ ਹੈ ਕਿਉਂਕਿ ਸਕੂਲ ਦੇ ਪ੍ਰਬੰਧਕ ਕਦੇ ਵੀ ਨਹੀ ਦੱਸਦੇ ਕਿ ਬਾਹਰੋਂ ਕਿਤਾਬਾਂ ਕਾਪੀਆਂ ਕਿੱਥੋ ਮਿਲ ਸਕਦੀਆਂ ਹਨ। ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ, ਹਰਿੰਦਰ ਸਿੰਘ, ਹਰਮਿੰਦਰ ਸਿੰਘ ਗਿੱਲ, ਮਾਸਟਰ ਬਖਸ਼ੀ ਰਾਮ, ਸਤਪਾਲ ਭੰਗੂ, ਜਗਮੋਹਣ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਸਕੂਲ ਵਿੱਚ ਕਿਤਾਬਾਂ ਕਾਪੀਆਂ ਵੇਚਣ ਦੇ ਨਾਮ ਤੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦੀ ਹੋ ਰਹੀ ਲੁੱਟ ਅਤੇ ਸਿੱਖਿਆ ਵਿਭਾਗ ਦੇ ਅਦੇਸ਼ਾਂ ਦੀ ਉ¦ਘਣਾ ਸਬੰਧੀ ਇੱਕ ਸ਼ਿਕਾਇਤ ਮਾਛੀਵਾੜਾ ਬਲਾਕ ਸਿੱਖਿਆ ਦਫ਼ਤਰ ਵਿਖੇ ਦੇ ਦਿੱਤੀ ਗਈ ਹੈ ਤੇ ਹੁਣ ਸਕੂਲ ਦੇ ਪ੍ਰਬੰਧਕਾਂ ਖਿਲਾਫ ਕਾਰਵਾਈ ਕਰਨੀ ਵਿਭਾਗ ਦੀ ਜਿੰਮੇਵਾਰੀ ਬਣਦੀ ਹੈ ਕਿਉਂਕਿ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਨੇ ਆਪਣੀ ਜਿੰਮੇਵਾਰੀ ਸਮਝਦੇ ਹੋਏ ਇਸ ਲੁੱਟ ਨੂੰ ਰੋਕਣ ਦਾ ਮੁੱਦਾ ਸਰਕਾਰ ਅਤੇ ਪ੍ਰਸ਼ਾਸ਼ਨ ਅੱਗੇ ਉਠਾ ਦਿੱਤਾ ਹੈ। ਇਨ੍ਹਾਂ ਆਗੂਆਂ ਨੇ ਇਹ ਵੀ ਦੱਸਿਆ ਕਿ ਪ੍ਰਾਈਵੇਟ ਸਕੂਲ ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਅਤੇ ਇਨ੍ਹਾਂ ਦੇ ਮਾਪਿਆਂ ਦੀ ਲੁੱਟ ਕੇਵਲ ਕਾਪੀਆਂ, ਕਿਤਾਬਾਂ ਤੱਕ ਹੀ ਸੀਮਤ ਨਹੀ ਬਲਕਿ ਨਵੇਂ ਸ਼ੈਸ਼ਨ ਦੌਰਾਨ ਸਲਾਨਾਂ ਪੜ੍ਹਾਈ ਫੀਸ ਤੋਂ ਇਲਾਵਾ ਹੋਰ ਪੜ੍ਹਾਈ ਖਰਚੇ ਜੋੜ ਕੇ ਪ੍ਰਤੀ ਵਿਦਿਆਰਥੀ ਤੋਂ ਸਲਾਨਾ ਵਾਧੂ ਵਸੂਲੇ ਜਾ ਰਹੇ ਹਨ ਜਦਕਿ ਸਿੱਖਿਆ ਵਿਭਾਗ ਵੱਲੋਂ ਸਖ਼ਤੀ ਨਾਲ ਇਹ ਨਿਰਦੇਸ਼ ਹਨ ਕਿ ਕੋਈ ਵੀ ਪ੍ਰਾਈਵੇਟ ਸਕੂਲ ਪੜ੍ਹਾਈ ਫੀਸ ਤੋਂ ਇਲਾਵਾ ਹੋਰ ਵਾਧੂ ਪੈਸੇ ਚਾਰਜ ਨਹੀਂ ਕਰੇਗਾ।
ਕੀ ਕਹਿਣਾ ਹੈ ਸਿੱਖਿਆ ਵਿਭਾਗ ਦਾ
ਭ੍ਰਿਸ਼ਟਾਚਾਰ ਵਿਰੋਧੀ ਫਰੰਟ ਵੱਲੋਂ ਬਲਾਕ ਸਿੱਖਿਆ ਅਫਸਰ ਨੂੰ ਦਿੱਤੀ ਗਈ ਸ਼ਿਕਾਇਤ ’ਤੇ ਬੀ.ਪੀ.ਈ.ਓ .ਅਮਰਜੀਤ ਸਿੰਘ ਸੋਹੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਲਿਖਤੀ ਰੂਪ ਵਿਚ ਸਿੱਖਿਆ ਵਿਭਾਗ ਦੇ ਆਦੇਸ਼ਾਂ ਸਬੰਧੀ ਜਾਣਕਾਰੀ ਦਿੱਤੀ ਸੀ ਕਿ ਕੋਈ ਵੀ ਸਕੂਲ ਆਪਣੇ ਕੈਂਪਸ ਅੰਦਰ ਕਿਤਾਬਾਂ ਕਾਪੀਆਂ ਜਾਂ ਹੋਰ ਸਮਾਨ ਨਹੀਂ ਵੇਚੇਗਾ ਪਰ ਜੇਕਰ ਸਿਕਾਇਤ ਅਨੁਸਾਰ ਸਥਾਨਕ ਸੈਕਰਡ ਹਾਰਟ ਸਕੂਲ ਵਿਚ ਸਕੂਲ ਦੇ ਪ੍ਰਬੰਧਕਾਂ ਵੱਲੋਂ ਨਿਯਮਾਂ ਦੀ ਉ¦ਘਣੀ ਕੀਤੀ ਗਈ ਹੈ ਤਾਂ ਉਨ੍ਹਾਂ ਨੂੰ ਨੋਟਿਸ ਭੇਜਿਆ ਜਾਵੇਗਾ ਤੇ 24 ਘੰਟੇ ਵਿੱਚ ਇਸਦਾ ਜਵਾਬ ਮੰਗਿਆ ਜਾਵੇਗਾ।