ਤਲਵੰਡੀ ਸਾਬੋ, 11 ਜੂਨ (ਰਾਮ ਰੇਸ਼ਮ ਸ਼ਰਨ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਅੰਦਰ ਮੈਡੀਕਲ ਸਟੋਰਾਂ ਵਾਲਿਆਂ ਵੱਲੋਂ ਵੇਚੇ ਜਾ ਰਹੇ ਬੇਤਾਹਾਸ਼ਾ ਨਸ਼ੇ ਦੇ ਬਾਵਜੂਦ ਅੱਖਾਂ ਮੀਚ ਕੇ ਸੁੱਤੇ ਪਏ ਪ੍ਰਸ਼ਾਸਨ ਦੀ ਅੱਜ ਅਚਾਨਕ ਜਾਗ ਖੁੱਲ ਗਈ ਤੇ ਤੰਦਰੁਸਤ ਪੰਜਾਬ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਅਤੇ ਸਥਾਨਕ ਪ੍ਰਸਾਸ਼ਨ ਵੱਲੋਂ ਨਗਰ ਅੰਦਰ ਮੈਡੀਕਲ ਸਟੋਰਾਂ ਤੇ ਵਿਕ ਰਹੇ ਨਸ਼ਿਆਂ ਨੂੰ ਬੰਦ ਕਰਨ ਲਈ ਇੱਕ ਮੈਡੀਕਲ ਸਟੋਰ ’ਤੇ ਛਾਪੇਮਾਰੀ ਕੀਤੀ ਗਈ ਹੈ। ਛਾਪੇਮਾਰੀ ਦੌਰਾਨ ਬਿੰਨਾ ਬਿੱਲ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ, ਭਾਂਵੇ ਕਿ ਮੈਡੀਕਲ ਸਟੋਰ ਸੰਚਾਲਕ ਮੈਡੀਕਲ ਸਟੋਰ ਛੱਡ ਕੇ ਭੱਜ ਗਿਆ ਪਰ ਪ੍ਰਸਾਸ਼ਨ ਵੱਲੋਂ ਮੈਡੀਕਲ ਸਟੋਰ ਨੂੰ ਸੀਲ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਤੰਦਰੁਸਤ ਪੰਜਾਬ ਪ੍ਰੋਗਰਾਮ ਤਹਿਤ ਅੱਜ ਤਲਵੰਡੀ ਸਾਬੋ ਦੇ ਰਾਮਾਂ ਰੋੜ ਤੇ ਸਥਿਤ ਸ਼ਰਮਾਂ ਮੈਡੀਕਲ ਹਾਲ ਤੇ ਦੁਪਿਹਰ ਮੌਕੇ ਵਰਿੰਦਰ ਸਿੰਘ ਐਸ.ਡੀ.ਐਮ ਤਲਵੰਡੀ ਸਾਬੋ,ਸੀਸਨ ਮਿੱਤਲ ਡਰੱਗ ਇੰਸਪੈਕਟਰ ਬਠਿੰਡਾ,ਰਮਨਦੀਪ ਗੁਪਤਾ ਡਰੱਗ ਇੰਸਪੈਕਟਰ ਸ੍ਰੀ ਮੁਕਤਸਰ ਸਾਹਿਬ,ਜਗਦੀਸ਼ ਕੁਮਾਰ ਥਾਣਾ ਮੁੱਖੀ ਤਲਵੰਡੀ ਸਾਬੋ ਵੱਲੋਂ ਅਚਾਨਕ ਛਾਪੇਮਾਰੀ ਕੀਤੀ ਗਈ,ਛਾਪੇਮਾਰੀ ਤੋਂ ਪਹਿਲਾਂ ਹੀ ਮੈਡੀਕਲ ਸਟੋਰ ਦਾ ਸੰਚਾਲਕ ਰਜਿੰਦਰ ਕੁਮਾਰ ਸ਼ਰਮਾਂ ਮੌਕੇ ਤੋਂ ਫਰਾਰ ਹੋ ਗਿਆ। ਡਰੱਗ ਇੰਸਪੈਕਟਰ ਰਮਨਦੀਪ ਗੁਪਤਾ ਨੇ ਦੱਸਿਆ ਕਿ ਦੁਕਾਨ ਦੀ ਚੈਕਿੰਗ ਕੀਤੇ ਜਾਣ ਤੇ ਦੁਕਾਨ ਵਿੱਚ 6 ਤਰ੍ਹਾਂ ਦੀਆਂ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਨਸ਼ੀਲੀਆਂ ਗੋਲੀਆਂ ਵੱਡੀ ਮਾਤਰਾ ਵਿੱਚ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਮੈਡੀਕਲ ਦਾ ਲਾਇੰਸੈਸ ਕੈਂਸਲ ਕਰਨ ਅਤੇ ਬਣਦੀ ਕਰਵਾਈ ਕਰਨ ਲਈ ਵਿਭਾਗ ਨੂੰ ਲਿਖਿਆ ਜਾ ਰਿਹਾ ਹੈ।ਵਿਭਾਗ ਨੇ ਗੋਲੀਆਂ ਨੂੰ ਸੀਲ ਕਰਕੇ ਆਪਣੇ ਕਬਜੇ ਵਿੱਚ ਲੈ ਲਿਆ ਜਦੋਂ ਕਿ ਮੈਡੀਕਲ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।ਨਗਰ ਦੇ ਲੋਕਾਂ ਵੱਲੋਂ ਨਸ਼ੇ ਵੇਚਣ ਵਾਲੇ ਮੈਡੀਕਲਾਂ ਖਿਲਾਫ ਕਾਰਵਾਈ ਨੂੰ ਪ੍ਰਸ਼ਾਸਨ ਦੀ ਦੇਰ ਆਏ ਦਰੁਸਤ ਆਏ ਕਾਰਵਾਈ ਕਰਾਰ ਦਿੰਦਿਆਂ ਇਤਿਹਾਸਿਕ ਨਗਰ ਅੰਦਰੋਂ ਮੈਡੀਕਲ ਨਸ਼ਿਆਂ ਦੀ ਵੱਡੇ ਪੱਧਰ ਤੇ ਹੋ ਰਹੀ ਵਿਕਰੀ ਨੂੰ ਤੁਰੰਤ ਬੰਦ ਕਰਵਾ ਕੇ ਨਸ਼ੇ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।