May 30, 2026 1:39 am

590.97 ਕਰੋੜ ਦੀ ਲਾਗਤ ਨਾਲ ਸੂਬੇ ਦੀਆਂ 30 ਥਾਵਾਂ ਬਣਨਗੀਆਂ ਸੈਲਾਨੀਆਂ ਲਈ ਖਿੱਚ ਦਾ ਕੇਂਦਰ : ਸ. ਨਵਜੋਤ ਸਿੰਘ ਸਿੱਧੂ

ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਵੱਲੋਂ ਸੈਲਾਨੀ ਥਾਵਾਂ ਦੀ ਕਾਇਆ-ਕਲਪ ਲਈ ਉਚ ਅਧਿਕਾਰੀਆਂ ਨਾਲ ਬੈਠਕ

ਚੰਡੀਗੜ੍ਹ, 11 ਜੂਨ- ਸੈਰ ਸਪਾਟਾ ਵਿਭਾਗ ਨੂੰ ਪੈਰਾਂ ’ਤੇ ਖੜ੍ਹਾ ਕਰਨ ਅਤੇ ਸੂਬੇ ਵਿਚਲੀਆਂ ਅਹਿਮ ਥਾਵਾਂ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਿਤ ਕਰਨ ਲਈ ਪੰਜਾਬ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਸਬੰਧਤ ਧਿਰਾਂ ਨਾਲ ਮੀਟਿੰਗ ਕਰਕੇ ਵਿਆਪਕ ਤੇ ਕਾਰਗਰ ਖਾਕਾ ਉਲੀਕਿਆ। ਮੀਟਿੰਗ ਦੇ ਵੇਰਵੇ ਜਾਰੀ ਕਰਦਿਆਂ ਸ. ਸਿੱਧੂ ਨੇ ਦੱਸਿਆ ਕਿ ਸੂਬੇ ਵਿੱਚ ਸਥਿਤ ਵੱਖ-ਵੱਖ 30 ਥਾਵਾਂ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਲਈ 590.97 ਕਰੋੜ ਰੁਪਏ ਮੁਕੰਮਲ ਕਾਇਆ ਕਲਪ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਾਰੀਆਂ ਥਾਵਾਂ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਲਈ ਵੱਖ-ਵੱਖ ਸਕੀਮਾਂ ਅਧੀਨ ਪ੍ਰਾਜੈਕਟ ਉਲੀਕੇ ਗਏ ਹਨ ਅਤੇ ਇਨ੍ਹਾਂ ਦੀ ਕਾਇਆ ਕਲਪ ਕਰਨ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸੈਲਾਨੀ ਕੇਂਦਰਾਂ ਦਾ ਧੁਰਾ ਹੋਵੇਗਾ ਜਿੱਥੇ ਇਨ੍ਹਾਂ 30 ਥਾਵਾਂ ਵਿੱਚੋਂ 11 ਥਾਵਾਂ ਅੰਮ੍ਰਿਤਸਰ ਦੇ ਆਸ-ਪਾਸ ਹਨ। ਉਨ੍ਹਾਂ ਕਿਹਾ ਕਿ ਸਾਰੇ ਪ੍ਰਾਜੈਕਟ ਇੱਕ ਸਾਲ ਦੇ ਅੰਦਰ ਮੁਕੰਮਲ ਹੋਣਗੇ ਜਿਸ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਹਨ। ਇਨ੍ਹਾਂ ਥਾਵਾਂ ’ਤੇ ਸੈਲਾਨੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਲੈਂਡ ਸਕੇਪ, ਰੈਸਟੋਰੈਂਟ ਅਤੇ ਮੁੱਢਲੀਆਂ ਸਹੂਲਤਾ ਜਿਵੇਂ ਕਿ ਪਾਰਕਿੰਗ, ਪਾਖਾਨੇ ਆਦਿ ਦਾ ਵਿਸ਼ੇਸ਼ ਧਿਆਨ ਰੱ੍ਯਖਿਆ ਜਾਵੇਗਾ। ਸ. ਸਿੱਧੂ ਨੇ ਖਰਚ ਕੀਤੇ ਜਾਣ ਵਾਲੇ ਫੰਡਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ 590.97 ਕਰੋੜ ਵਿੱਚੋਂ 344 ਕਰੋੜ ਰੁਪਏ ਏਸ਼ੀਅਨ ਡਿਵੈਲਪਮੈਂਟ ਬੈਂਕ ਤੋਂ ਕਰਜ਼ੇ ਰਾਹੀਂ ਲਏ ਜਾ ਰਹੇ ਹਨ ਜਿਸ ਦੀ ਪ੍ਰਵਾਨਗੀ ਮਿਲ ਗਈ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਦੀ ਸਵਦੇਸ਼ ਦਰਸ਼ਨ ਸਕੀਮ ਰਾਹੀਂ ਧਾਰਮਿਕ ਤੇ ਇਤਿਹਾਸਕ ਸ਼ਹਿਰਾਂ ਦੇ ਵਿਕਾਸ ਲਈ 96.97 ਕਰੋੜ ਰੁਪਏ ਦੀ ਪ੍ਰਵਾਨਗੀ ਮਿਲ ਗਈ ਹੈ ਜਿਸ ਨੂੰ ਜਾਰੀ ਕਰਨ ਦਾ ਕੰਮ ਆਖਰੀ ਪੜ੍ਹਾਅ ’ਤੇ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਸ਼ਹਿਰ ਲਈ ਪ੍ਰਸਾਦ ਸਕੀਮ ਤਹਿਤ 50 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਥਿਤ ਮੁਗਲ ਕਾਲ ਨਾਲ ਸਬੰਧਤ ਇਤਿਹਾਸਕ ਸੈਲਾਨੀ ਥਾਵਾਂ ਨੂੰ ਵਿਕਸਤ ਕਰਨ ਲਈ 100 ਕਰੋੜ ਰੁਪਏ ਦਾ ਪ੍ਰਾਜੈਕਟ ‘ਮੁਗਲ ਸਰਕਟ’ ਅਧੀਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਪ੍ਰਾਜੈਕਟਾਂ ਦੀ ਕੁੱਲ ਲਾਗਤ 590.97 ਕਰੋੜ ਰੁਪਏ ਹੈ ਅਤੇ ਇਨ੍ਹਾਂ ਦੇ ਮੁਕੰਮਲ ਹੋਣ ਤੋਂ ਬਾਅਦ ‘ਮਹਾਰਾਜਾ ਸਰਕਟ’ ਅਧੀਨ ਪੰਜਾਬ ਦੇ ਰਿਆਸਤੀ ਸ਼ਹਿਰਾਂ ਲਈ 100 ਕਰੋੜ ਰੁਪਏ ਦੀ ਹੋਰ ਪ੍ਰਾਜੈਕਟ ਰਿਪੋਰਟ ਬਣਾ ਕੇ ਭਾਰਤ ਸਰਕਾਰ ਨੂੰ ਭੇਜੀ ਜਾਵੇਗੀ। ਸ. ਸਿੱਧੂ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਸਾਰੀਆਂ ਥਾਵਾਂ ਦਾ ਟੂਰ ਪ੍ਰੋਗਰਾਮ ਉਲੀਕਣ ਜਿਸ ਵਿੱਚ ਉਹ ਖੁਦ ਸਾਰੇ ਅਧਿਕਾਰੀਆਂ ਅਤੇ ਸਬੰਧਤ ਕੰਸਲਟੈਂਟ ਧਿਰਾਂ ਨਾਲ ਮਿਲ ਕੇ ਦੌਰਾ ਕਰਨਗੇ। ਪਹਿਲੇ ਪੜਾਅ ਵਿੱਚ 15 ਜੂਨ ਤੋਂ ਅੰਮ੍ਰਿਤਸਰ, ਕਲਾਨੌਰ, ਹਰੀਕੇ ਪੱਤਣ, ਕਪੂਰਥਲਾ, ਹੁਸੈਨੀਵਾਲਾ ਦਾ ਚਾਰ ਰੋਜ਼ਾ ਦੌਰਾ ਕੀਤਾ ਜਾ ਰਿਹਾ ਹੈ। ਅੱਜ ਦੀ ਮੀਟਿੰਗ ਵਿੱਚ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਪ੍ਰਤਾਪ, ਡਾਇਰੈਕਟਰ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ, ਆਭਾ ਨਾਰਾਇਣ ਲਾਂਬਾ ਸਮੇਤ ਹੋਰ ਅਧਿਕਾਰੀ ਤੇ ਕੰਸਲਟੈਂਟ ਹਾਜ਼ਰ ਸਨ।

Send this to a friend