ਸ੍ਰੀ ਅਨੰਦਪੁਰ ਸਾਹਿਬ, 10 ਜੂਨ (ਦਵਿੰਦਰਪਾਲ ਸਿੰਘ/ਅੰਕੁਸ਼)-ਬੀਤੇ ਕੱਲ੍ਹ ਪਿੰਡ ਡੰਗੋਲੀ ਵਿਖੇ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮੁੱਦੇ ਤੇ ਵਿਚਾਰਾਂ ਕੀਤੀਆਂ ਗਈਆਂ। ਪੱਤਰਕਾਰਾਂ ਨਾਲ ਇਸ ਸਬੰਧੀ ਗੱਲ ਕਰਦਿਆਂ ਗਿ:ਰਘਬੀਰ ਸਿੰਘ ਨੇ ਕਿਹਾ ਕਿ ਜਿੱਥੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਬੇਅਦਬੀ ਦੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਉਥੇ ਅਜਿਹੀਆਂ ਮੰਦਭਾਗੀ ਘਟਨਾਵਾਂ ਰੋਕਣ ਲਈ ਸਿੱਖ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਕ ਸੁਆਲ ਦੇ ਜੁਆਬ ਵਿਚ ਸਿੰਘ ਸਾਹਿਬ ਨੇ ਕਿਹਾ ਕਿ ਗੰ੍ਰਥੀ ਤੇ ਪਾਠੀ ਸਿੰਘਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿਤੀ ਜਾਵੇਗੀ ਤਾਂ ਕਿ ਉਨ੍ਹਾਂ ਨੂੰ ਪਤਾ ਲਗ ਸਕੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਕਿਵੇਂ ਕਾਇਮ ਰੱਖਣਾ ਹੈ। ਉਨ੍ਹਾਂ ਇਸ ਗੱਲ ਤੇ ਚਿੰਤਾ ਜਾਹਿਰ ਕੀਤੀ ਕਿ ਬਗੈਰ ਪੜਚੋਲ ਕੀਤਿਆਂ ਗੁਰੂ ਘਰਾਂ ਵਿਚ ਗ੍ਰੰਥੀ ਤੇ ਪਾਠੀ ਸਿੰਘ ਰੱਖਣ ਕਰਕੇ ਅਜਿਹੀਆਂ ਮੰਦਭਾਗੀ ਘਟਨਾਵਾਂ ਵਾਪਰ ਰਹੀਆਂ ਹਨ। ਅਕਾਲੀ ਦੱਲ ਦੇ ਸੀਨੀਅਰ ਆਗੂ ਡਾ:ਦਲਜੀਤ ਸਿੰਘ ਚੀਮਾ ਨੇ ਇਸ ਮੌਕੇ ਕਿਹਾ ਕਿ ਸਾਡੀ ਸਰਕਾਰ ਵੇਲੇ ਕਾਂਗਰਸ ਤੇ ‘ਆਪ’ ਨੇ ਇਸ ਮੁੱਦੇ ਤੇ ਰਾਜਨੀਤੀ ਕੀਤੀ ਸੀ ਪਰ ਅੱਜ ਅਸੀਂ ਵਿਰੋਧੀ ਧਿਰ ਹੁੰਦਿਆਂ ਪੁਲਿਸ ਪ੍ਰਸ਼ਾਸ਼ਨ ਨੂੰ ਸਹਿਯੋਗ ਦਿਤਾ ਜਿਸ ਸਦਕਾ ਦੋਸ਼ੀ ਜਲਦੀ ਪਕੜ ਵਿਚ ਆ ਗਿਆ। ਉਨ੍ਹਾਂ ਕਿਹਾ ਇਸ ਘਟਨਾ ਤੇ ਕਾਂਗਰਸ ਤੇ ‘ਆਪ’ ਨੂੰ ਪਸ਼ਚਾਤਾਪ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਇਸ ਧਾਰਮਿਕ ਮੁੱਦੇ ਤੇ ਰਾਜਨੀਤੀ ਕਿਉਂ ਕੀਤੀ? ਉਨ੍ਹਾਂ ਪੁਲਿਸ ਦੀ ਪ੍ਰਸ਼ੰਸ਼ਾਂ ਕਰਦਿਆਂ ਕਿਹਾ ਕਿ ਪੁਲਿਸ ਨੇ ਵਧੀਆ ਤਰੀਕੇ ਨਾਲ ਆਪਣੀ ਡਿਊਟੀ ਨਿਭਾਈ। ਇਸ ਮੌਕੇ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰ:ਸੁਰਿੰਦਰ ਸਿੰਘ, ਹੈਡ ਗ੍ਰੰਥੀ ਗਿ:ਫੂਲਾ ਸਿੰਘ, ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਲੱਖੇਵਾਲ, ਮੈਨੇਜਰ ਜਸਵੀਰ ਸਿੰਘ, ਸੂਚਨਾ ਅਫਸਰ ਹਰਦੇਵ ਸਿੰਘ, ਭੁਪਿੰਦਰ ਸਿੰਘ, ਜਥੇ:ਸੰਤੋਖ ਸਿੰਘ, ਜਥੇ:ਰਾਮ ਸਿੰਘ, ਮਨਿੰਦਰਪਾਲ ਸਿੰਘ ਮਨੀ, ਹਰਜੀਤ ਸਿੰਘ ਅਚਿੰਤ ਸਮੇਤ ਸੰਗਤਾਂ ਹਾਜ਼ਰ ਸਨ।