ਪੀ.ਆਈ.ਬੀ.–ਜ¦ਧਰ
ਅਸੀਂ, ਭਾਰਤ ਦੇ ਨਾਗਰਿਕ ਲੋਕਤੰਤਰ ਵਿੱਚ ਪੱਕਾ ਵਿਸ਼ਵਾਸ ਰੱਖਦੇ ਹੋਇਆਂ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀਆਂ ਲੋਕਤੰਤਰਿਕ ਪ੍ਰੰਪਰਾਵਾਂ ਅਤੇ ਆਜ਼ਾਦ, ਨਿਰਪੱਖ ਤੇ ਸ਼ਾਂਤੀਪੂਰਨ ਚੋਣਾਂ ਦੀ ਗਰਿਮਾ ਬਣਾਈ ਰੱਖਾਂਗੇ ਅਤੇ ਹਰੇਕ ਚੋਣਾਂ ਵਿੱਚ ਨਿਡਰ ਹੋ ਕੇ ਅਤੇ ਧਰਮ , ਨਸਲ , ਜਾਤੀ , ਸਮੂਦਾਇ, ਭਾਸ਼ਾ ਅਤੇ ਕਿਸੇ ਹੋਰ ਪ੍ਰਭਾਵ ਹੇਠ ਆਏ ਬਿਨਾਂ ਮੱਤਦਾਨ ਕਰਾਂਗੇ। ਇਸ ਪ੍ਰਣ ਨੂੰ ਪਿਛਲੇ ਤਿੰਨ ਸਾਲਾਂ ਦੌਰਾਨ ਨਵੇਂ ਯੋਗ ਮਤਦਾਤਾਵਾਂ ਵਿੱਚ ਚੰਗਾ ਹੁੰਗਾਰਾ ਮਿਲਿਆ ਹੈ। ਇਸ ਲਈ ਭਾਰਤ ਦੇ ਚੋਣ ਕਮਿਸ਼ਨ ਦੀ ਲੜੀਵਾਰ ਵੋਟਰ ਸਿੱਖਿਆ ਅਤੇ ਵੋਟਰ ਭਾਈਵਾਲੀ ਦੀ ਪਹਿਲ ਧੰਨਵਾਦ ਦੀ ਪਾਤਰ ਹੈ। ਚੋਣ ਕਮਿਸ਼ਨ ਦੀ ਇਸ ਅਹਿਮ ਪਹਿਲ ਦੇ ਰੂਪ ਵਿੱਚ ਐੱਸ ਵੀ ਈ ਈ ਪੀ ਨੇ ਮਤਦਾਨ ਵਿੱਚ ਮਤਦਾਤਾਵਾਂ ਦੀ ਭਾਗੀਦਾਰੀ ਦੇ ਵਾਧੇ ਨੂੰ ਯਕੀਨੀ ਬਣਾਉਣ ਲਈ ਚੋਣ ਅਮਲ ਦੇ ਹਰੇਕ ਪੱਖ ਨੂੰ ਉਜਾਗਰ ਕੀਤਾ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਮਤਦਾਤਾ ਰਜਿਸਟ੍ਰੇਸ਼ਨ ਖਾਸ ਕਰਕੇ ਨੌਜਵਾਨਾਂ ਵਿੱਚ 10–15 ਫੀਸਦ ਤੋਂ ਵੱਧ ਕੇ 30–35 ਫੀਸਦ ਹੋ ਗਿਆ ਹੈ ਅਤੇ 2010 ਤੋਂ ਬਾਅਦ ਹੋਏ ਲਗਭਗ ਸਾਰੇ ਰਾਜ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਸੰਖਿਆ ਚ ਵੋਟਰਾਂ ਨੇ ਵੋਟ ਪਾਈ। ਇਨ੍ਹਾਂ ਵਿੱਚ ਨੌਜਵਾਨਾਂ ਤੇ ਮਹਿਲਾਵਾਂ ਦੀ ਹਿੱਸੇਦਾਰੀ ਵੱਧ ਰਹੀ।ਵੋਟਰ ਪੰਜੀਕਰਨ ਅਤੇ ਚੋਣ ਸਿੱਖਿਆ ਚੋਣ ਅਮਲ ਪ੍ਰਬੰਧ ਦਾ ਇੱਕ ਕੇਂਦਰ ਬਿੰਦੂ ਹੈ , ਪਰ ਮਿਆਰ ਅਤੇ ਸੰਖਿਆ ਦੀ ਗਿਣਤੀ ਦੇ ਨਜ਼ਰੀਏ ਨਾਲ ਭਾਰਤ ਵਿੱਚ ਵੋਟਰਾਂ ਦੀ ਭਾਗੀਦਾਰੀ ਅਜੇ ਵੀ ਸਹਿਭਾਗੀ ਲੋਕਤੰਤਰ ਦੇ ਆਦਰਸ਼ ਵਿਚਾਰ ਤੋਂ ਦੂਰ ਹੈ। ਪੰਜੀਕਰਨ, ਮਤਦਾਤਾ ਫੋਟੋ ਪਛਾਣ ਪੱਤਰ, ਪਛਾਣ ਪ੍ਰਮਾਣ, ਵੋਟਰ ਕੇਂਦਰ ਸਥਾਨ, ਈ ਵੀ ਐੱਮ ਦੀ ਵਰਤੋਂ ,
ਚੋਣ ਸਮਾਂ, ਆਦਰਸ਼ ਚੋਣ ਜ਼ਾਬਤਾ ਵਿੱਚ ਕੀ ਕਰੀਏ / ਕੀ ਨਾਂ ਕਰੀਏ। ਉਮੀਦਵਾਰ ਜਾਂ ਉਸ ਦੇ ਸਹਿਯੋਗੀਆਂ ਵੱਲੋ. ਵੋਟਰਾਂ ਦੇ ਕਮਜ਼ੋਰ ਵਰਗ ਨੂੰ ਪ੍ਰਭਾਵਿਤ ਕਰਨ ਲਈ ਪੈਸਾ/ ਲਾਲਚ ਅਤੇ ਸ਼ਰਾਬ ਦੀ ਵਰਤੋਂ ਵਰਗੇ ਵਿਸ਼ਿਆਂ ਵਿੱਚ ਵੋਟਰ ਨੂੰ ਕੀ ਜਾਣਨਾ ਚਾਹੀਦਾ ਹੈ ਤੇ ਅਸਲ ਰੂਪ ਵਿੱਚ ਵੋਟਰ ਕੀ ਜਾਣਦੇ ਹਨ ਇਸ ਵਿੱਚ ਵੱਡਾ ਖੱਪਾ ਹੈ। ਇਹ ਵੀ ਦੇਖਿਆ ਗਿਆ ਹੈ ਕਿ ਮਤਦਾਤਾ ਜਾਗਰੁਕਤਾ ਅਭਿਆਨ ਹਮੇਸ਼ਾ ਮਤਦਾਤਾਵਾਂ ਨੂੰ ਅਸਲ ਵੋਟ ਦੇਣ ਵਾਲੇ ਦੇ ਰੂਪ ਵਿੱਚ ਨਹੀਂ ਬਦਲਦਾ। ਮਤਦਾਤਾ ਜਾਗਰੁਕਤਾ ਵਿੱਚ ਵਾਧੇ ਦੇ ਉਦੇਸ਼ ਨੂੰ ਹਾਸਲ ਕਰਨ ਅਤੇ ਵੋਟ ਪਾਉਣ ਵਾਲੇ ਵੋਟਰਾਂ ਦੀ ਗਿਣਤੀ ਵਧਾਉਣ ਲਈ ਚੋਣ ਕਮਿਸ਼ਨ ਨੇ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ ਪ੍ਰੋਗਰਾਮ ਸ਼ੁਰੂ ਕੀਤਾ ਹੈ ਤਾਂ ਕਿ ਵੋਟਰਾਂ ਨੂੰ ਜਾਗਰੁਕ, ਸਿੱਖਿਅਤ ਅਤੇ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਭਾਰਤੀ ਲੋਕਤੰਤਰ ਨੂੰ ਵਧੇਰੇ ਭਾਗੀਦਾਰੀ ਵਾਲਾ ਅਤੇ ਸਾਰਥਕ ਬਣਾਇਆ ਜਾ ਸਕੇ।
ਭਾਰਤੀ ਚੋਣ ਕਮਿਸ਼ਨ ਨੇ 2010 ਵਿੱਚ ਡਾਇਮੰਡ ਜੁਬਲੀ ਸਮਾਰੋਹ ਵਿੱਚ ਵੋਟਰਾਂ ਦੀ ਘੱਟ ਜਾਗ੍ਰਿਤੀ ਤੇ ਉਨ੍ਹਾਂ ਦਾ ਵੱਡੀ ਗਿਣਤੀ ਵਿੱਚ ਮੱਤਦਾਨ ਕੇਂਦਰਾਂ ਤੇ ਨਾ ਪਹੁੰਚਣ ਦੀ ਲੋੜ ਨੂੰ ਮਹਿਸੂਸ ਕਰਦਿਆਂ ਮਜ਼ਬੂਤ ਲੋਕਤੰਤਰ ਲਈ ਵੱਡੀ ਭਾਗੀਦਾਰੀ ਨੂੰ ਆਪਣਾ ਵਿਸ਼ਾ ਬਣਾਇਆ ਸੀ। ਐੱਸ ਵੀ ਈ ਈ ਪੀ ਦੇ ਹਿੱਸੇ ਵਜੋਂ ਵੋਟਰ ਵਿਵਹਾਰ ਸਰਵੇਖਣ ਕਰਵਾਏ ਗਏ। ਸਰਵੇਖਣ ਦੌਰਾਨ ਰਜਿਸਟ੍ਰੇਸ਼ਨ ਵਿੱਚ ਕਮੀ , ਵੋਟਰ ਫੋਟੋ ਪਛਾਣ ਪੱਤਰ ਦੀ ਦੂਜੀ ਕਾਪੀ ਪ੍ਰਾਪਤ ਕਰਨ ਵਿੱਚ ਸਮੱਸਿਆਵਾਂ, ਵੋਟਰ ਸੂਚੀ ਵਿੱਚ ਨਾਂਅ ਸੁਧਾਰਣ ਅਤੇ ਸੂਚਨਾ ਸੰਬੰਧੀ ਵੱਖ ਵੱਖ ਕਮੀਆਂ ਅਤੇ ਵੋਟ ਦੇਣ ਲਈ ਘੱਟ ਗਿਣਤੀ ਵਿੱਚ ਮਤਦਾਤਾਵਾਂ ਦੇ ਨਿਕਲਣ ਸੰਬੰਧੀ ਕਈ ਕਾਰਨ ਸਾਹਮਣੇ ਆਏ। ਇਨ੍ਹਾਂ ਕਾਰਨਾਂ ਨੂੰ ਦੂਰ ਕਰਨ ਲਈ ਸਰਕਾਰ ਵੱਲੋਂ ਜ਼ਿਲ੍ਹਾ ਅਤੇ ਰਾਜ ਪੱਧਰ ਤੇ ਐੱਸ ਵੀ ਈ ਈ ਪੀ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ। ਭਾਰਤੀ ਚੋਣ ਕਮਿਸ਼ਨ ਨੇ ਲੋਕਾਂ ਤੱਕ ਵੋਟਿੰਗ ਬਾਰੇ ਜਾਣਕਾਰੀ ਪਹੁੰਚਾਉਣ ਦੇ ਉਦੇਸ਼ ਨਾਲ 2011 ਵਿੱਚ ਆਪਣੇ ਸਥਾਪਨਾ ਦਿਵਸ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਉਣ ਦੀ ਪਰੰਪਰਾ ਸ਼ੁਰੂ ਕੀਤੀ। ਉਦੋਂ ਤੋਂ ਹੀ ਹਰੇਕ ਸਾਲ 25 ਜਨਵਰੀ ਕੌਮੀ ਵੋਟਰ ਦਿਵਸ ਮਨਾਇਆ ਜਾਂਦਾ ਹੈ।
ਐੱਸ ਵੀ ਈ ਈ ਪੀ ਦੀਆਂ ਕੋਸ਼ਿਸ਼ਾਂ ਸਦਕਾ ਦੇਸ਼ ਵਿੱਚ ਵੋਟਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਮਤਦਾਨ ਫੀਸਦ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ ਵੀ 2010 ਤੋਂ ਬਾਅਦ ਵੋਟਰਾਂ ਦੇ ਮਤਦਾਨ ਕੇਂਦਰਾਂ ਵਿੱਚ ਪਹੁੰਚ ਕੇ ਵੋਟਾਂ ਪਾਉਣ ਦੀ ਫੀਸਦ ਵਿੱਚ ਕਾਫੀ ਵਾਧਾ ਹੋਇਆ ਹੈ। ਪੰਜਾਬ ਵਿੱਚ 2007 ਦੌਰਾਨ ਕੁੱਲ ਮਤਦਾਨ 75.45 ਫੀਸਦ ਸੀ, ਜੋ 2012 ਦੀਆਂ ਚੋਣਾਂ ਵਿੱਚ ਵੱਧ ਕੇ 78.20 ਫੀਸਦ ਹੋ ਗਈ ਸੀ। 2007 ਅਤੇ 2012 ਦੀਆਂ ਚੋਣਾਂ ਦੌਰਾਨ ਮਹਿਲਾ ਵੋਟਰਾਂ ਦੀ ਫੀਸਦ ਮਰਦ ਵੋਟਰਾਂ ਦੇ ਮੁਕਾਬਲੇ ਵੱਧ ਦਰਜ ਕੀਤੀ ਗਈ। 2012 ਵਿੱਚ ਮਰਦਾਂ ਦੀਆਂ ਵੋਟਾਂ 77.58 ਅਤੇ ਔਰਤਾਂ ਦੀਆਂ 78.90 ਫੀਸਦ ਵੋਟਾਂ ਦਰਜ ਕੀਤੀਆਂ ਗਈਆਂ ਜਦਕਿ 2007 ਦੌਰਾਨ ਮਰਦਾਂ ਦੀਆਂ ਵੋਟਾਂ 75.36 ਫੀਸਦ ਤੇ ਔਰਤਾਂ ਦੀਆਂ 75.47 ਫੀਸਦ ਵੋਟਾਂ ਸਨ।
ਵੋਟਰ ਸਿੱਖਿਆ ਤੇ ਵੋਟਰ ਭਾਈਵਾਲੀ ਪ੍ਰਣਾਲੀ ਵਿੱਚ ਵੱਖ ਵੱਖ ਸੰਬੰਧਤ ਧਿਰਾਂ , ਵੋਟਰਾਂ, ਮੀਡੀਆ , ਸਵੈਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮਜ਼ਬੂਤ ਭਾਰਤੀ ਲੋਕਤੰਤਰ ਵਿੱਚ ਲੋਕਾਂ ਦੀ ਵੱਡੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।