May 30, 2026 8:19 pm

ਮੁਹੰਮਦ ਸਦੀਕ ਦੀ ਅਗਵਾਈ ’ਚ ਕਾਂਗਰਸੀਆਂ ਨੇ ਫੂਕਿਆ ਮੋਦੀ ਦਾ ਪੁਤਲਾ

ਜੈਤੋ, 8 ਜੂਨ (ਇਕਬਾਲ ਸਿੰਘ ‘ਕਾਲੀ’) -ਕਾਂਗਰਸ ਦੇ ਹਲਕਾ ਜੈਤੋ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਮੁਹੰਮਦ ਸਦੀਕ ਦੀ ਅਗਵਾਈ ਵਿੱਚ ਅੱਜ ਕਾਂਗਰਸੀ ਵਰਕਰਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਕਰਨ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ। ਸ਼ਹਿਰ ਦੇ ਚੌਕ ਨੰਬਰ ਦੋ ਵਿੱਚ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁਹੰਮਦ ਸਦੀਕ ਨੇ ਕਿਹਾ ਕਿ ਦੇਸ਼ ਵਿੱਚ ਡੀਜ਼ਲ/ਪੈਟਰੌਲ ਦਾ ਬਹੁਤਾ ਵਪਾਰ ਅੰਬਾਨੀਆਂ ਤੇ ਅਡਾਨੀਆਂ ਦੇ ਹੱਥ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਘਰਾਣਿਆਂ ਦੇ ਰਿਮੋਟ ’ਤੇ ਚੱਲਦਾ ਖਿਡੌਣਾ ਦੱਸਦਿਆਂ ਕਿਹਾ ਕਿ ਦੋਹਾਂ ਸਰਮਾਏਦਾਰਾਂ ਨੂੰ ਮਨਮਰਜ਼ੀ ਦੀਆਂ ਕੀਮਤਾਂ ਵਸੂਲਣ ਦੀ ਖੁੱਲ੍ਹ ਦੇ ਕੇ ਉਨ੍ਹਾਂ ਦੀਆਂ ਤਿਜੌਰੀਆਂ ਭਰਨ ਦੇ ਰਾਹ ਖੋਲ੍ਹੇ ਹੋਏ ਹਨ। ਉਨ੍ਹਾਂ ਡਾ. ਮਨਮੋਹਨ ਸਿੰਘ ਸਰਕਾਰ ਦੀ ਪ੍ਰਸੰਸਾ ਇਹ ਕਹਿ ਕੇ ਕੀਤੀ ਕਿ ਉਦੋਂ ਅੰਤਰਰਾਸ਼ਟਰੀ ਪੱਧਰ ’ਤੇ ਤੇਲ ਦੀਆਂ ਕੀਮਤਾਂ ਅੱਜ ਨਾਲ ਤਿੱਗਣੀਆਂ ਸਨ ਪਰ ਭਾਰਤ ’ਚ ਰੇਟ ਹੁਣ ਨਾਲੋਂ ਕਿਤੇ ਘੱਟ ਸਨ। ਸ੍ਰੀ ਸਦੀਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਦੋਖੀ ਭਾਜਪਾ ਦੀ 2019 ’ਚ ਪਲਟਣੀ ਲੁਆਉਣ ਲਈ ਹੁਣੇ ਤੋਂ ਤਿਆਰ ਹੋ ਜਾਓ। ਸੰਬੋਧਨ ਬਾਅਦ ਕਾਂਗਰਸੀਆਂ ਨੇ ਮੋਦੀ ਦਾ ਪੁਤਲਾ ਮੋਢਿਆਂ ’ਤੇ ਚੁੱਕ ਕੇ ਬਾਜ਼ਾਰਾਂ ’ਚ ਰੋਸ ਮਾਰਚ ਕਰਨ ਪਿੱਛੋਂ ਅੰਤਿਮ ਪੜਾਅ ਧਰਨਾ ਚੌਕ ਵਿੱਚ ਪਹੁੰਚ ਕੇ ਉਸ ਨੂੰ ਅਗਨ ਭੇਟ ਕੀਤਾ। ਪ੍ਰਦਰਸ਼ਨ ਸਮੇਂ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ, ਟਰੱਕ ਯੂਨੀਅਨ ਦੇ ਪ੍ਰਧਾਨ ਰਾਜਦੀਪ ਔਲਖ, ਪੰਜਾਬ ਕਾਂਗਰਸ ਦੇ ਮੈਂਬਰ ਮਿਹਰ ਸਿੰਘ ਕਰੀਰਵਾਲੀ, ਬਲਾਕ ਕਾਂਗਰਸ ਜੈਤੋ ਦੇ ਪ੍ਰਧਾਨ ਸਿਕੰਦਰ ਸਿੰਘ ਮੜ੍ਹਾਕ, ਕੁਲਦੀਪ ਸਿੰਘ ਬਰਾੜ ਨਿਆਮੀਵਾਲਾ, ਟਰੱਕ ਯੂਨੀਅਨ ਬਾਜਾਖਾਨਾ ਦੇ ਪ੍ਰਧਾਨ ਬਲਵੰਤ ਸਿੰਘ ਬਰਾੜ ਵਾੜਾ ਭਾਈਕਾ, ਪਵਨ ਗੋਇਲ, ਮਨਬੀਰ ਸਿੰਘ ਬੱਬੂ ਬਰਾੜ ‘ਮੱਤਾ’, ਦਰਸ਼ਨ ਸਿੰਘ ਢਿੱਲਵਾਂ, ਪ੍ਰਦੀਪ ਗਰਗ, ਸੁਖਪਾਲ ਸਿੰਘ ਪਾਲੀ, ਪ੍ਰੇਮ ਪਾਲ ਢਿੱਲੋਂ ਸਮੇਤ ਕਾਂਗਰਸ ਦੇ ਕਈ ਆਹਲਾ ਆਗੂ ਹਾਜ਼ਰ ਸਨ।

Send this to a friend