ਕੇਜਰੀਵਾਲ ਚੁਣੌਤੀ ਹੈ ਕਾਂਗਰਸ ਤੇ ਭਾਜਪਾ ਲਈ

ਪ੍ਰੋ. ਬਲਵਿੰਦਰਪਾਲ ਸਿੰਘ

ਸੰਪਰਕ-   98157-00916 

ਦਿੱਲੀ-ਪਾਣੀਪਤ ’ਚ ਜਦੋਂ 1526 ’ਚ ਇਬਰਾਹਿਮ ਲੋਧੀ ਦੀ ਇਕ ਲੱਖ ਸਿਪਾਹੀਆਂ ਵਾਲੀ ਵਿਸ਼ਾਲ ਫ਼ੌਜ ਬਾਬਰ ਦੇ ਦਸ ਹਜ਼ਾਰ ਫ਼ੌਜੀਆਂ ਦੇ ਸਾਹਮਣੇ ਖੜ੍ਹੀ ਹੋਈ ਸੀ, ਤਾਂ ਉਸ ਲੜਾਈ ਦਾ ਨਤੀਜਾ ਕਿਸ ਦੇ ਪੱਖ ’ਚ ਜਾਵੇਗਾ, ਇਸ ਦਾ ਅੰਦਾਜ਼ਾ ਸਭ ਨੂੰ ਸੀ। ਬਾਬਰ ਦੀ ਫ਼ੌਜ ਨੂੰ ਰੋਲਣ ਲਈ ਇਬਰਾਹਿਮ ਲੋਧੀ ਦੀ ਪਹਿਲੀ ਕਤਾਰ ’ਚ ਹਮਲਾ ਕਰ ਰਹੇ ਹਾਥੀ ਹੀ ਕਾਫੀ ਸਨ, ਪਰ ਜਿਵੇਂ ਅਸੀਂ ਜਾਣਦੇ ਹਾਂ, ਹੋਇਆ ਇਸ ਦੇ ਉਲਟ। ਕੁਝ ਹੀ ਘੰਟਿਆਂ ’ਚ ਬਾਬਰ ਨੇ ਇਬਰਾਹਿਮ ਲੋਧੀ ਦੀ ਫ਼ੌਜ ਨੂੰ ਮਾਤ ਦੇ ਦਿੱਤੀ ਸੀ।ਬਾਬਰ ਨੂੰ ਪੂਰਾ ਵਿਸ਼ਵਾਸ ਸੀ ਕਿ ਉਨ੍ਹਾਂ ਦੀਆਂ ਤੋਪਾਂ ਤੋਂ ਨਿਕਲੇ ਬਾਰੂਦੀ ਗੋਲਿਆਂ ਦਾ ਮੁਕਾਬਲਾ ਕਰਨਾ ਇਬਰਾਹਿਮ ਲੋਧੀ ਦੀ ਫ਼ੌਜ ਲਈ ਅਸੰਭਵ ਹੋਵੇਗਾ।ਰਾਜਨੀਤੀ ਦਾ ਮੰਤਰਬਾਬਰ ਦੀ ਬਾਰੂਦੀ ਤਾਕਤ ਬਾਰੇ ਉਸ ਦੇ ਦੁਸ਼ਮਣਾਂ ਨੂੰ ਜ਼ਰਾ ਜਿੰਨ੍ਹਾ ਵੀ ਗਿਆਨ ਨਹੀਂ ਸੀ। ਇਹ ਪੂਰੀ ਤਰ੍ਹਾਂ ਨਾਲ ਖ਼ੁਫ਼ੀਆ ਸੀ ਤੇ ਬਾਬਰ ਨੂੰ ਪਤਾ ਸੀ ਕਿ ਇਹ ਤੋਪਾਂ ਹੀ ਉਸ ਦਾ ਸਭ ਤੋਂ ਵੱਡਾ ਹਥਿਆਰ ਸਾਬਤ ਹੋਵੇਗਾ। ਇਹ ਵੀ ਸੱਚ ਹੈ ਕਿ ਇਬਰਾਹਿਮ ਲੋਧੀ ਦੀ ਫ਼ੌਜ ਨੇ ਇਨ੍ਹਾਂ ਤੋਪਾਂ ਨੂੰ ਪਹਿਲਾਂ ਕਦੇ ਦੇਖਿਆ ਵੀ ਨਹੀਂ ਸੀ, ਪਰ ਭਾਰਤ ਦੀ ਅਜੋਕੀ ਰਾਜਨੀਤੀ ਦੀ ਜੰਗ ’ਚ ਬਾਬਰ ਦੀ ਤਰਜ਼ ’ਤੇ ਇਸ ਤਰ੍ਹਾਂ ਦੇ ਸ਼ਕਤੀਸ਼ਾਲੀ ਪੱਤੇ ਦੀ ਲੋੜ ਦਾ ਖ਼ਿਆਲ ਰੱਖਣ ਵਾਲੇ ਨੇਤਾ ਲੱਭਣ ਨਾਲ ਵੀ ਨਹੀਂ ਮਿਲਦੇ। ਅਜਿਹਾ ਲੱਗਦਾ ਹੈ ਇਸ ਰਾਜਨੀਤਕ ਵਿਧੀ ਨੂੰ ਹੁਣ ਤੱਕ ਕੇਵਲ ਅਰਵਿੰਦ ਕੇਜਰੀਵਾਲ ਹੀ ਸਮਝ ਸਕੇ ਹਨ ਤੇ ਇਸ ਦੀ ਉਹ ਖ਼ੂਬ ਵਰਤੋਂ ਕਰ ਰਹੇ ਹਨ।

ਕੇਜਰੀਵਾਲ ਦੀ ਭ੍ਰਿਸ਼ਟਾਚਾਰ ਵਿਰੋਧੀ ਮਿਜ਼ਾਇਲ
ਦਿੱਲੀ ਦੇ ਚੋਣ ਮੈਦਾਨ ’ਚ ਆਪਣੇ ਵਿਰੋਧੀਆਂ ਨਾਲ ਰੂ-ਬਰੂ ਹੋਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਜੇਤੂ ਰਣਨੀਤੀ ਨੂੰ ਪੂਰੀ ਤਰ੍ਹਾਂ ਨਾਲ ਅਮਲੀ ਜਾਮਾ ਪਹਿਨਾਇਆ ਅਤੇ ਹੁਣ ਆਮ ਚੋਣਾਂ ਤੋਂ ਪਹਿਲਾਂ ਵੀ ਇਸ ’ਤੇ ਅਮਲ ਕਰ ਰਹੇ ਹਨ। ਉਨ੍ਹਾਂ ਨੇ ਜਿਸ ਤਰ੍ਹਾਂ ਆਪਣੇ ਚੋਣ ਵਾਅਦਿਆਂ ਨੂੰ ਨਿਭਾਉਣ ਵਿੱਚ ਉਸਾਰੂ ਭੂਮਿਕਾ ਨਿਭਾਈ ਤੇ ਭਾਜਪਾ-ਕਾਂਗਰਸ ਵੱਲੋਂ ਲੋਕਪਾਲ ਬਿੱਲ ਵਿੱਚ ਅੜਿੱਕਾ ਖੜ੍ਹਾ ਕਰਨ ’ਤੇ ਸਰਕਾਰ ਕੁਰਬਾਨ ਕਰ ਦਿੱਤੀ, ਉਹ ‘ਆਪ’ ਦੀ ਇੱਕ ਵੱਡੀ ਰਾਜਨੀਤਕ ਮਿਜ਼ਾਈਲ ਹੈ, ਜਿਸ ਦਾ ਸਭ ਤੋਂ ਵੱਧ ਨੁਕਸਾਨ ਕਾਂਗਰਸ ਦਾ ਹੋ ਸਕਦਾ ਹੈ ਅਤੇ ਇਹ ਭਾਜਪਾ ਨੂੰ ਵੀ ਧਰਮ ਸੰਕਟ ’ਚ ਪਾ ਸਕਦਾ ਹੈ।
‘ਆਮ ਆਦਮੀ ਪਾਰਟੀ ਦਾ ਜਨਮ ਹੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੀ ਕੁੱਖ ਤੋਂ ਹੋਇਆ ਸੀ, ਕਿਉਂਕਿ ਇਨ੍ਹਾਂ ਦਾ ਇੱਕ ਸੂਤਰੀ ਪ੍ਰੋਗਰਾਮ ਹੀ ਇਹੀ ਸੀ ਕਿ ਭਾਰਤ ਨੂੰ ਸਰਕਾਰੀ ਭ੍ਰਿਸ਼ਟਾਚਾਰ ਤੋਂ ਛੁਟਕਾਰਾ ਦਿਵਾਉਣ ਲਈ ਲੋਕਪਾਲ ਬਿੱਲ ਦੀ ਬਹੁਤ ਲੋੜ ਹੈ। ਇਸ ਮੁੱਦੇ ’ਤੇ ਸਰਕਾਰ ਨੂੰ ਕੁਰਬਾਨ ਕਰਕੇ ਕੇਜਰੀਵਾਲ ਨੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਭ੍ਰਿਸ਼ਟਾਚਾਰੀ ਲੀਡਰਾਂ ਨੂੰ ਸਿਆਸੀ ਮੈਦਾਨ ’ਚੋਂ ਬਾਹਰ ਭੇਜਣ ਤੋਂ ਬਿਨਾਂ ਦੇਸ ਦਾ ਸੁਧਾਰ ਨਹੀਂ ਹੋ ਸਕਦਾ।
ਹੁਣ ਜਦੋਂ ਲੋਕ ਸਭਾ ਨੇੜੇ ਹਨ, ਤਾਂ ਅਰਵਿੰਦ ਇਸ ਲਈ ਵੀ ਵੱਡੀ ਤਿਆਰੀ ਦੇ ਨਾਲ ਸਾਹਮਣੇ ਆ ਸਕਦੇ ਹਨ। ਇਹ ਸਵਾਲ ਵੱਖਰੇ ਹਨ ਕਿ ਲੋਕ ਸਭਾ ’ਚ ਉਨ੍ਹਾਂ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ, ਪਰ ਘੱਟ ਤੋਂ ਘੱਟ ਉਹ ਦਿੱਲੀ ਵਿਚ ਅੱਗੇ ਨਾਲੋਂ ਵੱਧ ਸੀਟਾਂ ਲਿਜਾ ਸਕਦੇ ਹਨ। ਕੁਝ ਸਿਆਸੀ ਆਖ ਰਹੇ ਹਨ ਕਿ ਕੇਜਰੀਵਾਲ 50-70 ਤੱਕ ਸੀਟਾਂ ਲਿਜਾ ਸਕਦੇ ਹਨ। ਜੇਕਰ ਅਜਿਹਾ ਹੋ ਗਿਆ, ਤਾਂ ਮੋਦੀ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਧਰਿਆ ਧਰਾਇਆ ਰਹਿ ਜਾਵੇਗਾ। ਇਹ ਸੱਚ ਹੈ ਕਿ ‘ਅਰਵਿੰਦ ਨੂੰ ਹਰ ਤਬਕੇ ਤੋਂ ਸਮੱਰਥਨ ਮਿਲਿਆ ਹੈ, ਇੱਕ ਪੜ੍ਹਿਆ ਲਿਖਿਆ ਤਬਕਾ ਆਦਰਸ਼ਵਾਦ ਤੋਂ ਪ੍ਰਭਾਵਿਤ ਹੋ ਕੇ ਅਰਵਿੰਦ ਨਾਲ ਜੁੜਿਆ ਹੋਇਆ ਸੀ। ਮੌਜੂਦਾ ਰਾਜਨੀਤੀ ਤੋਂ ਨਿਰਾਸ਼ ਹੋ ਗਏ ਲੋਕਾਂ ਨੇ ਕੇਜਰੀਵਾਲ ਦਾ ਸਾਥ ਨਿਭਾਇਆ ਸੀ ਤੇ ਨੌਜਵਾਨ ਜੋ ਕਿ ਸਿਆਸਤਦਾਨਾਂ ਤੋਂ ਉਚਾਟ ਸਨ, ਉਹ ਵੀ ਕੇਜਰੀਵਾਲ ਦੀ ਲਹਿਰ ਦਾ ਮੁੱਖ ਹਿੱਸਾ ਬਣੇ ਹੋਏ ਹਨ।
‘ਪਹਿਲਾਂ ਸ਼ੀਲਾ ਸੀ, ਹੁਣ ਮੋਦੀ ਦੀ ਵਾਰੀ ਹੈ’ ਆਪ ਦਾ ਨਾਅਰਾ ਹੁਣ ਭਾਜਪਾ ਲਈ ਵੀ ਦਿੱਕਤਾਂ ਖੜ੍ਹੀਆਂ ਕਰੇਗਾ, ਕਿਉਂਕਿ ‘ਆਪ’ ਦੀ ਮੈਂਬਰਸ਼ਿਪ ਵਿੱਚ ਹੋ ਰਿਹਾ ਇਜ਼ਾਫਾ ਇਸ ਗੱਲ ਦਾ ਗਵਾਹ ਹੈ। ਟਾਈਮਜ਼ ਆਫ ਇੰਡੀਆ ਦੀ ਖ਼ਬਰ ਹੈ ਕਿ ਆਪ ਦੀ ਮੈਂਬਰਸ਼ਿਪ ਏਨੀ ਤੇਜ਼ੀ ਨਾਲ ਵੱਧ ਰਹੀ ਹੈ ਕਿ ‘ਆਪ’ ਨੂੰ ਮੈਂਬਰਸ਼ਿਪ ਕਰਨ ਵਿੱਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਭਾਰਤ ਵਿੱਚ ਅਨੇਕਾਂ ਪ੍ਰਾਂਤਾਂ ’ਚ ਆਪ ਦੇ ਝਾੜੂ ਮਾਰਚ ਲੋਕ ਲਹਿਰ ਬਣ ਰਹੇ ਹਨ ਅਤੇ ਆਪਮੁਹਾਰੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ।
ਮੋਦੀ ਦੇ ਭਾਸ਼ਣ
ਜੇਕਰ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਹੁਣ ਤੱਕ ਦੇ ਭਾਸ਼ਣਾਂ ਜਾਂ ਰੈਲੀਆਂ ’ਤੇ ਝਾਤ ਮਾਰੀਏ, ਤਾਂ ਮਹਿਸੂਸ ਹੁੰਦਾ ਹੈ ਕਿ ਉਹ ਪਹਿਲਾਂ ਤੋਂ ਲਿਖੀ ਹੋਈ ਕਿਸੇ ਕਥਾ ਮੁਤਾਬਕ ਚੱਲ ਰਹੇ ਹਨ। ਮੋਦੀ ਦੇ ਭਾਸ਼ਣਾਂ ਨਾਲ ਵਾਰ-ਵਾਰ ਇਹ ਪੈਗ਼ਾਮ ਮਿਲਦਾ ਹੈ ਕਿ ਉਨ੍ਹਾਂ ਨੇ ਗੁਜਰਾਤ ’ਚ ਬਹੁਤ ਚੰਗਾ ਪ੍ਰਸ਼ਾਸਨ ਚਲਾਇਆ ਹੈ ਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਇੱਕ ਚੰਗੇ ਸ਼ਾਸਕ ਸਾਬਤ ਹੋਣਗੇ। ਭਾਵੇਂ ਉਹ ਕਾਂਗਰਸ ਨੂੰ ਰਾਜਨੀਤਕ ਠਿੱਬੀ ਦੇਣ ’ਚ ਸਫਲ ਹੋ ਰਹੇ ਹਨ, ਪਰ ਘੱਟ ਗਿਣਤੀਆਂ ਤੇ ਦਲਿਤ ਭਾਈਚਾਰੇ ਵਿੱਚ ਉਨ੍ਹਾਂ ਦੀਆਂ ਜੜ੍ਹਾਂ ਨਹੀਂ ਲੱਗ ਰਹੀਆਂ।
ਰਾਹੁਲ ਦਾ ਇੰਟਰਵਿਊ
ਜਿੱਥੋਂ ਤੱਕ ਕਾਂਗਰਸ ਦਾ ਸੁਆਲ ਹੈ, ਉਸ ਦੇ ਹਾਲਤ ਤਾਂ ਉਂਝ ਹੀ ਖ਼ਰਾਬ ਹਨ ਅਤੇ ਬੀਤੇ ਦਸ ਵਰ੍ਹਿਆਂ ’ਚ ਕਾਂਗਰਸ ਆਰਥਿਕ ਵਾਧੇ ਦੀ ਦਰ ’ਤੇ ਬਹੁਤ ਹੱਦ ਤੱਕ ਨਿਰਭਰ ਰਿਹਾ ਕਰਦੀ ਸੀ, ਪਰ ਗਰੋਥ ਰੇਟ ਪੰਜ ਫੀਸਦੀ ਤੋਂ ਵੀ ਹੇਠਾਂ ਆ ਗਈ ਹੈ। ਕਾਂਗਰਸ ’ਤੇ ਦੋ ਵੱਡੇ ਦੋਸ਼ ਲੱਗ ਰਹੇ ਹਨ, ਉਹ ਹਨ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਦਾ। ਕਾਂਗਰਸ ਇਨ੍ਹਾਂ ਦੋਵਾਂ ਮੋਰਚਿਆਂ ’ਤੇ ਅਸਫਲ ਰਹੀ ਹੈ। ਰਾਹੁਲ ਵੀ ਹੁਣ ਤੱਕ ਰਾਜਨੀਤਕ ਨਾਇਕ ਵਜੋਂ ਭੂਮਿਕਾ ਨਹੀਂ ਨਿਭਾ ਸਕੇ।
ਕਾਂਗਰਸ ਦੇ ਚੋਣ ਪ੍ਰਚਾਰ ਦੇ ਮੁਖੀ ਰਾਹੁਲ ਗਾਂਧੀ ਵੀ ਜ਼ਿਆਦਾਤਰ ਸਕ੍ਰਿਪਟ ਦੇ ਅਨੁਸਾਰ ਚੱਲਣ ਵਾਲੇ ਦਿਖਾਈ ਦਿੰਦੇ ਹਨ। ਯੂਪੀਏ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਹਰ ਰੈਲੀ ’ਚ ਦੁਹਰਾਉਂਦੇ ਹਨ ਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਵੀ ਗੱਲ ਕਰਦੇ ਹਨ। ਹਾਲੇ ਤੱਕ ਉਹ ਭਾਰਤ ਦੇ ਅਵਾਮ ਨੂੰ ਕੇਜਰੀਵਾਲ ਤੇ ਮੋਦੀ ਵਾਂਗ ਪ੍ਰਭਾਵਿਤ ਨਹੀਂ ਕਰ ਸਕੇ ਤੇ ਨਾ ਹੀ ਇੱਕ ਉਸਾਰੂ ਨੇਤਾ ਵਰਗੀ ਭੂਮਿਕਾ ਨਿਭਾ ਸਕੇ ਹਨ। ਕਾਂਗਰਸ ਤੇ ‘ਆਪ’ ਦੇ ਵਿਰੋਧ ਤੋਂ ਸਿਵਾਏ ਉਨ੍ਹਾਂ ਕੋਲ ਕੋਈ ਰਾਜਨੀਤਕ ਲੋਕ ਏਜੰਡਾ ਨਹੀਂ ਹੈ, ਜੋ ਲੋਕਾਂ ਨੂੰ ਕਾਇਲ ਕਰ ਸਕੇ।
ਕਾਂਗਰਸ ਪਾਰਟੀ ਦੇ ਅੰਦਰ ਬਜ਼ੁਰਗ ਨੇਤਾਵਾਂ ਦੇ ਇਹ ਵਿਚਾਰ ਹਨ ਕਿ ਪਾਰਟੀ ਹੁਣ ਥੱਕ ਚੁੱਕੀ ਹੈ। ਮਣੀਸ਼ੰਕਰ ਅੱਯਰ ਅਨੁਸਾਰ ਇਸ ’ਚ ਨਵੀਂ ਰੂਹ ਫੂਕਣ ਦੀ ਜ਼ਰੂਰਤ ਹੈ।
ਚੈਨਲਾਂ ਦੀ ਵਿਰੋਧਤਾ
ਦਾ ਫਾਇਦਾ ਵੀ ‘ਆਪ’ ਨੂੰ
ਜਿੱਥੋਂ ਤੱਕ ਭਾਰਤੀ ਟੀ.ਵੀ ਚੈਨਲਾਂ ਦਾ ਸੁਆਲ ਹੈ, ਉਹ ਆਪ ਦਾ ਵਿਰੋਧ ਕਰਕੇ ਤੇ ਪੇਡ ਨਿਊਜ਼ ਪ੍ਰਸਾਰਿਤ ਕਰਕੇ ਆਪ ਨੂੰ ਹੀ ਫਾਇਦਾ ਪਹੁੰਚਾ ਰਹੇ ਹਨ। ਕੇਜਰੀਵਾਲ ਨੂੰ ਭਾਵੇਂ ਟੀ.ਵੀ ਚੈਨਲਾਂ ਤੇ ਕਾਂਗਰਸ-ਭਾਜਪਾ ਵੱਲੋਂ ਅਰਾਜਕਤਾਵਾਦੀ ਕਰਾਰ ਦਿੱਤਾ ਜਾ ਰਿਹਾ ਹੈ, ਪਰ ਲੋਕ ਮਨ ਵਿੱਚ ਉਸ ਦੀ ਭੂਮਿਕਾ ਕ੍ਰਾਂਤੀਕਾਰੀ ਵਾਲੀ ਹੈ। ਉਸ ਨੂੰ ਗਿਆਨ ਸੀ ਕਿ ਉਸ ਦੀ ਸਰਕਾਰ ਭਾਜਪਾ ਤੇ ਕਾਂਗਰਸ ਵੱਲੋਂ ਨਹੀਂ ਚੱਲਣ ਦਿੱਤੀ ਜਾਵੇਗੀ। ਇਸ ਲਈ ਉਸ ਦਾ ਤੁਰੰਤ ਨਿਸ਼ਾਨਾ ਆਪਣੇ ਚੋਣਵੇਂ ਅਮਲ ਯੋਗ ਵਚਨਾਂ ਦੀ ਪੂਰਤੀ ਵਾਲੇ ਕਾਰਜਾਂ ਨੂੰ ਫਟਾਫਟ ਸੰਪੂਰਨ ਕਰਨ ਦਾ ਸੀ। ਉਸ ਨੇ ਕੁਝ ਦਿਨਾਂ ਵਿੱਚ ਮੁਫ਼ਤ ਪਾਣੀ ਦੀ ਸਹੂਲਤ ਅਤੇ ਬਿਜਲੀ 400 ਯੂਨਿਟਾਂ ਤੱਕ ਦੇ ਖ਼ਪਤਕਾਰਾਂ ਲਈ ਰੇਟ ਅੱਧੇ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਨਾਲ ਹੀ ਦਿੱਲੀ ਦੀ ਬਿਜਲੀ ਸਪਲਾਈ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਦੇ ਹਿਸਾਬ-ਕਿਤਾਬ ਦੇ ਆਡਿਟ ਦੇ ਹੁਕਮ ਜਾਰੀ ਕਰ ਦਿੱਤੇ। ਇਹ ਹੁਕਮ ਤਾਂ ਜਾਰੀ ਹੋਏ, ਕਿਉਂਕਿ ਕਾਰਪੋਰੇਟ ਜਗਤ ਦੀਆਂ ਇਨ੍ਹਾਂ ਕੰਪਨੀਆਂ ਉ¤ਪਰ ਉਸ ਸਮੇਂ ਦੀ ਸ਼ੀਲਾ ਸਰਕਾਰ (ਕਾਂਗਰਸ) ਦੀ ਮਿਲੀਭੁਗਤ ਨਾਲ ਸਰਕਾਰ ਤੋਂ ਝੂਠੇ ਮੂਠੇ ਢੰਗ ਨਾਲ ਸਬਸਿਡੀਆਂ ਪ੍ਰਾਪਤ ਕਰਨ ਦੇ ਦੋਸ਼ ਲੱਗ ਰਹੇ ਸਨ।
ਇੱਥੋਂ ਤੱਕ ਦਿੱਲੀ ਦੇ ਪੂਰਨ ਰਾਜ ਲਈ ਕੇਂਦਰ ਸਰਕਾਰ ਵਿਰੁੱਧ ਧਰਨਾ ਦੇ ਕੇ ਕੇਜਰੀਵਾਲ ਨੇ ਆਪਣਾ ਕ੍ਰਾਂਤੀਕਾਰੀ ਪੱਖ ਉਜਾਗਰ ਕੀਤਾ। ਸਰਕਾਰ ਦੇ ਅੰਤਿਮ ਦਿਨਾਂ ਦੌਰਾਨ ਕੇਜਰੀਵਾਲ ਨੇ ਆਪਣੇ ਭ੍ਰਿਸ਼ਟਾਚਾਰ ਵਿਰੋਧੀ ਸੰਗਠਨ ਨੂੰ ਹੁਕਮ ਦਿੱਤਾ ਕਿ ਕੇਂਦਰੀ ਸਰਕਾਰ ਦੇ ਵਰਤਮਾਨ ਤੇਲ ਮੰਤਰੀ ਤੇ ਭਾਜਪਾ ਸਰਕਾਰ ਵੇਲੇ ਦੇ ਤੇਲ ਮੰਤਰੀ ਵਿਰੁੱਧ ਗੈਸਾਂ ਦੇ ਭਾਵਾਂ ਬਾਰੇ ਰਿਲਾਇੰਸ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨਾਲ ਮਿਲੀਭੁਗਤ ਰਾਹੀਂ ਠੱਗੀ ਮਾਰਨ ਦਾ ਕੇਸ ਦਰਜ ਕੀਤਾ ਜਾਵੇ। ਭ੍ਰਿਸ਼ਟਾਚਾਰ ਵਿਰੋਧੀ ਮੁਕੱਦਮਾ ਦਰਜ ਕਰਨ ਉਪਰੰਤ ਮੁੱਖ ਮੰਤਰੀ ਨੇ ਆਪਣੇ ਮੁੱਖ ਏਜੰਡਾ ਜਨਪਾਲ ਲੋਕ ਬਿਲ ਅਸੈਂਬਲੀ ਵਿੱਚ ਪੇਸ਼ ਕੀਤਾ। ਇਸ ਦਾ ਵਿਰੋਧ ਲੈਫਟੀਨੈਂਟ ਗਵਰਨਰ ਨੇ ਕੀਤਾ, ਜਿਸ ਨੇ ਕੇਂਦਰ ਦੇ ਕਾਨੂੰਨ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਰੋਧ ਵਾਲੀ ਚਿੱਠੀ ਅਸੈਂਬਲੀ ਦੇ ਸਪੀਕਰ ਨੂੰ ਲਿਖੀ। ਚਿੱਠੀ ਉ¤ਪਰ ਵੋਟਾਂ ਪਈਆਂ, ਤਾਂ ਕਾਂਗਰਸ ਤੇ ਭਾਜਪਾ ਨੇ ਰਲ ਕੇ ਇਸ ਲੋਕ ਹਿਤੂ ਕਾਨੂੰਨ ਦਾ ਵਿਰੋਧ ਕਰਕੇ ਇਸ ਨੂੰ ਹਰਾ ਦਿੱਤਾ। ਕੇਜਰੀਵਾਲ ਨੇ ਸਾਫ਼ ਕਿਹਾ ਕਿ ਕਾਂਗਰਸ ਤੇ ਭਾਜਪਾ ਅੰਬਾਨੀ ਨੂੰ ਬਚਾਉਣ ਲਈ ਇਹ ਭ੍ਰਿਸ਼ਟ ਖੇਡ ਖੇਡ ਰਹੇ ਹਨ। ਇਸ ਲਈ ਕੇਜਰੀਵਾਲ ਨੇ ਅਸਤੀਫਾ ਦੇ ਕੇ ਭਾਜਪਾ ਤੇ ਕਾਂਗਰਸ ਦੀ ਬਣੀ ਬਣਾਈ ਖੇਡ ਨੂੰ ਵਿਗਾੜ ਦਿੱਤਾ। ਆਮ ਕਰਕੇ ਕਾਂਗਰਸ ਤੇ ਭਾਜਪਾ ਇਸੇ ਤਰ੍ਹਾਂ ਹੀ ਸਰਕਾਰਾਂ ਨੂੰ ਮੂਧੇ ਮੂੰਹ ਸਿਟਦੀਆਂ ਰਹੀਆਂ ਹਨ। ਇਹ ਪਹਿਲੀ ਵਾਰ ਹੈ ਕਿ ਕੇਜਰੀਵਾਲ ਨੇ ਇਨ੍ਹਾਂ ਨੂੰ ਦਿਨੇ ਹੀ ਤਾਰੇ ਦਿਖਾ ਦਿੱਤੇ ਹਨ ਅਤੇ ਭਾਜਪਾ ਇਸੇ ਤੋਂ ਪਰੇਸ਼ਾਨ ਨਵੀਂ ਰਣਨੀਤੀ ‘ਕਾਂਗਰਸ’ ਦੀ ਬਜਾਏ ‘ਆਪ’ ਵਿਰੁੱਧ ਘੜਨ ਲਈ ਮਜਬੂਰ ਹੋਈ ਪਈ ਹੈ।
‘ਆਪ’ ਅਕਾਲੀ ਦਲ ਲਈ ਹੋ ਸਕਦੀ ਏ ਖਤਰਨਾਕ
ਸਿਆਸੀ ਮਾਹਿਰਾਂ ’ਚ ਇਹ ਚਰਚਾ ਹੈ ਕਿ ਪੰਜਾਬ ਅੰਦਰ ‘ਆਪ’ ਦਾ ਵਧ ਰਿਹਾ ਪ੍ਰਭਾਵ ਰਵਾਇਤੀ ਸਿਆਸੀ ਪਾਰਟੀਆਂ ਲਈ ਚੈਲਿੰਜ ਬਣ ਸਕਦਾ ਹੈ। ‘ਆਪ’ ਵੱਲੋਂ ਪੰਜਾਬ ਦੀਆਂ ਕੁਲ 13 ਸੀਟਾਂ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਉਮੀਦਵਾਰਾਂ ਦੀ ਚੋਣ ਲਈ ਸਕਰੀਨਿੰਗ ਕਮੇਟੀ ਵੀ ਕਾਇਮ ਕਰ ਦਿੱਤੀ ਗਈ ਹੈ। ਲੁਧਿਆਣੇ ਤੋਂ ਉਨ੍ਹਾਂ ਨੇ ਹਰਵਿੰਦਰ ਸਿੰਘ ਫੁਲਕਾ ਐਡਵੋਕੇਟ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਬਣਾ ਦਿੱਤਾ ਹੈ। ਉਨ੍ਹਾਂ ਦੀ ਬੀਤੇ ਦਿਨੀਂ ਪੰਜਾਬ ਕਈ ਜ਼ਿਲ੍ਹਿਆਂ ਵਿਚ ਭਰਵੀਂ ਝਾੜੂ ਰੈਲੀ ਕਾਂਗਰਸ ਤੇ ਅਕਾਲੀ-ਭਾਜਪਾ ਗੱਠਜੋੜ ਲਈ ਚੈਲਿੰਜ ਬਣ ਕੇ ਸਾਹਮਣੇ ਆਈ ਹੈ। ਇਸ ਸਮੇਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ’ਚ  ਨੀਲਾ ਤਾਰਾ ਜੂਨ ‘84 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਨੂੰ ਲੈ ਕੇ ਕੈਪਟਨ ਤੇ ਬਾਦਲ ਵਿਚਕਾਰ ਸਿਆਸੀ ਜੰਗ ਛਿੜੀ ਹੋਈ ਹੈ। ਚੋਣਾਂ ਦੇ ਦੌਰਾਨ ਹੀ ਇਨ੍ਹਾਂ ਸਿਆਸਤਦਾਨਾਂ ਨੂੰ ਇਨ੍ਹਾਂ ਮੁੱਦਿਆਂ ਦਾ ਚੇਤਾ ਆਉਂਦਾ ਹੈ, ਪਰ ਉਨ੍ਹਾਂ ਨੇ ਕਦੇ ਵੀ ਇਸ ਮੁੱਦਿਆਂ ਨੂੰ ਸ਼ਾਂਤਮਈ ਢੰਗ ਨਾਲ ਹੱਲ ਕਰਨ ਦੇ ਯਤਨ ਨਹੀਂ ਕੀਤੇ। ਪਰ ਦਿੱਲੀ ’ਚ ਕੇਜਰੀਵਾਲ ਸਰਕਾਰ ਨੇ ਇਨ੍ਹਾਂ ਸਿਆਸਤਦਾਨਾਂ ਦੇ ਉਲਟ ਨਵੰਬਰ ‘84 ਦੇ ਦੰਗਿਆਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ ਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਮਾਫੀ ਲਈ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਸਿੱਖ ਭਾਈਚਾਰੇ ਵਿਚ ਆਪਣੀ ਅਹਿਮ ਥਾਂ ਬਣਾ ਲਈ ਹੈ। ਜਿਹੜੇ ਮੁੱਦਿਆਂ ਨੂੰ ਛੂਹਣ ਤੋਂ ਅਕਾਲੀ ਦਲ ਬਾਦਲ ਡਰਦਾ ਸੀ, ਉਸ ਨੂੰ ਕੇਜਰੀਵਾਲ ਨੇ ਛੂਹ ਕੇ ਬਾਦਲ ਨੂੰ ਇਸ ਪੈਂਤੜੇ ਤੋਂ ਕਰਾਰੀ ਮਾਤ ਦਿੱਤੀ ਹੈ। ਸਿਮਰਨਜੀਤ ਸਿੰਘ ਮਾਨ ਜੋ ਕਿ ਗਰਮ ਖਿਆਲੀ ਲੀਡਰ ਵਜੋਂ ਜਾਣੇ ਜਾਂਦੇ ਹਨ, ਉਹ ਵੀ ਕੇਜਰੀਵਾਲ ਦੇ ਪ੍ਰਸ਼ੰਸਕ ਬਣ ਗਏ ਹਨ।
ਦੋਵੇਂ ਪ੍ਰਮੁੱਖ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਦੇ ਆਗੂ ਭਾਵੇਂ ਇਹ ਮੰਨਣ ਨੂੰ ਤਿਆਰ ਨਹੀਂ ਕਿ ‘ਆਪ’ ਦੀ ਕੋਈ ਚੁਣੌਤੀ ਨਹੀਂ, ਪਰ ਉਨ੍ਹਾਂ ਦੇ ਭਾਸ਼ਣਾਂ ਤੇ ਬਿਆਨਾਂ ਵਿਚ ‘ਆਪ’ ਦੀ ਗੂੰਜ ਇਹ ਦੱਸ ਰਹੀ ਹੈ ਕਿ ਉਹ ਕੇਜਰੀਵਾਲ ਦੀ ਆਮਦ ਤੋਂ ਘਬਰਾਏ ਹੋਏ ਹਨ। ‘ਆਪ’ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਘੱਟੋ-ਘੱਟ ਪੰਜ ਲੋਕ ਸਭਾ ਹਲਕਿਆਂ ਵਿਚ ਉਨ੍ਹਾਂ ਦੇ ਉਮੀਦਵਾਰਾਂ ਕਾਰਨ ਤਿਕੋਣੀ ਟੱਕਰ ਹੋਵੇਗੀ ਤੇ ਜਿੱਤ-ਹਾਰ ਦਾ ਫਰਕ ਬਹੁਤਾ ਨਹੀਂ ਹੋਵੇਗਾ। ‘ਆਪ’ ਦਾ ਨਿਰਾਲਾ ਪੱਖ ਇਹ ਹੈ ਕਿ ਉਹ ਦੂਸਰੀਆਂ ਪਾਰਟੀਆਂ ਦੇ ਨਕਾਰੇ ਆਗੂਆਂ ਨੂੰ ਪਾਰਟੀ ’ਚ ਲੈਣ ਦੀ ਬਜਾਏ ਨਵੀਂ ਲੀਡਰਸ਼ਿਪ ਉਭਾਰਨ ਦੇ ਯਤਨਾਂ ਵਿਚ ਹੈ। ਦਿੱਲੀ ਦਾ ਇਹ ਸਫਲ ਤਜ਼ਰਬਾ ਉਹ ਬਾਕੀ ਥਾਂਵਾਂ ’ਤੇ ਵੀ ਦੁਹਰਾਏਗੀ।

Send this to a friend