ਕਾਹਨੂੰਵਾਨ, 4 ਜੂਨ (ਡਾ.ਜਸਪਾਲ ਸਿੰਘ ਭਿੱਟੇਵੱਡ)- ਪੰਜਾਬ ਦੇ ਕਿਸਾਨ ਅਤੇ ਦੇਸ਼ ਦਾ ਅੰਨਦਾਤਾ ਖੇਤੀ ਗੁਰਬਤ ਅਤੇ ਕਰਜੇ ਦੀ ਮਾਰ ਹੇਠ ਆ ਕੇ ਖੁਦਕੁਸੀਆਂ ਦੇ ਰਾਹ ਪਿਆ ਹੋਇਆ ਹੈ।ਅਜਿਹਾ ਹੀ ਇਕ ਮਾਮਲਾ ਪਿੰਡ ਭੈਣੀ ਮੀਆਂ ਖਾਨ ਵਿਚ ਸਾਹਮਣੇ ਆਇਆ ਹੈ ਜਿਥੇ ਪਰਿਵਾਰ ਵਾਲਿਆਂ ਨੇ ਪਰਿਵਾਰ ਦੇ ਮੁਖੀ ਤੇ ਕਰਜੇ ਦੀ ਪੰਡ ਹੋਣ ਕਾਰਨ ਜ਼ਹਿਰ ਖਾ ਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੁਤਰ ਅਜੀਤ ਸਿੰਘ ਭੈਣੀ ਮੀਆਂ ਖਾਨ ਵਿਖੇ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ।ਸਤਨਾਮ ਸਿੰਘ ਕੋਲ ਕੇਵਲ ਢੇਡ ਏਕੜ ਜ਼ਮੀਨ ਹੈ।ਉਸ ਦੇ ਸਿਰ ਖੇਤੀ ਅਤੇ ਹੋਰ ਘਰੇਲੂ ਖਰਚਿਆਂ ਕਾਰਨ ਬੈੰਕ ਦਾ 3 ਲਖ ਦਾ ਕਰਜ਼ਾ ਸੀ।ਇਸ ਤੋਂ ਇਲਾਵਾ ਉਸ ਦੇ ਸਿਰ ਸਾਹੂਕਾਰੀ ਅਤੇ ਹੋਰ ਰਿਸ਼ਤੇਦਾਰਾਂ ਕੋਲੋ ਵੀ 4 ਲਖ ਦੇ ਕਰੀਬ ਕਰਜ ਲਿਆ ਹੋਇਆ ਸੀ।ਇਸ ਤੋਂ ਇਲਾਵਾ ਉਸਨੇ ਪਿਛਲੇ ਦਿਨੀ ਆਪਣੀ ਬੇਟੀ ਦਾ ਵਿਆਹ ਕੀਤਾ ਸੀ ਜਿਸ ਕਾਰਨ ਉਹ ਹੋਰ ਆਰਥਿਕ ਮੰਦਹਾਲੀ ਹੇਠ ਆ ਗਿਆ ।ਇਸ ਸਬੰਧੀ ਕਿਸਾਨ ਦੇ ਪੁਤਰ ਮਨਪ੍ਰੀਤ ਸਿੰਘ ਭਰਾ ਨਰਿੰਦਰ ਸਿੰਘ ,ਸੁਖਵਿੰਦਰ ਸਿੰਘ ਅਤੇ ਸਰਪੰਚ ਗੁਰਪ੍ਰੀਤ ਰਿਆੜ ਨੇ ਦਸਿਆ ਕਿ ਬੀਤੇ ਦਿਨੀਂ ਕਿਸਾਨ ਸਤਨਾਮ ਸਿੰਘ ਨੇ ਆਪਣੇ ਖੇਤਾਂ ਚ ਜਾ ਕੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ।ਸਤਨਾਮ ਸਿੰਘ ਨੇ ਸ਼ਾਮ ਦੇ ਸਮੇਂ ਘਰ ਆ ਕੇ ਦਸਿਆ ਕਿ ਉਸਨੇ ਜ਼ਹਿਰ ਨਿਗਲ ਲਿਆ ਹੈ।ਸਤਨਾਮ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਨੇ ਉਸਦੀ ਗਲ ਸਚ ਨਹੀਂ ਮੰਨੀ ਤਾਂ ਸਤਨਾਮ ਸਿੰਘ ਨੇ ਸਲਫਾਸ ਦੀਆਂ ਗੋਲੀਆਂ ਆਪਣੀ ਜੇਬ ਚੋਂ ਕਢ ਕੇ ਦਸੀਆਂ ।ਇਸ ਦੌਰਾਨ ਸਤਨਾਮ ਸਿੰਘ ਦੀ ਹਾਲਤ ਇਕ ਦਮ ਵਿਗੜ ਗਈ।ਜਿਸ ਦੇ ਚਲਦਿਆਂ ਉਸਨੂੰ ਗੰਭੀਰ ਹਾਲਤ ਚ ਗੁਰਦਾਸਪੁਰ ਦੇ ਇਕ ਨਿਜੀ ਹਸਪਤਾਲ ਚ ਇਲਾਜ ਲਈ ਦਾਖਿਲ ਕਰਵਾਇਆ।ਜਿਥੇ ਉਸਦੀ ਹਾਲਤ ਗੰਭੀਰ ਹੋਣ ਦੇ ਕਾਰਨ ਉਸਨੂੰ ਅਮ੍ਰਿਤਸਰ ਦੇ ਇਕ ਨਿਜੀ ਹਸਪਤਾਲ ਚ ਇਲਾਜ ਲਈ ਦਾਖਲ ਕਰਵਾਇਆ।ਕਿਸਾਨ ਦੇ ਪਰਿਵਾਰ ਨੇ ਦਸਿਆ ਕਿ ਸਤਨਾਮ ਸਿੰਘ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।ਉਹਨਾਂ ਦਸਿਆ ਕਿ ਘਰ ਦੀ ਹਾਲਤ ਗਰੀਬ ਹੋਣ ਕਰਕੇ ਉਹਨਾਂ ਨੂੰ ਇਲਾਜ ਲਈ ਵਡਾ ਖਰਚਾ ਕਰਨਾ ਪੈ ਰਿਹਾ ਹੈ।ਸਤਨਾਮ ਸਿੰਘ ਦਾ ਇਲਾਜ ਵੀ ਪਿੰਡ ਵਾਸੀਆਂ ਅਤੇ ਸਜਣਾ ਮਿਤਰਾਂ ਵਲੋਂ ਮਿਲੀ ਸਹਾਇਤਾ ਤੇ ਚਲ ਰਿਹਾ ਹੈ।ਇਸ ਸਬੰਧੀ ਥਾਣਾ ਭੈਣੀ ਮੀਆਂ ਖਾਨ ਵਿਚ ਸੂਚਨਾ ਦਿਤੀ ਗਈ ਹੈ।ਥਾਣਾ ਭੈਣੀ ਮੀਆਂ ਖਾਨ ਦੇ ਮੁਖੀ ਕੁਲਵਿੰਦਰ ਸਿੰਘ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਿਸਾਨ ਮਾਨਸਿਕ ਪ੍ਰੇਸ਼ਾਨੀ ਚ ਹੀ ਅਜਿਹਾ ਕਦਮ ਉਠਾਇਆ ਲਗਦਾ ਹੈ,ਬਾਕੀ ਕਿਸਾਨ ਅਜੇ ਬਿਆਨ ਦੇਣ ਦੇ ਲਈ ਸਮਰਥ ਨਹੀਂ ਹੈ।ਜੋ ਵੀ ਬਿਆਨ ਹੋਣਗੇ ਉਸ ਤੋਂ ਹੀ ਇਸ ਘਟਨਾ ਦੀ ਅਸਲੀਅਤ ਦਾ ਪਤਾ ਲੱਗੇਗਾ।
ਕਰਜੇ ਦੀ ਮਾਰ ਹੇਠ ਆਏ ਕਿਸਾਨ ਨੇ ਨਿਗਲੀ ਸਲਫਾਸ



