ਬਿੱਕਰ ਸਿੰਘ ਘਲੋਟੀ
ਸੰਪਰਕ-98291-05396
ਸਿੱਖ ਧਰਮ ’ਚ ਭਗਤ ਧੰਨਾ ਜੀ ਨੂੰ ਜਿੱਥੇ ਸ਼੍ਰੋਮਣੀ ਭਗਤ ਦੀ ਉਪਾਧੀ ਨਾਲ ਵਡਿਆਈ ਦਿੱਤੀ ਗਈ ਹੈ, ਉਥੇ ਉਨ੍ਹਾਂ ਦੇ ਮੁਖਾਰਬਿੰਦ ’ਚੋਂ ਨਿਕਲੇ ਕਾਵਿਕ ਬੋਲਾਂ ਨੂੰ ਗੁਰੂ ਸਾਹਿਬਾਨ ਦੁਆਰਾ ਉਨ੍ਹਾਂ ਦੇ ਰਚੇ ‘ਭ੍ਰਮਤ ਫਿਰਤ ਬਹੁ ਜਨਮ ਬਿਲਾਨੇ…’, ‘ਰੇ ਚਿਤ ਚੇਤਸਿ ਕੀ…’ ਤੇ ‘ਗੋਪਾਲ ਤੇਰਾ ਆਰਤਾ..’ ਤਿੰਨ ਸ਼ਬਦਾਂ ਨੂੰ ਸ੍ਰੀ ਗੁਰੂ ਗ੍ਰੰਥਸਾਹਿਬ ਦੇ 487, 488 ਤੇ 69ਪ੍ਰ ਕ੍ਰਮਵਾਰ ਪੰਨਿਆਂ ਉਪਰ ਦਰਜ ਕੀਤਾ ਗਿਆ ਹੈ। ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਬਾਨੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਤੋਂ ਵਰੋਸਾਏ ਸੇਵਾਦਾਰ ਬਾਬਾ ਲੱਖਾ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਜੱਥੇਦਾਰ ਗੁਰਦੁਆਰਾ ਅਗੰਮਗੜ੍ਹ ਸਾਹਿਬ ਬੜਗਾਂਵ (ਕੋਟਾ) ਵਾਲਿਆਂ ਦੀ ਰਹਿਨੁਮਾਈ ਹੇਠ ਪੰਥ ਵੱਲੋਂ ਉਨ੍ਹਾਂ ਨੂੰ ਸਮਰਪਿਤ ਗੁਰਦੁਆਰਾ ਭਗਤ ਧੰਨਾ ਜੀ-ਰਾਜਸਥਾਨ ਦੇ ਟੌਂਕ ਜ਼ਿਲ੍ਹੇ ਅੰਦਰ ਪੈਂਦੇ ਕਸਬਾ ਭਰਨੀ ਦੇ ਚੜ੍ਹਦੇ ਪਾਸੇ 5 ਕਿ.ਮੀ. ਦੀ ਵਿੱਥ ’ਤੇ ਵਸੇ ਪਿੰਡ ਪਿੰਡ ਧੂੰਆਂ ਕਲ੍ਹਾਂ ਦੇ ਖੁੱਲ੍ਹੇ ਖੇਤ ਖਲਿਆਣਾਂ ਦੇ ਰਮਣੀਕ ਇਲਾਕੇ ਵਿਚ ਸੁਭਾਇਮਾਨ ਹੈ, ਜਿਸ ਦੀ ਸੌਂਪੀ ਹੋਈ ਪ੍ਰਬੰਧਕੀ ਸੰਭਾਲ ਸੇਵਾ ਜੱਥੇਦਾਰ ਬਾਬਾ ਸ਼ੇਰ ਸਿੰਘ ਪਿਛੋਕੜ ਪਿੰਡ ਬਰਸਟ (ਪਟਿਆਲਾ) ਬੜੇ ਸ਼ਰਧਾ ਭਾਵ ਤੇ ਦ੍ਰਿੜ ਨਿਸਚੈ ਨਾਲ ਨਿਭਾਅ ਰਹੇ ਹਨ। ਉਨ੍ਹਾਂ ਮੁਤਾਬਿਕ 1994 ਵਿੱਚ ਜਮੀਨ ਖਰੀਦ ਕੇ ਗੁਰਦੁਆਰਾ ਸਾਹਿਬ ਦੀ ਆਰੰਭਤਾ ਹੋਈ ਅਤੇ ਇਮਾਰਤ ਮੁਕੰਮਲ ਹੋਣ ’ਤੇ 1997 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ।
ਕੁਦਰਤੀ ਸ਼ਾਂਤਮਈ ਵਾਤਾਵਰਣ ਵਿੱਚ ਸ਼ੋਭਨੀਕ ਇਹ ਸਮਾਗਮ-‘ਭਗਤ ਬਾਬੇ’ ਦੇ ਗੁਰਮਤਿ ਚਿੰਤਨ ‘ਪ੍ਰਭੂ ਦੇ ਪੱਥਰ ’ਚ ਹੀ ਨਹੀਂ, ਸ੍ਰਿਸ਼ਟੀ ਦੇ ਕਣ ਕਣ ਵਿੱਚ ਰਮੇ ਹੋਣ ਦੇ ਸੰਦੇਸ਼’ ਨੂੰ ਪ੍ਰਗਟ ਕਰਦਾ ਹੈ। ਰੱਬੀ ਪ੍ਰੇਮ ਰੱਖਣ ਵਾਲੇ ਭੋਲੇ ਭਾਲੇ, ਸਿੱਧ ਪੱਧਰੇ ਤੇ ਮਿਲਾਪੜੇ ਧੰਨਾ ਜੀ ਦੀ ਅਟੁੱਟ ਵਿਸ਼ਵਾਸ ਭਰੀ ਸ਼ਰਧਾ, ਪ੍ਰੇਮ ਭਗਤੀ ਤੇ ਸੇਵਾ ਭਾਵ ਦੇ, ਦੇਖਣ ਵਾਲਿਆਂ ਨੂੰ ਅੱਜ ਵੀ ਇਥੇ ਦਰਸ਼ਨ ਹੁੰਦੇ ਹਨ। ਇਸ ਅਸਥਾਨ ਉਤੇ ਕਾਰ ਸੇਵਾ ਜਾਰੀ ਹੈ। ਤਨੋ ਮਨੋ ਧਨੋ ਜੁੜੀਆਂ ਸੰਗਤਾਂ ਦੇ ਵੱਡੇ ਸਹਿਯੋਗ ਸਦਕਾ ਇਕ ਸੌ ਪੱਚੀ ਫੁੱਟ ਉਚੇ ਕੇਸਰੀ ਨਿਸ਼ਾਨ ਸਾਹਿਬ ਵਾਲੇ ਤਿੰਨ ਮੰਜ਼ਿਲਾਂ ਆਲੀਸ਼ਾਨ ਦਰਬਾਰ ਸਾਹਿਬ ਦੇ ਸਾਥ ਸੰਗ ਅੱਜ ਲੰਗਰ ਹਾਲ ਤੇ ਕੁਝ ਰਿਹਾਇਸ਼ੀ ਕਮਰੇ ਤਿਆਰ ਹਨ। ਹਾਲੇ ਹੋਰ ਰਿਹਾਇਸ਼ੀ ਕਮਰਿਆਂ ਸਹਿਤ ਦੀਵਾਨ ਹਾਲ ਤੇ ਸਰੋਵਰ ਵਿਉਂਤ ਅਧੀਨ ਹਨ। ਕਣਕ, ਸਰ੍ਹੋਂ, ਧਣੀਆਂ ਤੇ ਸੋਇਆਬੀਨ ਇਲਾਕੇ ਦੀਆਂ ਪ੍ਰਮੁੱਖ ਫਸਲਾਂ ਹਨ। ਗੁਰਦੁਆਰਾ ਸਾਹਿਬ ਦੇ ਹਿੱਸੇ ਵਾਹੀਯੋਗ ਕੁਝ ਜਮੀਨ ਵਿੱਚੋਂ ਸੇਵਾਦਾਰ ਸਿੰਘ ਖੇਤੀਬਾੜੀ ਕਰਦੇ ਹਨ। ਕੁਝ ਘੋੜੇ ਤੇ ਮੱਝਾਂ ਗਾਵਾਂ ਵੀ ਪਾਲੀਆਂ ਹੋਈਆਂ ਹਨ। ਦੁੱਧ ਦੀ ਵੱਡੀ ਪੂਰਤੀ ਹੋਣ ਨਾਲ ਦਹੀ ਮੱਖਣ-ਲੱਸੀ ਭਰਪੂਰ ਗੁਰੂ ਦਾ ਅਤੁੱਟ ਚੌਵੀ ਘੰਟੇ ਚੱਲਦਾ ਲੰਗਰ ਬਾਬੇ ਧੰਨੇ ਦੀ ਰੋਟੀ ਦਾ ਅਕਸ ਉਭਾਰਦਾ ਹੈ।
ਜਨਮ ਤੇ ਤਪੋ ਭੂਮੀ ਧੂੰਆਂ ਕਲਾਂ ਵਿੱਚ ਪੁਰਾਣੇ ਵੇਲਿਆਂ ਵਾਂਗ ਲੋਕ ਭਗਤ ਧੰਨਾ ਜੀ ਨੂੰ ਅੱਜ ਵੀ ਦੇਵਤਾ ਦੀ ਤਰ੍ਹਾਂ ਪੂਜਦੇ ਹਨ। ਇਥੇ ਇਹ ਕਹਾਵਤ ਅੱਜ ਵੀ ਪ੍ਰਸਿੱਧ ਹੈ:-
ਧੰਨ ਧੰਨਾ ਕੋ ਹਰਿ ਸੋ ਹੇਤ। ਬਿਨ ਬੀਜ ਉਪਜਾਓ ਖੇਤ।
ਪਿੰਡ ਵਿੱਚ ‘ਸਿੱਖ’ ਭਾਵੇਂ ਨਹੀਂ ਦੇ ਬਰਾਬਰ ਹਨ ਪਰ ਇਸ ਅਸਥਾਨ ਪ੍ਰਤੀ ਵੱਡੀ ਸ਼ਰਧਾ ਹੈ। ਬੀਸਲਪੁਰ ਬੰਨ੍ਹ ਤੋਂ ਕੱਢੀਆਂ ਗਈਆਂ ਛੋਟੀਆਂ ਨਹਿਰਾਂ ਰਾਹੀਂ ਪ੍ਰਦੇਸ਼ ਦੀ ਸਭ ਤੋਂ ਵੱਡੀ ਨਦੀ ਬਨਾਸ ਦੇ ਪਾਣੀ ਪ੍ਰਵੇਸ਼ ਨਾਲ ਸਰਸਬਜ਼ ਹੋਏ ਇਲਾਕੇ ਵਿੱਚ ਛਾਈ ਵਿਕਾਸ ਖੁਸ਼ਹਾਲੀ ਦੀ ਸੰਪੰਨਤਾ ਨੂੰ ਲੋਕ ਬਾਬੇ ਧੰਨੇ ਦੇ ਗੁਰਧਾਮ ਦੀ ਹੀ ਮੇਹਰ ਸਮਝਦੇ ਹਨ। ਇਸ ਵਜ੍ਹਾ ਕਾਰਨ ਵੀ ਲੋਕਾਂ ਦੀ ਆਸਥਾ ਦੂਣ ਸਵਾਈ ਹੋਈ ਹੈ। ਉਹ ਕਿਸੇ ਵੀ ਸਮਾਜ ਸੇਵੀ ਕਾਰਜ ਸਮੇਂ ਗੁਰਦੁਆਰਾ ਸਾਹਿਬ ਦੀ ਅਗਵਾਈ ਪਹਿਲ ਦੇ ਅਧਾਰ ’ਤੇ ਲੈਂਦੇ ਹਨ। ਬਾਰ੍ਹਾਂ ਪਿੰਡਾਂ ਦੀ ਪੰਚਾਇਤ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਸਲਾਹ ਮਸ਼ਵਰੇ ਨਾਲ ਹੀ ਮੌਜੂਦ ਇਤਿਹਾਸਕ ਖੂਹ ਵਾਲੇ ਬਾਬੇ ਧੰਨੇ ਦੇ 18 ਵਿੱਘੇ ਖੇਤਾਂ ਨੂੰ ਬਿਜਾਈ ਲਈ ਠੇਕੇ ’ਤੇ ਦਿੱਤਾ ਜਾਂਦਾ ਹੈ। ਇਹ ਖਾਸ ਕਾਬਲੇ ਗੌਰ ਹੈ ਕਿ ਪਿੰਡ ਤੋਂ 1 ਕਿ.ਮੀ. ਬਾਹਰਵਾਰ ਕਰੀਬ 30-35 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸਰੂਪ ਵਰਗੀ ਮੂਰਤੀ ਸਥਾਪਿਤ ਕਰ ਬਣਾਏ ਗਏ ਭਗਨ ਧੰਨਾ ਦੇ ਮੰਦਿਰ ਵਿਚ ਕੁਝ ਕੁ ਚਿਰ ਹੋਏ ਦੂਰ ਦੂਰ ਤੋਂ ਆਏ 31 ਪ੍ਰਬੁੱਧ ਸਾਧੂ ਸੰਤਾਂ ਤੇ ਭਗਤਾਂ ਦੁਆਰਾ ਸਵਾਮੀ ਰਾਮਾਨੰਦ ਸੰਪਰਦਾਇ ਦੇ ਭਗਤਮਾਲੀ ਸ੍ਰੀ ਗਣੇਸ਼ ਦਾਸ ਵਰਿੰਦਾਵਣ ਦੀ ਅਗਵਾਈ ’ਚ ਮਨਾਏ ਗਏ ਭਗਤ ਧੰਨਾ ਜੀ ਦੇ ਜਯੰਤੀ ਮਹਾਂਉਤਸਵ ਮੌਕੇ ਮੁੱਖ ਮਾਰਗ ਦਰਸ਼ਨ ਇਸ ਗੁਰਧਾਮ ਤੋਂ ਹੀ ਲਿਆ ਗਿਆ।
ਪ੍ਰਭੂ ਦੇ ਪ੍ਰਤੱਖ ਪ੍ਰਗਟ ਹੋਣ ਵਾਲਾ ਪਾਵਨ ਅਸਥਾਨ ਅੱਜ ਸਿੱਖ ਆਸਥਾ ਦੇ ਕੇਂਦਰ ਵਜੋਂ ਉਭਾਰ ’ਤੇ ਹੈ। ਸ੍ਰੀ ਗੁਰੂ ਗ੍ਰੰਥਸਾਹਿਬ ਦੇ 400 ਸਾਲਾ ਪ੍ਰਕਾਸ਼ ਉਤਸਵ ’ਤੇ ਰਾਜਸਥਾਨ ਤੋਂ ਨਿਕਲਿਆ ਸ਼੍ਰੋਮਣੀ ਕਮੇਟੀ ਦਾ ਮੁੱਖ ਨਗਰ ਕੀਰਤਨ ਭਾਵੇਂ ਭਗਤ ਪੀਪਾ ਜੀ ਦੇ ਅਸਥਾਨ ਗਾਗਰੌਨ ਤੋਂ ਆਰੰਭ ਹੋਇਆ ਸੀ ਪਰ ਅੰਮ੍ਰਿਤਸਰ ਵੱਲ ਚਾਲੇ ਸਮੇਂ ਇਸ ਨੇ ਵਿਸ਼ਾਲ ਰੂਪ ਧੂੰਆਂ ਕਲਾਂ ਵਿਖੇ ਧਾਰਨ ਕੀਤਾ ਸੀ। ਇਥੇ ਹੀ ਕੋਟਾ ਵਾਲੇ ਮਹਾਂਪੁਰਖਾਂ, ਸਿੰਘ ਸਾਹਿਬ ਗਿ. ਪੂਰਨ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸ. ਗੁਰਦੇਵ ਸਿੰਘ ਬਾਦਲ ਦੇ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਪ੍ਰਬੰਧ ਹੇਠ ਭਾਰੀ ਦੀਵਾਨ ਸਜੇ ਸਨ। ਵੱਡੀ ਗਿਣਤੀ ਦੇ ਲੰਗਰ ਛਕਣ ਉਪਰੰਤ ਇਥੋਂ ਹੀ ਨਗਰ ਕੀਰਤਨ ਅਗਾਂਹ ਰਵਾਨਾ ਹੋਇਆ ਸੀ। ਅੱਜ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਨੂੰ ਆਉਂਦੀਆਂ ਜਾਂਦੀਆਂ ਸੰਗਤਾਂ ਇਸ ਅਸਥਾਨ ਦੇ ਵੀ ਜ਼ਰੂਰ ਦਰਸ਼ਨ ਕਰਦੀਆਂ ਹਨ।
ਭਗਤ ਧੰਨਾ ਜੀ ਦਾ ਜਨਮ ਦਿਹਾੜਾ ਭਾਵੇਂ 20 ਅਪ੍ਰੈਲ ਨੂੰ ਪੈ ਰਿਹਾ ਹੈ। ਪਰ ਕਣਕ ਦੇ ਕਿਸਾਨੀ ਰੁਝੇਂਵਿਆਂ ਦੇ ਮੱਦੇਨਜ਼ਰ ਇਹ ਪਹਿਲਾਂ ਹੀ 2 ਮਾਰਚ ਦਿਨ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਚ ਧੂੰਆਂ ਕਲਾਂ ਵਿਖੇ ਸਾਲਾਨਾ ਜੋੜ ਮੇਲੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ, ਜਿਸ ਨੂੰ ਸੁਹਾਵਣਾ ਕਰਨ ਲਈ ਉਘੇ ਰਾਗੀ ਤੇ ਕਥਾਵਾਚਕ ਪੰਜਾਬ ਤੋਂ ਵਿਸ਼ੇਸ਼ ਪਹੁੰਚ ਰਹੇ ਹਨ। ਇਕ ਮਾਰਚ ਨੂੰ ਕੋਟਾ ਤੋਂ ਧੂੰਆਂ ਕਲਾਂ ਦੇ 128 ਕਿ.ਮੀ. ਦਾ ਸਫਲ ਤੈਅ ਕਰਦਾ ਖਾਲਸਾਈ ਸ਼ਾਨੋ ਸ਼ੌਕਤ ਵਾਲਾ ਇਕ ਵਿਸ਼ਾਲ ਨਗਰ ਕੀਰਤਨ ਸਜੇਗਾ। ਇਸ ਮੇਲੇ ਦੌਰਾਨ ਰਾਜਸਥਾਨ ਤੇ ਮੱਧ ਪ੍ਰਦੇਸ਼ ਦੀਆਂ ਛੇ ਟੀਮਾਂ ਦਰਮਿਆਨ ਕਬੱਡੀ ਦੇ ਤੱਕੜੇ ਖੇਡ ਮੁਕਾਬਲੇ ਵੀ ਦੇਖਣ ਨੂੰ ਮਿਲਣਗੇ।
ਸੁਪਰ ਮਕੈਨੀਕਲ ਵਰਕਸ
64-ਨਿਊ ਮੋਟਰ ਮਾਰਕੀਟ
ਕੋਟਾ (ਰਾਜਸਥਾਨ)