ਮੋਦੀ ਦੇ ਅੰਦਰ ਦੀ ਫਿਰਕਾਪ੍ਰਸਤੀ ਅਤੇ ਮੁਤਸਬਪੁਣਾ ਬੇਨਕਾਬ : ਦਲ ਖਾਲਸਾ

image ਅੰਮ੍ਰਿਤਸਰ, 24 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਦਲ ਖਾਲਸਾ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਉਸ ਬਿਆਨ ਕਿ ਬੰਗਲਾਦੇਸ਼ ਸਰਹੱਦ ਤੋਂ ਭਾਰਤ ਆਉਣ ਵਾਲੇ ਹਿੰਦੂ ਸ਼ਰਨਾਰਥੀਆਂ ਨੂੰ ਸੰਭਾਲਿਆ ਜਾਵੇਗਾ ਜਦਕਿ ਬਾਕੀਆਂ ਨੂੰ ਵਾਪਿਸ ਧੱਕ ਦਿੱਤਾ ਜਾਵੇਗਾ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਇਸ ਨਾਲ ਮੋਦੀ ਦੇ ਅੰਦਰ ਦੀ ਫਿਰਕਾਪ੍ਰਸਤੀ ਅਤੇ ਮੁਤਸਬਪੁਣਾ ਸਾਫ ਝਲਕ ਪਿਆ ਹੈ।ਜਥੇਬੰਦੀ ਦੇ ਸਿਆਸੀ ਸਕੱਤਰ ਕੰਵਰਪਾਲ ਸਿੰਘ ਨੇ ਕਿਹਾ ਕਿ ਭਾਰਤੀ ਸਟੇਟ ਦੂਜੇ ਮੁਲਕਾਂ ਤੋਂ ਆਉਣ ਵਾਲੇ ਸ਼ਰਨਾਰਥੀਆਂ ਲਈ ਦੋਹਰਾ ਮਾਪਦੰਡ ਨਹੀ ਰੱਖ ਸਕਦੀ ਅਤੇ ਨਾ ਹੀ ਇਮੀਗਰੇਸ਼ਨ (ਅਵਾਸ) ਨੀਤੀ ਕਿਹੇ ਖਾਸ ਧਰਮ ਆਧਾਰਿਤ ਹੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਭਾਜਪਾ ਦਾ ਏਜੰਡਾ ਮੁਸਲਮਾਨ ਅਤੇ ਘੱਟ-ਗਿਣਤੀ-ਵਿਰੋਧੀ ਹੈ। ਉਹਨਾਂ ਕਿਹਾ

ਕਿ ਨਰਿੰਦਰ ਮੋਦੀ ਜੇਕਰ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਭਾਰਤ ਨੂੰ ਸਹੀ ਅਰਥਾਂ ਵਿੱਚ ਹਿੰਦੂ ਰਾਸ਼ਟਰ ਬਨਾਉਣ ਦਾ ਇਛੁੱਕ ਹਨ ਤਾਂ ਉਹ ਆਪਣੇ ਮਿਸ਼ਨ ਵਿੱਚ ਤਾਂ ਹੀ ਕਾਮਯਾਬ ਹੋ ਸਕਣਗੇ ਜੇਕਰ ਭਾਰਤੀ ਨਿਜ਼ਾਮ ਪਹਿਲਾਂ ਪੰਜਾਬ, ਕਸ਼ਮੀਰ, ਨਾਗਾਲੈਂਡ ਅਤ ਆਸਾਮ ਨੂੰ ਭਾਰਤ ਤੋਂ ਵੱਖ ਹੋਣ ਦਾ ਹੱਕ ਦੇਵੇਗਾ। ਉਹਨਾਂ ਕਿਹਾ ਕਿ ਇਹਨਾਂ ਚਾਰ ਸੂਬਿਆਂ ਦੇ ਲੋਕ ਕਈ ਦਹਾਕਿਆਂ ਤੋਂ ਦਿੱਲੀ ਦੇ ਗਲਬੇ ਨੂੰ ਰੱਦ ਕਰ ਚੁੱਕੇ ਹਨ ਅਤੇ ਸਵੈ-ਨਿਰਣੇ ਦੇ ਹੱਕ ਦੀ ਲੜਾਈ ਲੜ ਰਹੇ ਹਨ।
ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਦਸਤਾਰ ਨੂੰ ‘ਟੋਪੀ’ ਵਾਂਗ ਇਸਤੇਮਾਲ ਕਰਨ ਉਤੇ ਸਖਤ ਇਤਰਾਜ ਉਠਾਇਆ। ਉਹਨਾਂ ਕਿਹਾ ਕਿ ਬਾਦਲਕਿਆ ਨੇ ਮੋਦੀ ਦੇ ਸਿਰ ਉਤੇ ਬੱਝੀ ਦਸਤਾਰ ਰੱਖਵਾ ਕੇ ‘ਬਜਰ ਗਲਤੀ‘ ਕੀਤੀ ਹੈ। ਉਹਨਾਂ ਮੰਨਿਆ ਕਿ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਵੀ ਰਾਹੁਲ ਗਾਂਧੀ ਦੇ ਸਿਰ ਦਸਤਾਰ ਰੱਖਕੇ ਅਜਿਹੀ ਗਲਤੀ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਬਾਦਲਕੇ ਕਿਉਂ ਭੁੱਲਦੇ ਹਨ ਕਿ ਦਸਤਾਰ ਕੇਵਲ ਇੱਕ ਪੰਜਾਬੀ ਪਹਿਰਾਵੇ ਦਾ ਹੀ ਹਿੱਸਾ ਨਹੀ ਹੈ ਸਗੋਂ ਗੁਰੁੂ ਸਾਹਿਬ ਵਲੋਂ ਸਿੱਖਾਂ ਨੂੰ ਬਖਸ਼ਿਸ਼ ਕੀਤਾ ਗਿਆ ਇੱਕ ਧਾਰਮਿਕ ਚਿੰਨ੍ਹ ਵੀ ਹੈ।  ਉਹਨਾਂ ਦੁਖੀ ਮਨ ਨਾਲ ਕਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਪਰਧਾਨ ਦੇ ਪੱਦ, ਮੁੱਖ ਮੰਤਰੀ ਦੀ ਕੁਰਸੀ ਤੋਂ ਬੌਣੇ ਕਰ ਦਿੱਤੇ ਗਏ ਹਨ, ਜਿਸ ਕਰਕੇ ਦਸਤਾਰ ਦੀ ਮਹੱਤਤਾ ਅਤੇ ਪਵਿਤਰਤਾ ਨੂੰ ਭੰਗ ਕਰਨ ਵਾਲੀਆਂ ਰਾਜਨੀਤਿਕ ਧਿਰਾਂ ਖਿਲਾਫ ਕੋਈ ਕਾਰਵਾਈ ਨਹੀ ਹੋ ਰਹੀ। ਉਨ੍ਹਾਂ ਸੁਖਬੀਰ ਬਾਦਲ ਵਲੋਂ ਪੰਜਾਬ ਦੀਆਂ 13 ਸੀਟਾਂ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਜਿੱਤਣ ਦੇ ਦਮਗਜੇ ਉਤੇ ਸਖਤ ਟਿਪਣੀ ਕਰਦਿਆਂ ਕਿਹਾ ਕਿ ਜੇਕਰ ਅਕਾਲੀ ਦਲ ਨੇ ਮੋਦੀ ਦੀ 2002 ਗੁਜਰਾਤ ਕਤਲੇਆਮ ਵਿੱਚ ਮਿਲੀਭੁਗਤ ਨੂੰ ਅੱਖੋਂ-ਪਰੋਖੇ ਕਰਨ ਦਾ ਮਨ ਬਣਾ ਹੀ ਲਿਆ ਹੈ ਤਾਂ ਉਸ ਨੂੰ 1984 ਦਿੱਲੀ ਕਤਲੇਆਮ ਦੇ ਮੁੱਦੇ ’ਤੇ ਮਗਰਮੱਛ ਦੇ ਅਥਰੂ ਵਗਾਉਣੇ ਵੀ ਬੰਦ ਕਰ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਰਾਜੀਵ ਗਾਂਧੀ ਅਤੇ ਨਰਿੰਦਰ ਮੋਦੀ ਦੀ ਮੁਤੱਸਬੀ ਸੋਚ ਵਿੱਚ ਕੋਈ ਫਰਕ ਨਹੀਂ। ਦੋਨਾਂ ਨੇ ਕ੍ਰਮਵਾਰ 1984 ਅਤੇ 2002 ਕਤਲੇਆਮ ਦੀ ਸਾਜ਼ਿਸ਼ ਨੂੰ ਅੰਜ਼ਾਮ ਦਿਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਵੱਲੋਂ ਗੁਜਰਾਤ ਦੇ ਕਿਸਾਨਾਂ ਨੂੰ ਨਾ-ਉਜਾੜੇ ਜਾਣ ਦਾ ਦਾਅਵਾ ਖੋਖਲਾ ਅਤੇ ਸਿਆਸੀ ਸਟੰਟ ਤੋਂ ਵੱਧ ਕੁਝ ਨਹੀਂ ਜਾਪਦਾ ਹੈ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਬਾਅਦ ਪੰਜਾਬ ਦੇ ਲੋਕਾਂ ਅਤੇ ਗੁਜਰਾਤ ਦੇ ਕਿਸਾਨਾਂ ਦੇ ਸਾਹਮਣੇ ਮੋਦੀ ਦਾ ਧੋਖਾ ਜ਼ਾਹਿਰ ਹੋ ਹੀ ਜਾਵੇਗਾ।

Send this to a friend