ਅਨਿਲ ਜੋਸ਼ੀ ਵੱਲੋਂ ਐੱਮ. ਬੀ. ਬੀ. ਐੱਸ. ਕੋਰਸਾਂ ਦਾ ਸਮਾਂ ਨਾ ਵਧਾਉਣ ਦੀ ਅਪੀਲ

image  ਚੰਡੀਗੜ੍ਹ, 24 ਫਰਵਰੀ (ਪੀ.ਟੀ.)-ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਮੈਡੀਕਲ ਕੌਂਸਲ ਆਫ ਇੰਡੀਆ ਵੱਲੋਂ ਐਮ.ਬੀ.ਬੀ.ਐਸ. ਕੋਰਸ ਦਾ ਸਮਾਂ ਸਾਢੇ ਪੰਜ ਸਾਲ ਤੋਂ ਵਧਾ ਕੇ ਸਾਢੇ ਸੱਤਸਾਲ ਕਰਨ ਦੇ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਅਪੀਲ ਕੀਤੀ ਹੈ। ਸ੍ਰੀ ਜੋਸ਼ੀ ਨੇ ਹਾਲ ਦੀ ਘੜੀ ਐਮ.ਸੀ.ਆਈ. ਵੱਲੋਂ ਇਸ ਮਸਲੇ ਨੂੰ ਰੋਕੇ ਜਾਣ ’ਤੇ ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਾਰੇ ਪਹਿਲੂਆਂ ਨੂੰ ਗੌਰ ਨਾਲ ਵਿਚਾਰ ਲਿਆ ਜਾਵੇ ਤਾਂ ਜੋ ਵਿਦਿਆਰਥੀਆਂ ਦੇ ਭਵਿੱਖ ’ਤੇ ਕੋਈ ਉਲਟਾ ਅਸਰ ਨਾ ਪਵੇ ਅਤੇ ਇਸ ਮਹਾਨ ਕਿੱਤੇ ਪ੍ਰਤੀ ਉਤਸ਼ਾਹ ਵਿੱਚ ਘਾਟ ਨਾ ਆਵੇ। ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਸ੍ਰੀ ਜੋਸ਼ੀ ਨੇ ਕੋਰਸਾਂ ਦੌਰਾਨ ਇਹੋ ਜਿਹਾ ਵਾਧਾ

ਕਰਨ ਸਬੰਧੀ ਆਪਣੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਹੋ ਜਿਹਾ ਫੈਸਲਾ ਵਿਦਿਆਰਥੀਆਂ ਦੇ ਭਵਿੱਖ ਨੂੰ ਅੰਸ਼ਿਕ ਤੌਰ ’ਤੇ ਪ੍ਰਭਾਵਿਤ ਕਰੇਗਾ ਅਤੇ ਵਿਦਿਆਰਥੀਆਂ ਦਾ ਇਸ ਨੋਬਲ ਪੇਸ਼ੇ ਪ੍ਰਤੀ ਝੁਕਾਅ ਹੋਰ ਘੱਟ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਸੀ ਕਿ ਰੂਰਲ ਟ੍ਰੇਨਿੰਗ ਇਨਟਰਨਸ਼ਿਪ ਇੱਕ ਜ਼ਰੂਰੀ ਪਹਿਲੂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਟਰੇਨਿੰਗ ਮੈਨੇਜਮੈਂਟ ਇੰਜੀਨੀਅਰਿੰਗ ਅਤੇ ਲਾਅ ਵਰਗੇ ਕੋਰਸਾਂ ਵਿੱਚ ਨਹੀਂ ਹੈ ਅਤੇ ਮੈਡੀਕਲ ਸਿੱਖਿਆ ਵਿੱਚ ਵੀ ਸਿਲੇਬਸ ਨੂੰ ਇੱਕ ਨਵੇਂ ਢੰਗ ਨਾਲ ਵਿਚਾਰਨ ਦੀ ਲੋੜ ਹੈ ਜਿਸ ਵਿੱਚ ਕਿ ਇੱਕ ਸਾਲ ਦੀ ਇੰਨਟਰਨਸ਼ਿਪ ਦੇ ਦੌਰਾਨ ਹੀ ਸਿੱਖਿਆਰਥੀ ਰੂਰਲ ਟ੍ਰੇਨਿੰਗ ਕਰ ਲੈਣ। ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਜੇਕਰ ਇਸ ਕੋਰਸ ਦਾ ਸਮਾਂ ਸਾਢੇ ਸੱਤ ਸਾਲ ਕੀਤਾ ਜਾਂਦਾ ਹੈ ਤਾਂ ਸੂਬੇ ਦੇ ਵਿਦਿਆਰਥੀ ਹੋਰ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਇਸ ਕੋਰਸ ਨੂੰ ਕਰਨ ਲਈ ਪ੍ਰੇਰਿਤ ਹੋਣਗੇ ਅਤੇ ਮੁਲਕ ਵਿੱਚ ਮੁਹਾਰਤ ਦੀ ਤਜ਼ਾਰਤ (ਬਰੇਨ ਡਰੇਨ) ਵੀ ਹੋਵੇਗੀ।

Send this to a friend