ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਦੀ ਲੋੜ : ਠੰਡਲ

ਹੁਸ਼ਿਆਰਪੁਰ, 22 ਫਰਵਰੀ (ਹੀਰ)-ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 6000 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਹ ਵਿਚਾਰ ਮੁੱਖ ਪਾਰਲੀਮਾਨੀ ਸਕੱਤਰ ਸਿੰਚਾਈ ਵਿਭਾਗ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਸੰਧੂ ਫਾਰਮ (ਚੱਬੇਵਾਲ) ਵਿਖੇ 223 ਕਿਸਾਨਾਂ ਨੂੰ ਬਿਜਲੀ ਦੇ ਕੁਨੈਕਸ਼ਨ ਦੇ ਡਿਮਾਂਡ ਨੋਟਿਸ ਦੇਣ ਸਬੰਧੀ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।ਸ੍ਰ: ਠੰਡਲ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਲਈ ਕੁਨੈਕਸ਼ਨ ਦੇਣ ਸਬੰਧੀ 2007 ਦਾ ਸਾਰਾ ਬੈਕਲਾਗ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਪਾਣੀ ਦੀ ਫਜੂਲ ਵਰਤੋਂ ਨਾ ਕਰਨ ਲਈ ਕਿਹਾ ਕਿਉਂਕਿ ਜ਼ਿਆਦਾ ਮਾਤਰਾ ਵਿੱਚ ਟਿਊਬਵੈਲ ਲੱਗ ਜਾਣ ਕਰਕੇ ਪਾਣੀ ਦਾ ਧਰਤੀ ਹੇਠਲਾ ਪੱਧਰ ਬਹੁਤ ਡੂੰਘਾ ਹੋ ਗਿਆ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਪਾਣੀ ਦੀ ਸੰਜ਼ਮ ਨਾਲ ਵਰਤੋਂ ਕਰਨੀ ਚਾਹੀਦੀ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਨੂੰ ਬੜਾਵਾ ਦੇਣ ਲਈ ਖੇਤੀ ਕਰਜੇ

ਦੀ ਪ੍ਰਕ੍ਰਿਆ ਨੂੰ ਸਰਲ ਬਣਾਇਆ ਗਿਆ ਹੈ ਤਾਂ ਜੋ ਛੋਟੇ ਕਿਸਾਨ ਵੀ ਕਰਜਾ ਯੋਜਨਾਵਾਂ ਅਪਨਾ ਕੇ ਖੇਤੀ ਅਤੇ ਸਹਾਇਕ ਧੰਦਿਆਂ ਵਿੱਚ ਵਾਧਾ ਕਰਕੇ ਆਪਣਾ ਜੀਵਨ ਪੱਧਰ ਉਚਾ ਕਰ ਸਕਣ। ਉਨ੍ਹਾਂ ਕਿਹਾ ਕਿ ਖੇਤੀ ਸਿਰਫ਼ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੀ ਨਹੀਂ ਹੈ ਬਲਕਿ ਇਹ ਉਹ ਕਿੱਤਾ ਹੈ ਜਿਸ ਦੇ ਸਿਰ ਤੇ ਪੰਜਾਬ ਦੀ ਆਰਥਿਕਤਾ ਖੜੀ ਹੈ। ਪੰਜਾਬ ਇੱਕ ਉਹ ਸੂਬਾ ਹੈ ਜਿਸ ਨੇ ਦੇਸ਼ ਨੂੰ ਪਹਿਲੀ ਹਰੀ ਕ੍ਰਾਂਤੀ ਦੀ ਸੌਗਾਤ ਦਿੱਤੀ ਸੀ। ਪੰਜਾਬ ਨੂੰ ਦੇਸ਼ ਦੇ ਹਰਿਆਲੇ ਸੂਬੇ ਵਜੋ ਵੀ ਜਾਣਿਆ ਜਾਂਦਾ ਹੈ। ਪੰਜਾਬ ਦੇਸ਼ ਦਾ ਮੋਹਰੀ ਅਨਾਜ ਉਤਪਾਦਕ ਸੂਬਾ ਹੈ। ਉਨ੍ਹਾਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਹੋਣ ਦੇ ਨਾਲ-ਨਾਲ ਉਚ ਪੱਧਰ ਦੀ ਪੜਾਈ ਕਰਨ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਕੱਲ ਦੀ ਖੇਤੀਬਾੜੀ ਨੂੰ ਇੱਕ ਲਾਹੇਵੰਦ ਧੰਦਾ ਬਣਾਉਣ ਲਈ ਵੀ ਪੜ੍ਹੇ ਲਿਖੇ ਨੌਜਵਾਨ ਵਰਗ ਦੀ ਲੋੜ ਹੈ।
ਇਸ ਤੋਂ ਉਪਰੰਤ ਮੁੱਖ ਪਾਰਲੀਮਾਨੀ ਸਕੱਤਰ ਸਿੰਚਾਈ ਵਿਭਾਗ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ 11 ਲੱਖ ਰੁਪਏ ਦੇ ਚੈਕ ਵੀ ਤਕਸੀਮ ਕੀਤੇ ਜਿਨ੍ਹਾਂ ਵਿੱਚ ਪਿੰਡ ਬਸੀ ਕਲਾਂ, ਪੱਟੀ ਅਤੇ ਨੌਗਰਾਵਾਂ ਨੂੰ 3-3 ਲੱਖ ਅਤੇ ਪਿੰਡ ਬੋਹਣ ਨੂੰ 2 ਲੱਖ ਰੁਪਏ ਦੇ ਚੈਕ ਸ਼ਾਮਲ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਸ ਈ ਪਾਵਰ ਕਾਰਪੋਰੇਸ਼ਨ ਜਗਮੋਹਨ ਸਿੰਘ, ਐਕਸੀਅਨ ਹਰਮਿੰਦਰ ਸਿੰਘ, ਐਸ ਡੀ ਓ ਮਾਹਿਲਪੁਰ ਸੰਪੂਰਨ ਸਿੰਘ, ਐਸ ਡੀ ਓ ਕੋਟਫਤੂਹੀ ਜਗਤਾਰ ਸਿੰਘ, ਨਇਬ ਤਹਿਸੀਲਦਾਰ ਮਾਹਿਲਪੁਰ ਲਖਵਿੰਦਰ ਪਾਲ ਸਿੰਘ ਗਿੱਲ, ਸੁਰਿੰਦਰ ਪਾਲ ਸਿੰਘ ਸੰਧੂ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਿਰਮਲ ਸਿੰਘ ਭੀਲੋਵਾਲ, ਕੈਪਟਨ ਗੁਰਮੀਤ ਸਿੰਘ, ਅਵਤਾਰ ਸਿੰਘ ਸੀਣਾ, ਰਣਯੋਧ ਸਿੰਘ ਸੀਣਾ, ਭਾਰੀ ਗਿਣਤੀ ਵਿੱਚ ਕਿਸਾਨ ਅਤੇ ਇਲਾਵਾ ਨਿਵਾਸੀ ਹਾਜ਼ਰ ਸਨ।

Send this to a friend