ਨਵੀਂ ਦਿੱਲੀ, 22 ਫਰਵਰੀ (ਪੀ.ਟੀ.)-ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਦਿੱਤੇ ਪਹਿਲੇ ਇੰਟਰਵਿਊ ’ਚ ਕਿਹਾ ਕਿ ਇੱਕ ਦਿਨ ਉਹ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜਰੂਰ ਬਣਨਗੇ। ਲਾਲੂ ਯਾਦਵ ਨੇ ਉਨ੍ਹਾਂ ਦਲੀਲਾਂ ਨੂੰ ਵੀ ਪੂਰੀ ਤਰ੍ਹਾਂ ਨਾਲ ਬਕਵਾਸ ਦੱਸਿਆ ਕਿ ਕੋਰਟ ਦੁਆਰਾ ਦੋਸ਼ੀ ਕਰਾਰ ਦਿੱਤੇ ਜਾਣ ਨਾਲ ਪ੍ਰਧਾਨ ਮੰਤਰੀ ਪਦ ਦੀ ਉਨ੍ਹਾਂ ਦੀ ਇੱਛਾ ਨੂੰ ਵਿਰਾਮ ਲੱਗ ਚੁੱਕਾ ਹੈ। ਚਾਰਾ ਘੋਟਾਲੇ ਨਾਲ ਜੁੜੇ ਇੱਕ ਮਾਮਲੇ ’ਚ ਕੋਰਟ ਦੁਆਰਾ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਦੋ ਮਹੀਨੇ ਜੇਲ੍ਹ ’ਚ ਬਿਤਾ ਕੇ ਰਿਹਾਅ ਹੋਏ ਆਰਜੇਡੀ ਪ੍ਰਮੁੱਖ ਲਾਲੂ ਯਾਦਵ ਨੇ ਸ਼ੁੱਕਰਵਾਰ ਨੂੰ ਇਕ ਟੀਵੀ ਚੈਨਲ ਨੂੰ ਇੰਟਰਵਿਯੂ ਦਿੱਤਾ। ਲਾਲੂ ਨੇ ਕਿਹਾ ਕਿ ਮੇਰਾ ਰਾਜਨੀਤਕ ਕੈਰੀਅਰ ਖ਼ਤਮ ਨਹੀਂ ਹੋਇਆ ਹੈ। ਆਪਣੇ ਖਿਲਾਫ ਕਈ ਹੋਰ ਮਾਮਲਿਆਂ ਦੇ ਬਾਰੇ ’ਚ ਪੁੱਛੇ
ਜਾਣ ’ਤੇ ਲਾਲੂ ਨੇ ਕਿਹਾ ਕਿ ਉਹ ਨਿਰਦੋਸ਼ ਹਨ ਤੇ ਉਨ੍ਹਾਂ ਨੂੰ ਇਨਸਾਫ ਜਰੂਰ ਮਿਲੇਗਾ। ਲਾਲੂ ਯਾਦਵ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਚਾਰਾ ਘੋਟਾਲੇ ਮਾਮਲੇ ’ਚ ਗਲਤ ਤਰੀਕੇ ਨਾਲ 37. 7 ਕਰੋੜ ਰੁਪਏ ਕੱਢਣੇ ਦੇ ਮਾਮਲੇ ’ਚ 5 ਸਾਲ ਦੀ ਕੈਦ ਤੇ 25 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਸੁਪਰੀਮ ਕੋਰਟ ਦੇ ਇੱਕ ਫੈਸਲੇ ਦੀ ਵਜ੍ਹਾ ਨਾਲ ਉਹ ਸੰਸਦ ਦੀ ਮੈਂਬਰੀ ਗੁਆ ਬੈਠੇ ਹਨ, ਨਾਲ ਹੀ, ਅਗਲੇ 11 ਸਾਲ ਤੱਕ ਉਹ ਚੋਣ ਵੀ ਨਹੀਂ ਲੜ ਸਕਣਗੇ।